ਸਿੱਖ ਕੌਮ ਵਿਚਲੇ ਵਿਵਾਦ ਸਿਰਫ ਤਿਆਗ ਭਾਵ ਨਾਲ ਹੀ ਖਤਮ ਹੋ ਸਕਦੇ ਹਨ: ਪੰਚ ਪਰਧਾਨੀ ਯੂ. ਕੇ.

ਸਿੱਖ ਕੌਮ ਵਿਚਲੇ ਵਿਵਾਦ ਸਿਰਫ ਤਿਆਗ ਭਾਵ ਨਾਲ  ਹੀ ਖਤਮ ਹੋ ਸਕਦੇ ਹਨ: ਪੰਚ ਪਰਧਾਨੀ ਯੂ. ਕੇ.

‘ਆਪਸੀ ਇੱਕਜੁੱਟਤਾ ਅਤੇ ਸਵੈ-ਵਿਸ਼ਵਾਸ਼ ਦੀ ਬਹੁਤ ਜਰੂਰਤ’
ਲੰਡਨ/ਬਿਊਰੋ ਨਿਊਜ਼:
ਸਿੱਖ ਕੌਮ ਦੇ ਨਿਸ਼ਾਨੇ ਨੂੰ ਸਪਰਪਿਤ ਪੰਥਕ ਜਥੇਬੰਦੀ ਪੰਚ ਪਰਧਾਨੀ ਯੂ. ਕੇ. ਨੇ ਸਿੱਖਾਂ ਵਿਚਲੇ ਮੌਜੂਦਾ ਵਾਦ ਵਿਵਾਦ ਤੇ ਟਕਰਾਅ ਵਾਲੀ ਸਥਿੱਤੀ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਵਿਵਾਦ ਸਿਰਫ ਤਿਆਗ ਭਾਵ ਨਾਲ ਹੀ ਖਤਮ ਹੋ ਸਕਦੇ ਹਨ।

ਜਥੇਬੰਦੀ ਦਾ ਕਹਿਣਾ ਹੈ ਕਿ ਗਾਹੇ ਬਗਾਹੇ ਜਦੋਂ ਸਿੱਖ ਕੌਮ ਵਿੱਚ ਕਈ ਵਿਵਾਦ ਖੜ੍ਹੇ ਹੋ ਜਾਂਦੇ ਹਨ ਜਾਂ ਕੁਝ ਵਿਵਾਦ ਹਿੰਸਕ ਘਟਨਾਵਾਂ ਵਿੱਚ ਤਬਦੀਲ ਹੋ ਜਾਂਦੇ ਹਨ ਤਾਂ ਆਮ ਸਿੱਖ ਦਾ ਹਿਰਦਾ ਪੀੜ ਨਾਲ ਦੁਖਣ ਲਗ ਜਾਂਦਾ ਹੈ। ਇਸ ਵੇਲੇ ਜਦੋਂ ਸਿੱਖ ਕੌਮ ਆਪਣੀ ਇੱਕ ਪੀੜ੍ਹੀ ਦਾ ਵੱਡਾ ਹਿੱਸਾ ਸ਼ਹੀਦ ਕਰਵਾ ਕੇ, ਆਪਣੇ ਚੰਗੇ ਭਵਿੱਖ ਲਈ ਯਤਨਸ਼ੀਲ ਹੈ ਉਸ ਵੇਲੇ ਕੌਮ ਨੂੰ ਆਪਸੀ ਇੱਕਜੁੱਟਤਾ ਅਤੇ ਸਵੈ-ਵਿਸ਼ਵਾਸ਼ ਦੀ ਬਹੁਤ ਜਰੂਰਤ ਹੈ। ਪਰ ਜਦੋਂ ਕੁਝ ਦੁਖਦਾਈ ਵਾਪਰ ਜਾਂਦਾ ਹੈ ਤਾਂ ਉਸ ਤੋਂ ਤਾਂ ਇਹ ਹੀ ਝਲਕ ਮਿਲਦੀ ਹੈ ਕਿ ਕੌਮ ਦੇ ਰਾਹ ਵਿੱਚ ਹਾਲੇ ਬਹੁਤ ਕੰਡੇ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ ਅਤੇ ਅਪਾਰ ਕਿਰਪਾ ਨਾਲ ਹੀ ਚੁਗਿਆ ਜਾ ਸਕਦਾ ਹੈ।

ਪੰਚ ਪਰਧਾਨੀ ਯੂ.ਕੇ. ਇਹ ਗੱਲ ਮੰਨਦੀ ਹੈ ਕਿ ਜਿਸ ਕਿਸਮ ਦੇ ਵਿਵਾਦ ਇਸ ਵੇਲੇ ਸਿੱਖ ਕੌਮ ਵਿੱਚ ਪੈਦਾ ਹੋਏ ਹਨ ਉਹ ਕੇਵਲ ਇਸੇ ਕੌਮ ਦੇ ਹਿੱਸੇ ਨਹੀ ਆਏ ਬਲਕਿ ਸਾਰੀਆਂ ਕੌਮਾਂ ਨੂੰ ਹੀ ਅਜਿਹੇ ਵਿਵਾਦਾਂ ਅਤੇ ਝਮੇਲਿਆਂ ਦਾ ਸਾਹਮਣਾਂ ਕਰਨਾ ਪੈਂਦਾ ਰਿਹਾ ਹੈ ਅਤੇ ਪੈ ਰਿਹਾ ਹੈ। ਇਸ ਸਬੰਧ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਤਤਕਾਲੀ ਸਮੇਂ ਦੇ ਧਾਰਮਕ ਉਪੱਦਰ ਦੀ ਇਤਿਹਾਸਕ ਗਵਾਹੀ ਦੇਂਦੀਆਂ ਹਨ।

ਉਘੇ ਸਿੱਖ਼ ਚਿੰਤਕ ਅਤੇ ਵਿਦਵਾਨ ਡਾਕਟਰ ਸੇਵਕ ਸਿੰਘ ਦੇ ਸ਼ਬਦਾਂ ਵਿੱਚ, ਭਾਈ ਗੁਰਦਾਸ ਜੀ ਦੀ ਗਵਾਹੀ ਤੋਂ ਬਿਨਾ ਵੀ ਜੇ ਦੁਨੀਆਂ ਦੇ ਧਰਮਾਂ ਦੇ ਇਤਿਹਾਸ ਤੇ ਝਾਤ ਮਾਰੀ ਜਾਵੇ ਤਾਂ ਸਾਨੂੰ ਪਾਰਸੀਆਂ ਦੇ ਵੀ ਧੜੇ ਨਜ਼ਰ ਆਉਂਦੇ ਹਨ। ਯਹੂਦੀ ਇੱਕ ਖਾਨਦਾਨੀ ਧਰਮ ਹੈ ਜਿਨ੍ਹਾਂ ਦੀ ਅਕਲ ਅਤੇ ਏਕਤਾ ਦੀਆਂ ਸਾਡੇ ਕੁਝ ਲੋਕ ਬੜੇ ਚਾਅ ਨਾਲ ਮਿਸਾਲਾਂ ਦੇਂਦੇ ਹਨ। ਪੁਰਾਣੀ ਖਾਨਦਾਨੀ ਦੀਆਂ ਆਪਸੀ ਲੜਾਈਆਂ ਕਰਕੇ ਉਨ੍ਹਾਂ ਨੂੰ ਰਾਜ ਗੁਆ ਕੇ ਸਦੀਆਂ ਤੱਕ ਭਟਕਣਾਂ ਪਿਆ। ਇਸਾਈਆਂ ਦੇ ਵੀ ਨਾ ਸਿਰਫ ਤਿੰਨ ਵੱਡੇ ਅਤੇ ਵੱਖਰੇ ਫਿਰਕੇ ਹਨ ਬਲਕਿ ਇਸ ਤੋਂ ਵੀ ਵੱਧ ਵਖਰੇਵੇਂ ਹਨ।ਉਨ੍ਹਾਂ ਦੀਆਂ ਆਪਸੀ ਜੰਗਾਂ ਦੇ ਵੀ ਹਵਾਲੇ ਹਨ। ਇਸਲਾਮੀ ਜਗਤ ਦੀ ਆਪਸੀ ਖਹਿ ਦੁਨੀਆਂ ਵਿੱਚ ਜਾਹਰ ਹੈ। ਇਸਲਾਮ ਦੇ ਪਹਿਲੇ ਖਲੀਫੇ ਮੁਸਲਮਾਨਾਂ ਦੀ ਆਪਸੀ ਜੰਗ ਵਿੱਚ ਪੂਰੇ ਹੋ ਗਏ। ਇਸੇ ਤਰ੍ਹਾਂ ਹਿੰਦੂ ਕਹਾਉਣ ਵਾਲੇ ਲੋਕਾਂ ਦਾ ਇਤਿਹਾਸ ਤਾਂ ਬਾਕੀ ਸਾਰੇ ਧਰਮਾਂ ਦੇ ਕੁੱਲ ਵਖਰੇਵਿਆਂ ਤੋਂ ਵੀ ਵੱਡਾ ਹੈ। ਇੱਥੋਂ ਤੱਕ ਕਿ ਆਪਣੇ ਆਪ ਨੂੰ ਅਗਾਂਹਵਧੂ ਅਖਵਾਉਣ ਵਾਲੇ ਵਿਗਿਆਨਕ ਸੋਚ ਵਾਲੇ ਮਾਰਕਸੀਆਂ ਦਾ ਇਤਿਹਾਸ ਵੀ ਕੋਈ ਬਹੁਤਾ ਚੰਗਾ ਨਹੀ ਹੈ ਉਹ ਵੀ ਅਣਗਿਣਤ ਵਖਰੇਵਿਆਂ ਦਾ ਸ਼ਿਕਾਰ ਹਨ ਜੋ ਅਕਸਰ ਲੜਾਈ ਤੱਕ ਵੀ ਪਹੁੰਚ ਜਾਂਦੇ ਹਨ। ਇਸ ਪਿਛੋਕੜ ਵਿੱਚ ਸਿੱਖ ਕੌਮ ਦੇ ਵਿਹੜੇ ਵਿੱਚ ਜੋ ਘਟਨਾਵਾਂ ਵਾਪਰੀ ਰਹੀਆਂ ਹਨ ਉਨ੍ਹਾਂ ਨੇ ਸਿੱਖ ਕੌਮ ਨੂੰ ਇੱਕ ਵਾਰ ਵਿਚਾਰਧਾਰਕ ਤੌਰ ਤੇ ਵੀ ਅਤੇ ਬਿਆਨਬਾਜ਼ੀ ਦੇ ਤੌਰ ਤੇ ਵੀ ਦੋ ਧੜਿਆਂ ਵਿੱਚ ਵੰਡ ਦਿੱਤਾ ਹੈ। ਦੋ-ਪਾਸੜ ਬਿਆਨਬਾਜ਼ੀ ਅਤੇ ਸ਼ਕਤੀ ਪਰਦਰਸ਼ਨਾਂ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ ਹੈ।

