ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ 25ਵੀਂ ਬਰਸੀ ਮਨਾਈ

ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ 25ਵੀਂ ਬਰਸੀ ਮਨਾਈ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੂਨ 1984 ਵਿਚ ਸਾਕਾ ਨੀਲਾ ਤਾਰਾ ਦੇ ਰੋਸ ਵਜੋਂ ਭਾਰਤੀ ਫ਼ੌਜ ਦੇ ਜਰਨੈਲ ਜਨਰਲ ਏ. ਐਸ. ਵੈਦਿਆ ਨੂੰ ਮਾਰਨ ਵਾਲੇ ਤੇ 9 ਅਕਤੂਬਰ 1992 ਨੂੰ ਹੱਸਦਿਆਂ ਹੋਇਆਂ ਫਾਂਸੀ ਦੇ ਰੱਸੇ ਚੁੰਮਣ ਵਾਲੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ 25ਵੀਂ ਬਰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਝੰਡੇ ਬੁੰਗੇ ਸਾਹਿਬ (ਨੇੜੇ ਨਿਸ਼ਾਨ ਸਾਹਿਬ) ਵਿਖੇ ਸ਼ਰਧਾ ਸਹਿਤ ਮਨਾਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਗਾਇਨ ਕੀਤਾ ਗਿਆ। ਇਸ ਮੌਕੇ ਸਿੱਖ ਕੌਮ ਦੇ ਦੋਵਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰ੍ਰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਦ ਵੀ ਕਿਸੇ ਨੇ ਬੇਹੁਰਮਤੀ ਕਰਨ ਦੀ ਕੋਸ਼ਿਸ਼ ਕੀਤੀ, ਸਿੰਘਾਂ ਨੇ ਬੜੀ ਦਲੇਰੀ ਨਾਲ ਜ਼ਾਲਮਾਂ ਨੂੰ ਸੋਧਾ ਲਾਇਆ ਹੈ ਤੇ ਜੇਕਰ ਅੱਗੋਂ ਵੀ ਕੋਈ ਅਜਿਹਾ ਕਰੇਗਾ, ਉਹ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸਿੰਘ ਸਾਹਿਬ ਨੇ ਭਾਈ ਜਿੰਦਾ ਦੇ ਭਰਾਤਾ ਭੁਪਿੰਦਰ ਸਿੰਘ ਭਿੰਦਾ, ਭੈਣ ਬੀਬੀ ਬਲਵਿੰਦਰ ਕੌਰ ਤੇ ਭਾਈ ਸੁੱਖਾ ਦੀ ਭਤੀਜੀ ਸਿਮਰਜੀਤ ਕੌਰ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਮੁੱਖ ਬੁਲਾਰੇ ਕੰਵਰਪਾਲ ਸਿੰਘ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ, ਦਮਦਮੀ ਟਕਸਾਲ ਦੇ ਬੁਲਾਰੇ ਅਜਾਇਬ ਸਿੰਘ ਅਭਿਆਸੀ, ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਭਾਈ ਨਿਰਮਲ ਸਿੰਘ, ਸਰਬਜੀਤ ਸਿੰਘ ਘੁੰਮਣ, ਮਨਜੀਤ ਸਿੰਘ ਭੋਮਾ, ਕਰਨੈਲ ਸਿੰਘ ਪੀਰ ਮੁਹੰਮਦ, ਸਤਨਾਮ ਸਿੰਘ ਕੰਡਾ ਹਾਜ਼ਰ ਸਨ।