ਅਮਰੀਕਾ ਦੇ ਦੱਖਣੀ ਕੈਰੋਲੀਨਾ ਰਾਜ ਵਿਚ ਹੋਈ ਗੋਲੀਬਾਰੀ ਵਿੱਚ 3 ਨਬਾਲਗਾਂ ਦੀ ਮੌਤ 1 ਜ਼ਖਮੀ, 3 ਵਿਰੁੱਧ ਮਾਮਲਾ ਦਰਜ, 2 ਨੂੰ ਕੀਤਾ ਗ੍ਰਿਫਤਾਰ

ਅਮਰੀਕਾ ਦੇ ਦੱਖਣੀ ਕੈਰੋਲੀਨਾ ਰਾਜ ਵਿਚ ਹੋਈ ਗੋਲੀਬਾਰੀ ਵਿੱਚ 3 ਨਬਾਲਗਾਂ ਦੀ ਮੌਤ 1 ਜ਼ਖਮੀ, 3 ਵਿਰੁੱਧ ਮਾਮਲਾ ਦਰਜ, 2 ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਦੱਖਣੀ ਕੈਰੋਲੀਨਾ ਰਾਜ ਵਿਚ ਹੋਈ ਗੋਲੀਬਾਰੀ ਵਿਚ 3 ਨਬਾਲਗਾਂ ਦੀ ਮੌਤ ਹੋ ਜਾਣ ਤੇ ਇਸ ਮਾਮਲੇ ਵਿਚ 3 ਹੋਰ ਨਬਾਲਗਾਂ ਵਿਰੁੱਧ ਮਾਮਲਾ ