ਕਾਂਗਰਸ ਸਰਕਾਰ ਦੇ 100 ਦਿਨ ਪੂਰੇ : ਕੈਪਟਨ ਨੇ ਗਿਣਵਾਈਆਂ ਪ੍ਰਾਪਤੀਆਂ, ਕੁੱਝ ਵਾਅਦਿਆਂ ਤੋਂ ਪਿੱਛੇ ਹਟੇ

ਕਾਂਗਰਸ ਸਰਕਾਰ ਦੇ 100 ਦਿਨ ਪੂਰੇ : ਕੈਪਟਨ ਨੇ ਗਿਣਵਾਈਆਂ ਪ੍ਰਾਪਤੀਆਂ, ਕੁੱਝ ਵਾਅਦਿਆਂ ਤੋਂ ਪਿੱਛੇ ਹਟੇ

ਕਿਸਾਨਾਂ ਦੇ ਫਸਲੀ ਕਰਜ਼ੇ ਹੀ ਮਾਫ ਹੋਣਗੇ, ਕੇਬਲ ਮਾਫ਼ੀਆ ਵਿਰੁੱਧ ਅਥਾਰਟੀ ਨਹੀਂ ਬਣੇਗੀ
ਚੰਡੀਗੜ੍ਹ/ਬਿਊਰੋ ਨਿਊਜ਼:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਿਹਾ ਹੈ ਕਿਸਾਨਾਂ ਦੇ ਸਿਰਫ਼ ਫਸਲੀ ਕਰਜ਼ੇ ਹੀ ਮਾਫ ਹੋਣਗੇ। ਜਦੋਂ ਕਿ ਬਾਦਲਾਂ ਦੇ ਖ਼ਾਸ ਬੰਦਿਆਂ ਦੇ ਫਾਸਟ ਵੇਅ ਕੇਬਲ ਨੈਟਵਰਕ ਵਲੋਂ ਕਥਿੱਤ ਤੌਰ ਉੱਤੇ ਕੀਤੀਆਂ ਕਰੋੜਾਂ ਰੁਪਈਆਂ ਦੀਆਂ ਧਾਂਦਲੀਆਂ ਬਾਰੇ ਕੈਪਟਨ ਨੇ ਅਸਿੱਧੇ ਰੂਪ ਵਿੱਚ ਮਾਲਕਾਂ ਦਾ ਪੱਖ ਲੈਂਦਿਆਂ ਕਿਹਾ ਕਿ ਕੇਬਲ ਮਾਫ਼ੀਆ ਵਿਰੁੱਧ ਅਥਾਰਟੀ ਨਹੀਂ ਬਣੇਗੀ।
ਕਾਂਗਰਸ ਸਰਕਾਰ ਦੇ 100 ਦਿਨ ਪੂਰੇ ਹੋਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਇੱਥੇ ਆਪਣੀ ਪ੍ਰਾਪਤੀਆਂ ਨੂੰ ਮੀਡੀਆ ‘ਚ ਰੱਖਦਿਆਂ ਜਿੱਥੇ ਪ੍ਰਾਪਤੀਆਂ ਗਿਣਵਾਈਆਂ, ਉਥੇ ਉਹ ਚੋਣਾਂ ਦੌਰਾਨ ਕੀਤੇ ਅਪਣੇ ਕੁੱਝ ਵਾਅਦਿਆਂ ਤੋਂ ਪਿੱਛੇ ਵੀ ਹਟ ਗਏ।
ਪੰਜਾਬ ਵਿੱਚ ਇੱਕ ਕੇਬਲ ਨੈੱਟਵਰਕ ਅਤੇ ਮੀਡੀਆ ਚੈਨਲ ਦੀ ਸਰਦਾਰੀ ਹੋਣ ਕਾਰਨ ਇੱਕ ਪਾਸੜ ਖ਼ਬਰਾਂ ਦੇ ਰੁਝਾਨ ਸਬੰਧੀ ਇੱਕ ਸਵਾਲ ਦਾ ਜਵਾਬ ਦਿੰੋਦਆਂ ਕੈਪਟਨ ਨੇ ਕਿਹਾ ਕਿ ਕੇਬਲ ਮਾਫੀਆ ‘ਤੇ ਨੱਥ ਪਾਉਣ ਲਈ ਕੋਈ ਅਥਾਰਟੀ ਨਹੀਂ ਬਣੇਗੀ। ਪੰਜਾਬ ‘ਚ ਕੋਈ ਵੀ ਕੰਪਨੀ ਆਪਣਾ ਚੈਨਲ ਚਲਾ ਸਕਦੀ ਹੈ। ਤਿੰਨ ਨਵੇਂ ਚੈਨਲ ਪਹਿਲਾਂ ਤੋਂ ਹੀ ਲਾਂਚ ਹੋਏ ਹਨ, ਹੁਣ ਕਿਸੇ ਨੂੰ ਕੋਈ ਨਹੀਂ ਰੋਕ ਰਿਹਾ ਹੈ। ਇਸ ਨਾਲ ਅਜ਼ਾਰੇਦਾਰੀ ਆਪਣੇ ਆਪ ਟੁੱਟ ਰਹੀ ਹੈ, ਜਦਕਿ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਅਥਾਰਟੀ ਬਣਾਉਣ ਦਾ ਵਾਅਦਾ ਕੀਤਾ ਸੀ, ਤਾਂ ਕਿ ਕੋਈ ਇਕ ਵਿਅਕਤੀ ਇਸ ‘ਤੇ ਮਨੋਪਲੀ ਨਾ ਕਰ ਸਕੇ।
ਦਿਲਚਸਪ ਗੱਲ ਇਹ ਹੈ ਕਿ 10 ਦਿਨ ਪਹਿਲਾਂ ਵਿਧਾਨ ਸਭਾ ‘ਚ ਸਭਿਆਚਾਰਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਬਲ ਵਾਲਿਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਸੀ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਨਿਯਮਾਂ ਨੂੰ ਛਿੱਕੇ ਟੰਗ ਕੇ ਕੇਬਲ ਕੰਪਨੀ ਨੇ ਸਰਕਾਰ ਨੂੰ 684 ਕਰੋੜ ਰਪੁਏ ਦਾ ਚੂਨਾ ਲਗਾਇਆ ਹੈ। ਜੇ ਮੁੱਖ ਮੰਤਰੀ ਹੁਕਮ ਦੇਣ ਤਾਂ ਇਸ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਨੇ ਵਿਜੀਲੈਂਸ ਜਾਂਚ ਦੇ ਆਦੇਸ਼ ਨਹੀਂ ਦਿੱਤੇ ਹਨ। ਕਿਸਾਨਾਂ ਦੇ ਕਰਜ਼ੇ ਮਾਫੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਖੇਤੀ ਨਾਲ ਸਬੰਧਤ ਕਰਜ਼ੇ ਹੀ ਸਰਕਾਰ ਮਾਫ਼ ਕਰੇਗੀ। ਕਿਸੇ ਹੋਰ ਚੀਜ ਲਈ ਲਏ ਗਏ ਕਰਜ਼ੇ ਦਾ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ। ਆੜਤੀਆਂ ਦੇ ਕਰਜ਼ਿਆਂ ‘ਤੇ ਵੀ ਉਨ੍ਹਾਂ ਨੇ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਚੋਣਾਂ ‘ਚ ਕੈਪਟਨ ਨੇ ਸਾਰੇ ਕਰਜ਼ੇ ਮਾਫ ਕਰਨ ਦਾ ਵਾਅਦਾ ਕੀਤਾ ਸੀ।

