ਟਕਸਾਲ ਦੇ 15ਵੇਂ ਮੁਖੀ ਬਾਬਾ ਠਾਕੁਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਸਥਾਪਤ

ਟਕਸਾਲ ਦੇ 15ਵੇਂ ਮੁਖੀ ਬਾਬਾ ਠਾਕੁਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਸਥਾਪਤ

ਅੰਮ੍ਰਿਤਸਰ/ਬਿਊਰੋ ਨਿਊਜ਼ :
ਦਮਦਮੀ ਟਕਸਾਲ ਦੇ 15ਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਦੀ ਤਸਵੀਰ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕੀਤੀ ਗਈ। ਇਸ ਮੌਕੇ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਨਿਭਾਈ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਦੇ ਜਥੇ ਵੱਲੋਂ ਕੀਰਤਨ ਸਰਵਣ ਕਰਵਾਇਆ ਗਿਆ ਤੇ ਅਰਦਾਸੀਏ ਭਾਈ ਰਾਜਦੀਪ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰੋ. ਬਡੂੰਗਰ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਵਿਚ ਉਨ੍ਹਾਂ ਸੰਤਾਂ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਹਨ ਜਿਨ੍ਹਾਂ ਕੌਮ ਦੀ ਭਲਾਈ ਲਈ ਵੱਡੇ ਕਾਰਜ ਕੀਤੇ ਹੁੰਦੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਤਸਵੀਰਾਂ ਤੋਂ ਸੇਧ ਪ੍ਰਾਪਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੇ 15ਵੇਂ ਮੁਖੀ ਬਾਬਾ ਠਾਕੁਰ ਸਿੰਘ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਿੱਖ ਸੰਗਤਾਂ ਨੂੰ ਸਮੇਂ-ਸਮੇਂ ਗੁਰੂ ਵਾਲੇ ਬਣਨ ਲਈ ਪ੍ਰੇਰਿਆ। ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਬਾਬਾ ਠਾਕੁਰ ਸਿੰਘ ਦੀ ਤਸਵੀਰ ਲਗਾਉਣ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਨਾਲ ਜੋੜਿਆ ਅਤੇ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕੀਤਾ।