ਦਹਿਸ਼ਤਗਰਦ ਦੇ ਜਨਾਜੇ ‘ਚ ਪਹੁੰਚੇ 12 ਅਵਿਤਾਦੀ, ਸਲਾਮੀ ਦੇਣ ਲਈ ਸ਼ਰੇਆਮ ਚਲਾਈਆਂ ਗੋਲੀਆਂ

ਦਹਿਸ਼ਤਗਰਦ ਦੇ ਜਨਾਜੇ ‘ਚ ਪਹੁੰਚੇ 12 ਅਵਿਤਾਦੀ, ਸਲਾਮੀ ਦੇਣ ਲਈ ਸ਼ਰੇਆਮ ਚਲਾਈਆਂ ਗੋਲੀਆਂ
ਕੈਪਸ਼ਨ-ਦੱਖਣੀ ਕੁਲਗਾਮ ਜ਼ਿਲ੍ਹੇ ਵਿੱਚ ਕਾਈਮੋਹ ਵਿਖੇ ਮ੍ਰਿਤਕ ਸਾਥੀ ਦੀਆਂ ਅੰਤਮ ਰਸਮਾਂ ਮੌਕੇ ਬੰਦੂਕ ਲਹਿਰਾ ਕੇ ਨਾਅਰੇ ਮਾਰਦਾ ਇਕ ਅਤਿਵਾਦੀ। 

 

ਸ੍ਰੀਨਗਰ/ਬਿਊਰੋ ਨਿਊਜ਼ :
ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ 12 ਅਤਿਵਾਦੀਆਂ ਦਾ ਇਕ ਗਰੁੱਪ ਆਪਣੇ ਮ੍ਰਿਤਕ ਸਾਥੀ ਦੀਆਂ ਅੰਤਮ ਰਸਮਾਂ ਮੌਕੇ ਹਾਜ਼ਰ ਹੋਇਆ ਅਤੇ ਬੰਦੂਕਾਂ ਦੀ ਸਲਾਮੀ ਵਾਂਗ ਗੋਲੀਆਂ ਚਲਾਈਆਂ। ਉਨ੍ਹਾਂ ਨੇ ਏ.ਕੇ.-47 ਰਾਈਫ਼ਲਜ਼ ਨਾਲ ਹਵਾਈ ਫਾਇਰ ਕੀਤੇ ਅਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਕਰਦੇ ਰਹੇ। ਜਦੋਂ ਤਕ ਫੋਰਸ ਪੁੱਜੀ, ਸਾਰੇ ਉਥੋਂ ਆਰਾਮ ਨਾਲ ਚਲੇ ਗਏ।
ਇਹ ਘਟਨਾ ਕੁਲਗਾਮ ਦੇ ਕਾਈਮੋਹ ਇਲਾਕੇ ਦੇ ਵਾਸੀ ਫਯਾਜ਼ ਅਹਿਮਦ ਉਰਫ਼ ਸੇਠਾ ਦੀਆਂ ਅੰਤਮ ਰਸਮਾਂ ਮੌਕੇ ਵਾਪਰੀ। ਮੀਰ ਬਾਜ਼ਾਰ ਇਲਾਕੇ ਵਿੱਚ ਸੜਕ ਹਾਦਸੇ ਦੀ ਜਾਂਚ ਲਈ ਗਈ ਪੁਲੀਸ ਪਾਰਟੀ ਉਤੇ ਅਤਿਵਾਦੀਆਂ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਮਗਰੋਂ ਸੁਰੱਖਿਆ ਦਸਤਿਆਂ ਦੀ ਜਵਾਬੀ ਕਾਰਵਾਈ ਵਿੱਚ ਫਯਾਜ਼ ਮਾਰਿਆ ਗਿਆ। ਊਧਮਪੁਰ ਅਤਿਵਾਦੀ ਹਮਲੇ ਵਿੱਚ ਨਾਂ ਆਉਣ ਮਗਰੋਂ ਅਹਿਮਦ ਅਗਸਤ 2015 ਤੋਂ ਫਰਾਰ ਸੀ।
34 ਟੀਵੀ ਚੈਨਲਾਂ ਦਾ ਪ੍ਰਸਾਰਨ ਰੋਕਣ ਦੇ ਹੁਕਮ :
ਜੰਮੂ-ਕਸ਼ਮੀਰ ਸਰਕਾਰ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ 34 ਟੀਵੀ ਚੈਨਲਾਂ ਦੀ ਟਰਾਂਸਮਿਸ਼ਨ ਖ਼ਿਲਾਫ਼ ਕਦਮ ਚੁੱਕਣ ਲਈ ਕਿਹਾ ਹੈ। ਇਨ੍ਹਾਂ ਵਿੱਚ ਪਾਕਿਸਤਾਨ ਤੇ ਸਾਊਦੀ ਅਰਬ ਦੇ ਚੈਨਲ ਸ਼ਾਮਲ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਚੈਨਲ ਹਿੰਸਾ ਭੜਕਾਉਣ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਲਈ ਖ਼ਤਰਾ ਖੜ੍ਹਾ ਕਰਨ ਦੇ ਸਮਰੱਥ ਹਨ। ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰ ਨੂੰ ਪਾਕਿਸਤਾਨੀ ਤੇ ਸਾਊਦੀ ਅਰਬ ਦੇ ਅਣਅਧਿਕਾਰਤ ਚੈਨਲਾਂ ਦਾ ਪ੍ਰਸਾਰਨ ਰੋਕਣ ਲਈ ਫੌਰੀ ਢੁਕਵੇਂ ਕਦਮ ਚੁੱਕਣ ਦੀ ਹਦਾਇਤ ਕਰਨ ਮਗਰੋਂ ਡਿਪਟੀ ਕਮਿਸ਼ਨਰਾਂ ਨੂੰ ਇਹ ਹੁਕਮ ਚਾੜ੍ਹੇ ਗਏ। ਰਿਪੋਰਟਾਂ ਹਨ ਕਿ ਵਾਦੀ ਵਿੱੱਚ ਕੇਬਲ ਅਪਰੇਟਰ ਕੁਝ ਅਜਿਹੇ ਟੀਵੀ ਚੈਨਲ ਚਲਾ ਰਹੇ ਹਨ, ਜਿਨ੍ਹਾਂ ਦੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਪ੍ਰਵਾਨਗੀ ਨਹੀਂ ਦਿੱਤੀ।
ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ.ਕੇ. ਗੋਇਲ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤਾ ਕਿ ਪ੍ਰਵਾਨਗੀ ਤੋਂ ਬਗ਼ੈਰ ਟੀਵੀ ਚੈਨਲਾਂ ਦੀ ਟਰਾਂਸਮਿਸ਼ਨ ਕਰਨਾ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ, ਸਗੋਂ ਇਹ ਚੈਨਲ ਵਾਦੀ ਵਿੱਚ ਕਾਨੂੰਨ ਵਿਵਸਥਾ ਦੀ ਸਮੱਸਿਆ ਖੜ੍ਹੀ ਕਰ ਸਕਦੇ ਹਨ। ਇਨ੍ਹਾਂ ਟੀਵੀ ਚੈਨਲਾਂ ਦਾ ਪ੍ਰਸਾਰਨ ‘ਕੇਬਲ ਟੀਵੀ ਨੈੱਟਵਰਕਸ ਰੈਗੂਲੇਸ਼ਨ ਨਿਯਮਾਂ’ ਦੀ ਉਲੰਘਣਾ ਹੈ।