ਜੇਕਰ ਟਰੰਪ ਨੇ ਆਪਣੇ ਬੀਤੇ 'ਤੇ ਧਿਆਨ ਕੇਂਦਰਿਤ ਕੀਤਾ ਤਾਂ ਉਸ ਦੇ ਹਾਰ ਜਾਣ ਦਾ ਜ਼ੋਖਮ ਹੈ-ਸੈਨੇਟਰ ਗਰਾਹਮ

ਜੇਕਰ ਟਰੰਪ ਨੇ ਆਪਣੇ ਬੀਤੇ 'ਤੇ ਧਿਆਨ ਕੇਂਦਰਿਤ ਕੀਤਾ ਤਾਂ ਉਸ ਦੇ ਹਾਰ ਜਾਣ ਦਾ  ਜ਼ੋਖਮ ਹੈ-ਸੈਨੇਟਰ ਗਰਾਹਮ
ਕੈਪਸਨ ਸੈਨੇਟਰ ਲਿੰਡਸੇ ਗਰਾਹਮ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਿਪਬਲੀਕਨ ਸੈਨੇਟਰ ਲਿੰਡਸੇਅ ਗਰਾਹਮ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਮੇਰਾ ਵਿਚਾਰ ਹੈ ਕਿ ਜੇਕਰ ਉਹ 2024 ਦੀਆਂ ਚੋਣਾਂ ਵਿਚ ਰਿਪਬਲੀਕਨ ਉਮੀਦਵਾਰ ਵਜੋਂ ਨਾਮਜ਼ਦ ਹੁੰਦੇ ਹਨ ਤਾਂ ਉਨਾਂ ਨੂੰ ਆਪਣੇ ਬੀਤੇ ਉਪਰ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਉਹ ਚੋਣ ਹਾਰ ਸਕਦੇ ਹਨ। ਉਨਾਂ ਇਕ ਚੈਨਲ ਨਾਲ 'ਦਿਸ ਵੀਕ' ਪ੍ਰੋਗਰਾਮ ਤਹਿਤ ਗੱਲ ਕਰਦਿਆਂ ਕਿਹਾ ਕਿ ਮੈ 2020 ਦੀਆਂ ਚੋਣਾਂ ਦੇ ਨਤੀਜੇ ਸਵਿਕਾਰ ਕਰਦਾ ਹਾਂ ਤੇ ਹੁਣ ਮੈਨੂੰ 2024 ਦੀ ਚਿੰਤਾ ਹੈ। ਜੇਕਰ ਟਰੰਪ ਸੁਰੱਖਿਆ ਵਿਚ ਸੁਧਾਰ ਤੇ ਅਮਰੀਕੀਆਂ ਦੀ ਖੁਸ਼ਹਾਲੀ ਦੀ ਗੱਲ ਕਰਨਗੇ ਤਾਂ ਉਹ ਜਿੱਤ ਜਾਣਗੇ ਪਰੰਤੂ ਜੇਕਰ ਉਹ ਬੀਤੇ ਵਾਂਗ ਹੀ ਸੋਚਣਗੇ ਤਾਂ ਉਹ ਹਾਰ ਜਾਣਗੇ। ਉਨਾਂ ਕਿਹਾ ਕਿ ਮੇਰੇ ਲਈ 2020 ਦੀਆਂ ਚੋਣ ਦਾ ਜਿਕਰ ਕਰਨ ਦਾ ਕੋਈ ਮਤਲਬ ਨਹੀਂ ਹੈ । ਸਾਨੂੰ ਹੁਣ 2024 ਦੀਆਂ ਚੋਣਾਂ ਲਈ ਵੋਟਾਂ ਸੁਰੱਖਿਅਤ ਕਰਨ ਦੀ ਲੋੜ ਹੈ। ਹਾਲਾਂ ਕਿ ਗੱਲਬਾਤ ਦੌਰਾਨ ਗਰਾਹਮ ਨੇ ਦਲੀਲ ਦਿੱਤੀ ਕਿ ਟਰੰਪ ਪਹਿਲਾ ਉਮੀਦਾਵਰ ਨਹੀਂ ਹੈ ਜਿਸ ਨੇ 2020 ਵਿਚ ਚੋਣਾਂ ਵਿੱਚ ਹੇਰਾਫੇਰੀ ਦਾ ਦਾਅਵਾ ਕੀਤਾ ਸੀ। ਉਨਾਂ ਕਿਹਾ ਇਸ ਤੋਂ ਪਹਿਲਾਂ ਹਿਲੇਰੀ ਕਲਿੰਟਨ ਨੇ 2016 ਵਿਚ ਅਜਿਹਾ ਕੁਝ ਹੀ ਕਿਹਾ ਸੀ। ਉਸ ਸਮੇ ਹਲੇਰੀ ਨੇ ਟਰੰਪ ਨੂੰ ''ਗੈਰਕਾਨੂੰਨੀ ਰਾਸ਼ਟਰਪਤੀ'' ਕਿਹਾ ਸੀ।