‘ਹਰ ਘਰ ਨੌਕਰੀ’ ਦੀ ਸ਼ੁਰੂਆਤ ਖੂਨੀਮਾਜਰਾ ‘ਚ ‘ਜਾਬ ਫੈਸਟ’ ਤੋਂ :
ਕੈਪਟਨ ਨੇ ਕਿਹਾ ਕਿ ‘ਹਰ ਘਰ ਨੌਕਰੀ’ ਦੀ ਸ਼ੁਰੂਆਤ ਖੂਨੀਮਾਜਰਾ ਖਰੜ ਵਿਚ ਅਗਸਤ ‘ਚ ਲੱਗਣ ਵਾਲੇ ਜਾਬ ਫੈਸਟ ਤੋਂ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵਿੱਤੀ ਹਾਲਤ ਖਰਾਬ ਹੈ, ਫਿਰ ਵੀ ਅਸੀਂ ਸੀਮਤ ਸਰੋਤਾਂ ਨਾਲ ਖਾਲੀ ਪਈਆਂ ਅਧਿਆਪਕਾਂ ਅਤੇ ਡਾਕਟਰਾਂ ਦੀਆਂ ਪੋਸਟਾਂ ਭਰਾਂਗੇ।

ਨਿੱਜੀ ਕਾਲਜਾਂ ਦੀ ਫੀਸ ‘ਤੇ ਨਜ਼ਰ ਰੱਖਣ ਲਈ ਅਥਾਰਟੀ ਬਣੇਗੀ :
ਕੈਪਟਨ ਨੇ ਕਿਹਾ ਕਿ ਸਿੱਖਿਆ ਦੇ ਨਾਂ ‘ਤੇ ਚਲ ਰਿਹਾ ਧੰਦਾ ਬੰਦਾ ਕਰਾਂਗੇ। ਸਰਕਾਰ ਛੇਤੀ ਹੀ ਪ੍ਰਾਈਵੇਟ ਕਾਲਜਾਂ ਜਾਂ ਯੂਨੀਵਰਸਿਟੀਆਂ ਆਦਿ ਦੇ ਸਿਲੇਬਸ, ਫੀਸ, ਇਨਫਰਾਸਟਰੱਕਚਰ ਅਤੇ ਟੀਚਿੰਗ ਫੈਕਲਟੀ ‘ਤੇ ਨਜ਼ਰ ਰੱਖਣ ਲਈ ਰੈਗੁਲੇਟਰੀ ਅਥਾਰਟੀ ਬਣਾਏਗੀ।

ਗ੍ਰਾਊਂਡ ਵਾਟਰ ਰਿਵਾਇਵਲ ਲਈ ਨਵਾਂ ਵਿਭਾਗ ਬਣਾਵਾਂਗੇ :
ਧਰਤੀ ਹੇਠਲੇ ਪਾਣੀ ‘ਤੇ ਚਿੰਤਾ ਜਤਾਉਂਦਿਆਂ ਕੈਪਟਨ ਨੇ ਕਿਹਾ ਕਿ ਰਿਵਾਇਵਲ ਲਈ ਗ੍ਰਾਊਂਡ ਵਾਟਰ ਮੈਨੇਜਮੈਂਟ ਵਿਭਾਗ ਬਣਾਵਾਂਗੇ। ਰੇਨ ਵਾਟਰ ਹਾਰਵੈਸਟਿੰਗ ਸਿਸਟਮ ਨੂੰ ਮੈਂਡੇਟਰੀ ਬਣਾਇਆ ਜਾਵੇਗਾ।
ਐਨ.ਆਰ.ਆਈ. ਅਤੇ ਫ਼ੌਜੀਆਂ ਦੇ ਮਾਮਲਿਆਂ ਲਈ ਵਿਸ਼ੇਸ਼ ਅਦਾਲਤ :
ਐਨ.ਆਰ.ਆਈ. ਅਤੇ ਫ਼ੌਜੀਆਂ ਦੇ ਮਾਮਲਿਆਂ ਨੂੰ ਨਿਪਟਾਉਣ ਲਈ ਵਿਸ਼ੇਸ਼ ਅਦਾਲਤ ‘ਤੇ ਵਿਚਾਰ ਚਲ ਰਿਹਾ ਹੈ। ਹਾਈਕੋਰਟ ਦੇ ਚੀਫ ਜਸਟਿਸ ਨੂੰ ਪ੍ਰਤੀਦਿਨ ਸੁਣਵਾਈ ਕਰਨ ਲਈ ਕਿਹਾ ਗਿਆ ਹੈ।

ਗੈਂਗਸਟਰਾਂ ਨਾਲ ਸਖਤਾਈ ਵਰਤੀ ਜਾਵੇਗੀ :
