ਜੀ-20 ਸੰਮੇਲਨ : ਮੋਦੀ ਤੇ ਜਿਨਪਿੰਗ ਨੇ ਗ਼ੈਰਰਸਮੀ ਮੀਟਿੰਗ ਵਿੱਚ ਕੀਤੀ ਦੁਵੱਲੇ ਮੁੱਦਿਆਂ ‘ਤੇ ਗੱਲਬਾਤ

ਜੀ-20 ਸੰਮੇਲਨ : ਮੋਦੀ ਤੇ ਜਿਨਪਿੰਗ ਨੇ ਗ਼ੈਰਰਸਮੀ ਮੀਟਿੰਗ ਵਿੱਚ ਕੀਤੀ ਦੁਵੱਲੇ ਮੁੱਦਿਆਂ ‘ਤੇ ਗੱਲਬਾਤ

ਕੈਪਸ਼ਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਹੈਮਬਰਗ (ਜਰਮਨੀ) ਵਿੱਚ ਇਕ-ਦੂਜੇ ਦਾ ਹਾਲ-ਚਾਲ ਪੁੱਛਦੇ ਹੋਏ। 

ਹੈਮਬਰਗ/ਬਿਊਰੋ ਨਿਊਜ਼ :
ਦੋਵਾਂ ਮੁਲਕਾਂ ਦਰਮਿਆਨ ਭਾਰੀ ਕਸ਼ਮਕਸ਼ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਥੇ ਮੁਲਾਕਾਤ ਕਰਦਿਆਂ ਹੱਥ ਮਿਲਾਏ ਅਤੇ ‘ਵੱਖ-ਵੱਖ ਮੁੱਦਿਆਂ’ ਉਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਦੀ ਇਹ ਮੁਲਾਕਾਤ ਜੀ20 ਸਿਖਰ ਸੰਮੇਲਨ ਦੌਰਾਨ ਵੱਖਰੇ ਤੌਰ ‘ਤੇ ਚੀਨ ਵੱਲੋਂ ਸੱਦੀ ਬ੍ਰਿਕਸ ਆਗੂਆਂ ਦੀ ਗ਼ੈਰਰਸਮੀ ਮੀਟਿੰਗ ਦੌਰਾਨ ਹੋਈ। ਇਸ ਮੌਕੇ ਦੋਵਾਂ ਆਗੂਆਂ ਨੇ ਇਕ-ਦੂਜੇ ਮੁਲਕ (ਭਾਰਤ ਤੇ ਚੀਨ) ਦੀ ਚੇਅਰਮੈਨੀ ਦੌਰਾਨ ਬ੍ਰਿਕਸ ਦੀ ਵਧੀਆ ਕਾਰਗੁਜ਼ਾਰੀ ਦੀ ‘ਸ਼ਲਾਘਾ’ ਕੀਤੀ।
ਮੋਦੀ-ਸ਼ੀ ਮੀਟਿੰਗ ਸਬੰਧੀ ਜਾਰੀ ਟਵੀਟ ਵਿੱਚ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੋਪਾਲ ਬਾਗਲੇ ਨੇ ਕਿਹਾ, ”ਹੈਮਬਰਗ ਵਿੱਚ ਚੀਨ ਦੀ ਮੇਜ਼ਬਾਨੀ ਵਾਲੀ ਬ੍ਰਿਕਸ ਆਗੂਆਂ ਦੀ ਗ਼ੈਰਰਸਮੀ ਇਕੱਤਰਤਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਦਰ ਸ਼ੀ ਨੇ ਵੱਖ-ਵੱਖ ਮੁੱਦਿਆਂ ਉਤੇ ਗੱਲਬਾਤ ਕੀਤੀ।” ਮੰਤਰਾਲੇ ਨੇ ਦੋਵੇਂ ਆਗੂਆਂ ਦੇ ਹੱਥ ਮਿਲਾਉਂਦੇ ਸਮੇਂ ਦੀ ਇਕ ਤਸਵੀਰ ਵੀ ਨਾਲ ਹੀ ਨਸ਼ਰ ਕੀਤੀ ਹੈ। ਮੀਟਿੰਗ ਇਸ ਕਾਰਨ ਕਾਫ਼ੀ ਅਹਿਮੀਅਤ ਰੱਖਦੀ ਹੈ ਕਿਉਂਕਿ ਇਕ ਦਿਨ ਪਹਿਲਾਂ ਹੀ ਚੀਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਸੀ ਕਿ ਜੀ20 ਸਿਖਰ ਸੰਮੇਲਨ ਦੌਰਾਨ ਸ੍ਰੀ ਮੋਦੀ ਤੇ ਸ੍ਰੀ ਸ਼ੀ ਦੀ ਦੁਵੱਲੀ ਮੁਲਾਕਾਤ ਲਈ ‘ਮਾਹੌਲ ਸਹੀ ਨਹੀਂ’ ਹੈ। ਗ਼ੌਰਤਲਬ ਹੈ ਕਿ ਦੋਵਾਂ ਮੁਲਕਾਂ ਦਰਮਿਆਨ ਸਿੱਕਿਮ ਵਿੱਚ ਭਾਰਤ, ਭੂਟਾਨ ਤੇ ਚੀਨ ਦੀ ਤਿੰਨ-ਧਿਰੀ ਸਰਹੱਦ ਉਤੇ ਡੋਕਾਲਾਮ ਵਿਖੇ ਚੀਨ ਵੱਲੋਂ ਜਬਰੀ ਸੜਕ ਬਣਾਉਣ ਦੀ ਕੋਸ਼ਿਸ਼ ਤੇ ਭਾਰਤੀ ਬੰਕਰ ਢਾਹੇ ਜਾਣ ਕਾਰਨ ਤਣਾਅ ਬਣਿਆ ਹੋਇਆ ਹੈ।
ਇਸ ਮੌਕੇ ਬ੍ਰਿਕਸ ਗਰੁੱਪ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੰਦਿਆਂ ਸ੍ਰੀ ਮੋਦੀ ਨੇ ਗਰੁੱਪ ਨੂੰ ਦਹਿਸ਼ਤਗਰਦੀ ਦੇ ਟਾਕਰੇ ਤੇ ਆਲਮੀ ਮਾਲੀ ਤਰੱਕੀ ਨੂੰ ਹੁਲਾਰਾ ਦੇਣ ਲਈ ਵੀ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਪੰਜ ਮੁਲਕੀ ਗਰੁੱਪ ਵਿੱਚ ਭਾਰਤ ਤੇ ਚੀਨ ਤੋਂ ਇਲਾਵਾ ਬ੍ਰਜ਼ੀਲ, ਰੂਸ ਅਤੇ ਦੱਖਣੀ ਅਫ਼ਰੀਕਾ ਵੀ ਹਨ। ਮੀਟਿੰਗ ਦੌਰਾਨ ਸਤੰਬਰ ਮਹੀਨੇ ਚੀਨ ਦੇ ਸ਼ਿਆਮੇਨ ਵਿੱਚ ਹੋਣ ਵਾਲੇ ਬ੍ਰਿਕਸ ਦੇ ਨੌਵੇਂ ਸਿਖਰ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ। ਗ਼ੌਰਤਲਬ ਹੈ ਕਿ ਇਸ ਵਕਤ ਬ੍ਰਿਕਸ ਦੀ ਚੇਅਰਮੈਨੀ ਚੀਨ ਕੋਲ ਹੈ ਤੇ ਇਸ ਤੋਂ ਪਹਿਲਾਂ ਭਾਰਤ ਕੋਲ ਸੀ।
ਸ੍ਰੀ ਮੋਦੀ ਨੇ ਮੀਟਿੰਗ ਦੀ ਮੇਜ਼ਬਾਨੀ ਤੇ ਆਪਣੇ ਸਵਾਗਤ ਲਈ ਸ੍ਰੀ ਸ਼ੀ ਦਾ ਧੰਨਵਾਦ ਕਰਦਿਆਂ ਕਿਹਾ, ”ਸ੍ਰੀ ਸ਼ੀ ਦੀ ਚੇਅਰਮੈਨਸ਼ਿਪ ਹੇਠ ਬ੍ਰਿਕਸ ਦੀ ਤਰੱਕੀ ਤੇ ਹਾਂਪੱਖੀ ਪੇਸ਼ਕਦਮੀ ਨੇ ਸਾਡੇ ਸਹਿਯੋਗ ਨੂੰ ਹੋਰ ਵਧਾਇਆ ਹੈ।” ਹਿੰਦੀ ਵਿੱਚ ਬੋਲਦਿਆਂ ਉਨ੍ਹਾਂ ਕਿਹਾ, ”ਆਖ਼ਰ ਵਿੱਚ ਮੈਂ ਆਗਾਮੀ ਨੌਵੇਂ ਬ੍ਰਿਕਸ ਸਿਖਰ ਸੰਮੇਲਨ ਲਈ ਸਦਰ ਸ਼ੀ ਜਿਨਪਿੰਗ ਨੂੰ ਸ਼ੁਭ ਕਾਮਨਾਵਾਂ ਤੇ ਪੂਰੇ ਸਹਿਯੋਗ ਦਾ ਭਰੋਸਾ ਦਿੰਦਾ ਹਾਂ।” ਸ੍ਰੀ ਮੋਦੀ ਤੋਂ ਫੌਰੀ ਬਾਅਦ ਆਪਣੇ ਸਮਾਪਨ ਸੰਬੋਧਨ ਵਿੱਚ ਸ੍ਰੀ ਸ਼ੀ ਨੇ ਵੀ ਦਹਿਸ਼ਤਗਰਦੀ ਖ਼ਿਲਾਫ਼ ਭਾਰਤ ਦੇ ਸਖ਼ਤ ਸਟੈਂਡ ਦੀ ਸ਼ਲਾਘਾ ਕੀਤੀ ਅਤੇ 2016 ਵਿੱਚ ਗੋਆ ‘ਚ ਹੋਏ ਬ੍ਰਿਕਸ ਸਿਖਰ ਸੰਮੇਲਨ ਰਾਹੀਂ ਗਰੁੱਪ ਦੀ ਭਾਰਤ ਦੀ ਚੇਅਰਮੈਨੀ ਵਿਚ ਹੋਈ ਪੇਸ਼ਕਦਮੀ ਦੀ ਸ਼ਲਾਘਾ ਕੀਤੀ।
ਸ੍ਰੀ ਮੋਦੀ ਨੇ ਕਿਹਾ ਕਿ ਬ੍ਰਿਕਸ ਇਕ ਮਜ਼ਬੂਤ ਗਰੁੱਪ ਹੈ ਤੇ ਇਸ ਨੂੰ ਆਲਮੀ ਅਰਥਚਾਰੇ ਦੀ ਹਾਲਤ ਸੁਧਾਰਨ ਲਈ ਕੰਮ ਕਰਨਾ ਜ਼ਰੂਰੀ ਹੈ। ਉਨ੍ਹਾਂ ਵਾਤਾਵਰਨ ਸੰਭਾਲ ਲਈ ਪੈਰਿਸ ਸਮਝੌਤੇ ਨੂੰ ਵੀ ਹੂ-ਬ-ਹੂ ਲਾਗੂ ਕਰਨ ਲਈ ਭਾਰਤੀ ਵਚਨਬੱਧਤਾ ਦਾ ਇਜ਼ਹਾਰ ਕੀਤਾ।

ਮੋਦੀ ਵੱਲੋਂ ਪਾਕਿ ‘ਤੇ ਵਾਰ
ਪਾਕਿਸਤਾਨ ਆਧਾਰਤ ਦਹਿਸ਼ਤੀ ਗਰੁੱਪਾਂ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਦਾ ਸਿੱਧਾ ਨਾਂ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁਝ ਮੁਲਕਾਂ ਵੱਲੋਂ ਦਹਿਸ਼ਤਗਰਦੀ ਨੂੰ ਸਿਆਸੀ ਹਿੱਤ ਸਾਧਣ ਲਈ ਸਾਧਨ ਵਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਜੀ20 ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਮੁਲਕਾਂ ਨੂੰ ‘ਰੋਕਣ’ ਲਈ ਸਾਂਝੀ ਕਾਰਵਾਈ ਕਰਨ। ਜਰਮਨੀ ਦੇ ਇਸ ਸ਼ਹਿਰ ਵਿੱਚ ਜੀ20 ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਨੂੰ ਵੀ ਆਈਐਸਆਈਐਸ ਅਤੇ ਅਲ-ਕਾਇਦਾ ਦੇ ਬਰਾਬਰ ਖ਼ਤਰਨਾਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਨਾਂ ਵੱਖੋ-ਵੱਖ ਹੋ ਸਕਦੇ ਹਨ ਪਰ ਵਿਚਾਰਧਾਰਾ ਇਕ ਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਰਗੇ ਆਗੂਆਂ ਦੀ ਹਾਜ਼ਰੀ ਵਿੱਚ ਬੋਲਦਿਆਂ ਸ੍ਰੀ ਮੋਦੀ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਦਹਿਸ਼ਤਗਰਦੀ ਪ੍ਰਤੀ ਕੌਮਾਂਤਰੀ ਹੁੰਗਾਰਾ ਕਮਜ਼ੋਰ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਮੱਸਿਆ ਦੇ ਟਾਕਰੇ ਲਈ ਵਧੇਰੇ ਮਿਲਵਰਤਣ ਦੀ ਲੋੜ ਹੈ। ਇਸ ਮਕਸਦ ਲਈ ਉਨ੍ਹਾਂ ਇਕ 11-ਨੁਕਾਤੀ ‘ਐਕਸ਼ਨ ਏਜੰਡਾ’ ਪੇਸ਼ ਕੀਤਾ।

ਰਾਹੁਲ ਨੇ ਪੁੱਛਿਆ-ਚੀਨੀ ਘੁਸਪੈਠ ‘ਤੇ ਮੋਦੀ ਚੁੱਪ ਕਿਉਂ :
ਨਵੀਂ ਦਿੱਲੀ: ਚੀਨ ਵੱਲੋਂ ਭਾਰਤ ਵਿੱਚ ਕੀਤੀ ਜਾ ਰਹੀ ਘੁਸਪੈਠ ਨੂੰ ‘ਨਜ਼ਰਅੰਦਾਜ਼’ ਕਰਨ ਲਈ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਜ਼ੋਰਦਾਰ ਨੁਕਤਾਚੀਨੀ ਕੀਤੀ ਹੈ। ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਟਵਿੱਟਰ ਰਾਹੀਂ ਇਸ ਮੁੱਦੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਖ਼ਾਮੋਸ਼ੀ’ ਉਤੇ ਸਵਾਲ ਉਠਾਇਆ ਹੈ। ਆਪਣੀ ਵੈਸਬਾਈਟ ਉਤੇ ਨਸ਼ਰ ਲੇਖ ਰਾਹੀਂ ਵੀ ਕਾਂਗਰਸ ਨੇ ਕਿਹਾ ਕਿ ਸ੍ਰੀ ਮੋਦੀ ਦੀ ਵਿਦੇਸ਼ ਨੀਤੀ ‘ਛੁੱਟੀਆਂ ਵਿਚ ਘੁੰਮਣ-ਫਿਰਨ ਵਾਲੀਆਂ ਥਾਵਾਂ ਅਤੇ ਫੋਟੋਆਂ ਖਿਚਵਾਉਣ’ ਰਾਹੀਂ ਪ੍ਰੀਭਾਸ਼ਤ ਹੁੰਦੀ ਹੈ, ਦੇਸ਼ ਦੇ ਹਿੱਤਾਂ ਲਈ ਨਹੀਂ।