ਪੰਚ ਪਰਧਾਨੀ ਯੂ.ਕੇ. ਇਹ ਸਮਝਦੀ ਹੈ ਕਿ ਜਦੋਂ ਧਾਰਮਕ ਖੇਤਰ ਵਿੱਚ ਅਗਵਾਈ ਢਿੱਲੀ ਪੈ ਜਾਂਦੀ ਹੈ ਤਾਂ ਧਰਮ ਦੇ ਰਾਹ ਤੇ ਤੁਰਨ ਵਾਲੇ ਲੋਕ ਅੱਗੇ ਵਧਣ ਦੀ ਥਾਂ ਇੱਕ ਦੂਜੇ ਵੱਲ ਵਧਣ ਦਾ ਸਫਰ ਤੈਅ ਕਰਦੇ ਹਨ। ਜਦੋਂ ਕਿਸੇ ਸਮਾਜ ਵਿੱਚ ਰਾਜਸੀ ਅਗਵਾਈ ਢਿੱਲੀ ਪੈ ਜਾਂਦੀ ਹੈ ਤਾਂ ਸਮਾਜਕ ਅਤੇ ਰਾਜਸੀ ਝਮੇਲੇ ਆਮ ਘਰਾਂ ਤੱਕ ਆ ਜਾਂਦੇ ਹਨ। ਕਈ ਵਾਰ ਕੋਈ ਸਮਾਜ ਦੋਵਾਂ ਤਰ੍ਹਾਂ ਦੀ ਅਗਵਾਈ ਗਵਾ ਲ਼ੈਂਦਾ ਹੈ ਤਾਂ ਉਹ ਖੜੋਤ ਦਾ ਸ਼ਿਕਾਰ ਬਣ ਜਾਂਦਾ ਹੈ। ਅਜਿਹੀ ਹਾਲਤ ਵਿੱਚ ਕੁਝ ਵਿਵਾਦ ਹੀ ਉਨ੍ਹਾਂ ਦੀ ਸਾਂਝੀ ਜਿੰਦਗੀ ਦਾ ਅਹਾਰ ਬਣ ਜਾਂਦੇ ਹਨ। ਇਹ ਰੁਚੀ ਉਨ੍ਹਾਂ ਲਈ ਜਿੰਦਗੀ ਨੂੰ ਚਲਦਾ ਰੱਖਣ ਲਈ ਭੱਠੀ ਦੇ ਬਾਲਣ ਵਾਂਗ ਜਰੂਰੀ ਹੋ ਜਾਂਦੀ ਹੈ। ਉਨ੍ਹਾਂ ਲਈ ਕਿਸੇ ਮਸਲੇ ਦਾ ਵੱਡਾ ਜਾਂ ਛੋਟਾ ਹੋਣਾਂ ਜਾਂ ਨਵਾਂ ਪੁਰਾਣਾਂ ਹੋਣਾਂ ਕੋਈ ਅਰਥ ਨਹੀ ਰੱਖਦਾ । ਅਜਿਹੀ ਹਾਲਤ ਵਿੱਚ ਵਿਵਾਦ ਇੱਕ ਨਸ਼ੇ ਦਾ ਕੰਮ ਕਰਦੇ ਹਨ ਜੋ ਉਨ੍ਹਾਂ ਨੂੰ ਜਿੰਦਗੀ ਦੀ ਅਸਲੀਅਤ ਤੋਂ ਦੂਰ ਕਿਸੇ ਮਨਚਾਹੀ ਸੁਪਨਰੰਗੀਨੀ ਵਿੱਚ ਰੱਖ ਸਕਣ।

ਇਸੇ ਲਈ ਅਜਿਹੇ ਕਥਿਤ ਧਾਰਮਕ ਵਿਵਾਦਾਂ ਦਾ ਅਸਲ ਵਿੱਚ ਧਰਮ ਨਾਲ ਕੋਈ ਸਬੰਧ ਨਹੀ ਹੁੰਦਾ। ਧਰਮ ਅਨੁਸਾਰ ਤਾਂ ਪਰਖ ਦੇ ਮਾਪਦੰਡ ਇਹੋ ਹੀ ਹਨ ਕਿ ਬੰਦਾ ਆਪਣੇ ਕਥਨ ਕਰਮ ਨੂੰ ਤੋਲੇ ਤੇ ਧਰਮ ਨਿਭਾਵੇ। ਇਸ ਕਰਕੇ ਸਿਆਣੇ ਬੰਦੇ ਅਕਸਰ ਚੁੱਪ ਰਹਿੰਦੇ ਹਨ। ਜਦੋਂ ਬੰਦਾ ਦੂਜਿਆਂ ਦੇ ਕਥਨ ਕਰਮ ਨੂੰ ਤੋਲੇ ਅਤੇ ਉਨ੍ਹਾਂ ਦੇ ਨੁਕਸ ਗਿਣ ਕੇ ਆਪਣੇ ਆਪ ਨੂੰ ਸਹੀ ਸਮਝੇ ਤਾਂ ਇਹ ਧਰਮ ਤੋਂ ਉਲਟਾ ਮਾਪਦੰਡ ਹੁੰਦਾ ਹੈ। ਦੁਨੀਆਂ ਵਿੱਚ ਵਧੇਰੇ ਲੋਕ ਦੂਜਿਆਂ ਨੂੰ ਪਰਖਣ ਵਾਲੀ ਬਿਰਤੀ ਦੇ ਹੁੰਦੇ ਹਨ। ਇਹੋ ਸੁਭਾਅ ਹੀ ਵਿਵਾਦ ਪੈਦਾ ਕਰਨ ਅਤੇ ਚਲਾਉਣ ਲਈ ਲੋੜੀਂਦਾ ਅਧਾਰ ਹੁੰਦਾ ਹੈ।

