ਸਾਊਦੀ ਅਰਬ ‘ਚ 3.50 ਲੱਖ ਵਿਚ ਵੇਚੀ ਸਤਵੰਤ ਕੌਰ ਘਰ ਪਰਤੀ

ਸਾਊਦੀ ਅਰਬ ‘ਚ 3.50 ਲੱਖ ਵਿਚ ਵੇਚੀ ਸਤਵੰਤ ਕੌਰ ਘਰ ਪਰਤੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਜਲੰਧਰ ਦੇ ਨੂਰਮਹਿਲ ਦੀ ਨਿਵਾਸੀ ਸੁਖਵੰਤ ਕੌਰ, ਜਿਸ ਨੂੰ ਕਥਿਤ ਤੌਰ ‘ਤੇ ਸਾਊਦੀ ਅਰਬ ਵਿਚ ਜ਼ੁਲਮਾਂ ਦਾ ਸ਼ਿਕਾਰ ਹੋਣਾ ਪਿਆ, ਵਿਦੇਸ਼ ਮੰਤਰਾਲੇ ਦੀ ਦਖ਼ਲ ਅੰਦਾਜ਼ੀ ਤੋਂ ਬਾਅਦ ਵਤਨ ਪਰਤ ਆਈ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵਿੱਟਰ ਰਾਹੀਂ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸੁਖਵੰਤ ਕੌਰ ਵਾਪਸ ਭਾਰਤ ਪਹੁੰਚ ਗਈ ਹੈ। ਸੁਖਵੰਤ ਕੌਰ ਦੇ ਪਤੀ ਕੁਲਵੰਤ ਸਿੰਘ ਵੱਲੋਂ ਇਹ ਮਾਮਲਾ ਸੁਸ਼ਮਾ ਸਵਰਾਜ ਦੇ ਧਿਆਨ ਵਿਚ ਲਿਆਂਦਾ ਗਿਆ। ਕੁਲਵੰਤ ਸਿੰਘ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦੀ ਪਤਨੀ ਇਸ ਸਾਲ ਜਨਵਰੀ ਵਿਚ ਟੂਰਿਸਟ ਵੀਜ਼ੇ ‘ਤੇ ਗਈ ਸੀ, ਪਰ ਉਥੇ ਉਸ ਨੂੰ ਵੇਚ ਦਿੱਤਾ ਗਿਆ ਅਤੇ ਉਸ ਤੋਂ ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਸੀ। ਸੁਖਵੰਤ ਕੌਰ ਦਿੱਲੀ ਦੇ ਇਕ ਏਜੰਟ ਰਾਹੀਂ ਸਊਦੀ ਅਰਬ ਗਈ ਸੀ, ਜਿਥੇ ਇਕ ਹਫ਼ਤੇ ਤੱਕ ਉਹ ਆਪਣੇ ਪਰਿਵਾਰ ਦੇ ਸੰਪਰਕ ਵਿਚ ਰਹੀ, ਬਾਅਦ ਵਿਚ ਉਸ ਦਾ ਫੋਨ ਬੰਦ ਹੋ ਗਿਆ ਅਤੇ ਏਜੰਟ ਨੇ ਵੀ ਫੋਨ ਚੁੱਕਣਾ ਬੰਦ ਕਰ ਦਿੱਤਾ। ਕੁਲਵੰਤ ਸਿੰਘ ਮੁਤਾਬਕ 7 ਮਈ ਨੂੰ ਉਸ ਕੋਲ ਸਾਊਦੀ ਦੇ ਹਸਪਤਾਲ ਤੋਂ ਫੋਨ ਆਇਆ, ਜਿਸ ਵਿਚ ਦੱਸਿਆ ਗਿਆ ਕਿ ਮਾਨਸਿਕ ਅਤੇ ਸਰੀਰਕ ਤਸੀਹੇ ਦਿੱਤੇ ਜਾਣ ਕਾਰਨ ਸੁਖਵੰਤ ਕੌਰ 4 ਦਿਨਾਂ ਤੋਂ ਹਸਪਤਾਲ ਵਿਚ ਭਰਤੀ ਹੈ ਅਤੇ ਸਦਮੇ ਵਿਚ ਹੈ। ਸੁਸ਼ਮਾ ਸਵਰਾਜ ਨੇ ਟਵਿੱਟਰ ਰਾਹੀਂ ਮਾਮਲੇ ਨੂੰ ਉਨ੍ਹਾਂ ਦੀ ਜਾਣਕਾਰੀ ਵਿਚ ਲਿਆਉਣ ਲਈ ਧੰਨਵਾਦ ਕੀਤਾ। ਸੁਸ਼ਮਾ ਨੇ ਟਵਿੱਟਰ ‘ਤੇ ਅੰਗਰੇਜ਼ੀ ਦੇ ਅਖ਼ਬਾਰ ਦੀ ਉਹ ਖ਼ਬਰ ਵੀ ਸਾਂਝੀ ਕੀਤੀ, ਜਿਸ ਰਾਹੀਂ ਮਾਮਲੇ ਦੀ ਤਫ਼ਸੀਲ ਉਨ੍ਹਾਂ ਤੱਕ ਪਹੁੰਚੀ।
ਦੱਸਣਯੋਗ ਹੈ ਕਿ ਟਵਿੱਟਰ ‘ਤੇ ਸਰਗਰਮ ਅਤੇ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਮਦਦ ਲਈ ਫੌਰੀ ਕਦਮ ਚੁੱਕਣ ਲਈ ਸੁਸ਼ਮਾ ਸਵਰਾਜ ਕਾਫ਼ੀ ਮਕਬੂਲ ਹਨ। ਦੱਸਣਯੋਗ ਹੈ ਕਿ ਟਵਿੱਟਰ ‘ਤੇ ਸਰਗਰਮ ਅਤੇ ਵਿਦੇਸ਼ਾਂ ‘ਚ ਫਸੇ ਭਾਰਤੀਆਂ ਦੀ ਮਦਦ ਲਈ ਫੌਰੀ ਕਦਮ ਚੁੱਕਣ ਲਈ ਸੁਸ਼ਮਾ ਸਵਰਾਜ ਕਾਫ਼ੀ ਮਕਬੂਲ ਹਨ। ਹਾਲ ਵਿਚ ਪਾਕਿਸਤਾਨ ਤੋਂ ਪਰਤੀ ਉਜ਼ਮਾ ਦਾ ਮਾਮਲਾ ਵੀ ਕਾਫ਼ੀ ਸੁਰਖੀਆਂ ਵਿਚ ਰਿਹਾ, ਜਿਸ ਦਾ ਪਾਕਿਸਤਾਨਵਿ ਬੰਦੂਕ ਦੀ ਨੋਕ ‘ਤੇ ਨਿਕਾਹ ਕਰਵਾਇਆ ਗਿਆ ਸੀ। ਇਸਲਾਮਾਬਾਦ ਸਥਿਤ ਭਾਰਤੀ ਦੂਤਘਰ ਨੇ ਵੀ ਮਾਮਲੇ ਵਿਚ ਕਾਫ਼ੀ ਸਹਿਯੋਗ ਦਿੱਤਾ।
ਘਰ ਪੁੱਜਣ ‘ਤੇ ਹੋਇਆ ਨਿੱਘਾ ਸਵਾਗਤ :
ਰਾਜਾਸਾਂਸੀ : ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਪੁੱਜੀ ਸੁਖਵੰਤ ਕੌਰ ਪਤਨੀ ਕੁਲਵੰਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਪਰਿਵਾਰ ਨੂੰ ਕਰਜ਼ੇ ਦੀ ਦਲਦਲ ਵਿਚੋਂ ਕੱਢਣ ਲਈ ਕੁਝ ਮਹੀਨੇ ਪਹਿਲਾਂ ਸਾਉਦੀ ਅਰਬ ਗਈ ਸੀ ਪ੍ਰੰਤੂ ਉਸ ਨੂੰ ਆਪਣੇ ਲੁੱਟੇ-ਪੁੱਟੇ ਜਾਣ ਦਾ ਉਦੋਂ ਪਤਾ ਲੱਗਾ ਜਦ ਉਸ ਨੇ ਆਪਣੇ ਕੀਤੇ ਕੰਮ ਦਾ ਮਿਹਨਤਾਨਾ ਮੰਗਿਆ ਤਾਂ ਉਸ ਨੂੰ ਦੱਸਿਆ ਕਿ ਗਿਆ ਉਸ ਨੂੰ ਤਾਂ 3,50000 ਰੁਪਏ ਵਿਚ ਖੀ੍ਰਦਿਆ ਗਿਆ ਹੈ। ਉਸ ਨੇ ਦੱਸਿਆ ਕਿ ਵੈਸ਼ਨੋ ਹੋਣ ਦੇ ਬਾਵਜੂਦ ਉਸ ਨੂੰ ਮਾਸ ਖਾਣ ਲਈ ਮਜਬੂਰ ਕੀਤਾ ਜਾਂਦਾ ਸੀ। ਭਾਰਤ ਪੁੱਜਣ ‘ਤੇ ਉਸ ਨੇ ਉਸ ਦੀ ਮਦਦ ਕਰਨ ਵਾਲਿਆਂ ਦਾ ਧੰਨਵਾਦ ਕੀਤਾ।
ਕੈਪਟਨ ਨੇ ਸੁਸ਼ਮਾ ਦਾ ਕੀਤਾ ਧੰਨਵਾਦ :
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਵੰਤ ਕੌਰ ਦੀ ਸੁਰੱਖਿਅਤ ਵਤਨ ਵਾਪਸੀ ਲਈ ਸਹੂਲਤ ਮੁਹੱਈਆ ਕਰਵਾਉਣ ਵਾਸਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ ਕੀਤਾ ਹੈ। ਮੁੱਖ ਮੰਤਰੀ ਨੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਛੇਤੀ ਹੀ ਇੱਕ ਸਮਾਂਬੱਧ ਕਾਰਜ ਯੋਜਨਾ ਤਿਆਰੀ ਕਰੇਗੀ ਤਾਂ ਜੋ ਗ਼ੈਰਕਾਨੂੰਨੀ ਟ੍ਰੈਵਲ ਏਜੰਟਾਂ ਨੂੰ ਉਸ ਵਰਗੇ ਬੇਗੁਨਾਹ ਲੋਕਾਂ ਨਾਲ ਅਜਿਹਾ ਕਰਨ ਤੋਂ ਰੋਕਿਆ ਜਾ ਸਕੇ। ਸ੍ਰੀਮਤੀ ਸਵਰਾਜ ਨੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਸੀ ਅਤੇ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਗੈਰ ਕਾਨੂੰਨੀ ਏਜੰਟਾਂ ਨੂੰ ਨੱਥ ਪਾਉਣ ਲਈ ਕਿਹਾ ਸੀ। ਮੁੱਖ ਮੰਤਰੀ ਨੇ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਸੁਖਵੰਤ ਕੌਰ ਦੇ ਉਤਰਨ ਮੌਕੇ ਉਸ ਨੂੰ ਲੈਣ ਲਈ ਪੰਜਾਬ ਸਰਕਾਰ ਦੀ ਤਰਫੋਂ ਏ.ਡੀ.ਸੀ. ਅੰਮ੍ਰਿਤਸਰ ਦੀ ਡਿਊਟੀ ਲਾਈ ਸੀ।