ਕੈਪਟਨ ਨੇ ਪੰਜਾਬ ਭਰ ‘ਚ ਫੈਲੇ ਗੈਂਗਸਟਰਾਂ ਨੂੰ ਹਥਿਆਰ ਸੁੱਟਣ ਦੀ ਚਿਤਾਵਨੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਦਲ ਗਈ ਹੈ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲਾ ਕੋਈ ਨਹੀਂ ਹੈ। ਉਹ ਹਥਿਆਰ ਸੁੱਟ ਦੇਣ, ਨਹੀਂ ਤਾਂ ਮੈਨੂੰ ਉਨ੍ਹਾਂ ਨਾਲ ਨਜਿੱਠਣਾ ਆਉਂਦਾ ਹੈ।

ਪੀ.ਏ.ਯੂ. ਨਹੀਂ ਟੁੱਟੇਗੀ, ਅਬੋਹਰ ‘ਚ ਹਾਰਟੀਕਲਚਰ ਯੂਨੀਵਰਸਿਟੀ ਬਣੇਗੀ :
ਪੀ.ਏ.ਯੂ. ਨੂੰ ਤੋੜਨ ਦੀਆਂ ਖ਼ਬਰਾਂ ਗਲਤ ਹਨ। ਅਬੋਹਰ ‘ਚ ਬਣਨ ਵਾਲੀ ਹਾਰਟੀਕਲਚਰ ਯੂਨੀਵਰਸਿਟੀ ਵੱਖਰੀ ਹੋਵੇਗੀ। ਇਸ ਲਈ 250 ਏਕੜ ਜ਼ਮੀਨ ਉਪਲੱਬਧ ਹੈ।

ਯਾਦਗਾਰ ‘ਚ ਖਾੜਕੂਆਂ ਦੀਆਂ ਤਸਵੀਰਾਂ ਲਾਉਣ ਤੋਂ ਕੈਪਟਨ ਦਾ ਢਿੱਡ ਦੁਖਿਆ
ਸੱਤਾ ਖੁੱਸਦਿਆਂ ਹੀ ਬਾਦਲ ਪੰਜਾਬ ਦਾ ਮਾਹੌਲ ਵਿਗਾੜਨ ਲੱਗੇ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼ :
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਾਕਾ ਨੀਲਾ ਤਾਰਾ ਸਬੰਧੀ ਬਣਾਈ ਜਾਣ ਵਾਲੀ ਯਾਦਗਾਰ ‘ਚ ਸ਼ਹੀਦਾਂ ਦੀਆਂ ਤਸਵੀਰਾਂ ਲਗਾਉਣ ਤੋਂ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਢਿੱਡ ਦੁਖਣ ਲੱਗਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਹਿੰਦੂ ਪੱਤਾ ਖੇਡ ਰਹੇ ਕੈਪਟਨ ਨੇ ਸ਼ਹੀਦ ਯਾਦਗਾਰੀ ਗੈਲਰੀ ਦਾ ਸਖ਼ਤ ਵਿਰੋਧ ਕਰਦਿਆਂ ਸਿੱਖ ਪੱਖੀ ਜਥੇਬੰਦੀਆਂ ਦੇ ਨਾਲ ਨਾਲ ਅਪਣੇ ਰਾਜਸੀ ਵਿਰੋਧੀਆਂ ਵਿਰੁਧ ਅਪਣੇ ਮਨ ਦੀ ਭੜਾਸ ਕੱਢੀ ਹੈ।