ਸਿੱਖ ਸ਼ਰਧਾ ਅਨੁਸਾਰ ਧਾਰਮਿਕ ਹੋਣ ਦੀ ਦਾਅਵੇਦਾਰੀ ਤਾਂ ਬਹੁਤ ਦੂਰ ਹੈ। ਇੱਥੇ ਤਾਂ ਦਾਖਲਾ ਵੀ ਨਿਰੋਲ ਕਰਮ ਅਧਾਰਤ ਨਹੀ ਹੈ।ਧਰਮ ਦੇ ਰਾਹ ਤੁਰਨ ਲਈ ਵੀ ਮਿਹਰ ਦੀ ਲੋੜ ਹੈ। ਧਰਮ ਅਨੁਸਾਰ ਜਿੰਦਗੀ ਤਾਂ ਪੈਰ ਪੈਰ ਤੇ ਰੱਬੀ ਮਿਹਰ ਦੀ ਮੁਹਤਾਜ ਹੈ। ਅਜਿਹੇ ਹਾਲਤ ਵਿੱਚ ਕਿਸੇ ਧਾਰਮਿਕ ਬਣਨ ਜਾ ਰਹੇ ਜਾਂ ਬਣੇ ਹੋਏ ਮਨੁੱਖ ਦੇ ਜੀਵਨ ਵਿੱਚ ਵਿਵਾਦ ਲਈ ਥਾਂ ਕਿੱਥੇ? ਜਦੋਂ ਕੋਈ ਬੰਦਾ ਧਰਮ ਦੀ ਕੀਮਤ ਰਾਜਸੀ ਭਾਵ ਤੋਂ ਤੈਅ ਕਰਦਾ ਹੈ ਤਾਂ ਫਿਰ ਹਰ ਰਿਸ਼ਤੇ ਨੂੰ ਹੀ ਇਸੇ ਭਾਵ ਨਾਲ ਸਮਝਦਾ ਵੇਖਦਾ ਹੈ। ਫਿਰ ਅਜਿਹੇ ਬੰਦਿਆਂ ਦਾ ਜੀਵਨ ਅਮਲ ਧਾਰਮਕ ਹੋਣ ਨਾਲ਼ੋਂ ਨਿੱਜੀ, ਧੜੇਬੰਦਕ ਜਾਂ ਰਾਜਨੀਤਿਕ ਵਧੇਰੇ ਹੋ ਜਾਂਦਾ ਹੈ। ਇਸ ਹਾਲਤ ਵਿੱਚ ਫਿਰ ਵਿਵਾਦ ਹੀ ਪੈਦਾ ਹੁੰਦੇ ਹਨ।

ਕਿਸੇ ਵੀ ਧਰਮ ਦੇ ਇਤਿਹਾਸ ਦਾ ਮਾਣਮੱਤਾ ਹਿੱਸਾ ਉਹ ਸਮਾਂ ਹੁੰਦਾ ਹੈ ਜਦੋਂ ਉਸ ਧਰਮ ਨੂੰ ਮੰਨਣ ਵਾਲੇ ਲੋਕਾਂ ਨੇ ਆਪਣੇ ਇਸ਼ਟ ਦੀ ਮਾਲਕੀ ਨੂੰ ਸੱਚ ਜਾਣਕੇ ਉਹਦੇ ਲਈ ਆਪਣਾਂ ਜੀਵਨ, ਸੇਵਾ ਜਾਂ ਸ਼ਹਾਦਤ ਦੇ ਰੂਪ ਵਿੱਚ ਅਰਪਣ ਕੀਤਾ ਹੁੰਦਾ ਹੈ। ਇਸ ਕਰਕੇ ਧਰਮ ਦੇ ਸੱਚੇ ਪੈਰੋਕਾਰਾਂ ਤੋਂ ਬਿਹਤਰ ਇਸ ਗੱਲ ਨੂੰ ਕੋਈ ਨਹੀ ਜਾਣ ਸਕਦਾ ਕਿ ਵਿਵਾਦ ਸਿਰਫ ਤਿਆਗ ਭਾਵ ਨਾਲ ਹੀ ਖਤਮ ਹੋ ਸਕਦੇ ਹਨ।