ਕਾਂਗਰਸ ਸਰਕਾਰ ਦੇ 100 ਦਿਨ ਪੂਰੇ ਹੋਣ ‘ਤੇ ਮੰਗਲਵਾਰ ਨੂੰ ਇੱਥੇ ਆਪਣੀਆਂ ਪ੍ਰਾਪਤੀਆਂ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ  ਕਿਹਾ ਕਿ 10 ਸਾਲ ਤਕ ਬਾਦਲਾਂ  ਨੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ। ਹੁਣ ਜਦੋਂ ਸੱਤਾ ਤੋਂ ਬਾਹਰ ਹਨ ਤਾਂ ਫਿਰ ਪੰਜਾਬ ਦਾ ਮਾਹੌਲ ਖਰਾਬ ਕਰਨ ‘ਚ ਜੁਟ ਗਏ ਹਨ। ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਬਰਦਾਸ਼ਤ ਨਹੀਂ ਹੋਣਗੀਆਂ। ਬਾਦਲ ਜਿਹੇ ਲੋਕਾਂ ਨੂੰ ਸੱਤਾ ਤੋਂ ਬਾਹਰ ਰਹਿਣ ‘ਤੇ ਹੀ ਅਜਿਹੀਆਂ ਚੀਜ਼ਾਂ ਯਾਦ ਆਉਂਦੀਆਂ ਹਨ।
ਕੈਪਟਨ ਨੇ ਪੁੱਛਿਆ ਕਿ ਆਖਰ ਅਜਿਹੀਆਂ ਚੀਜ਼ਾਂ ਪਿੱਛੇ ਤਰਕ ਕੀ ਹੈ? ਕਾਂਗਰਸ ਸਰਕਾਰ ਦੇ 100 ਦਿਨ ਪੂਰੇ ਹੋਣ ‘ਤੇ ਆਪਣੀ ਪ੍ਰਾਪਤੀਆਂ ਨੂੰ ਮੀਡੀਆ ‘ਚ ਰੱਖਦਿਆਂ ਕੈਪਟਨ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ‘ਚ ਸਾਕਾ ਨੀਲਾ ਤਾਰਾ ਨੂੰ ਸਮਰਪਿਤ ਯਾਦਗਾਰ ਦੀ ਬੇਸਮੈਂਟ ‘ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਮੰਗਲਵਾਰ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਏ ਹਨ ਅਤੇ ਵੀਰਵਾਰ ਨੂੰ ਭੋਗ ਤੋਂ ਬਾਅਦ ਸੇਵਾ ਸ਼ੁਰੂ ਹੋਵੇਗੀ।
ਮਾਹੌਲ ਖਰਾਬ ਹੋਣ ਵਾਲੀ ਕੋਈ ਗੱਲ ਨਹੀਂ : ਬਡੂੰਗਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਸ ਨਾਲ ਮਾਹੌਲ ਖਰਾਬ ਹੋਣ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਪੂਰੇ ਸੂਬੇ ‘ਚ ਹਰ ਜੰਗ ਅਤੇ ਜਾਤੀ-ਧਰਮ ਨੂੰ ਇਕੱਠਿਆਂ ਲੈ ਕੇ  ਚਲਦਿਆਂ ਕਈ ਗੈਲਰੀਆਂ ਅਤੇ ਯਾਦਗਾਰਾਂ ਬਣਵਾਈਆਂ ਹਨ। ਉਨ•ਾਂ ਕਿਹਾ ਕਿ ਯਾਦਗਾਰ ਜਦੋਂ ਬਣੀ ਉਦੋਂ ਪ੍ਰਧਾਨ ਮੱਕੜ ਸਨ।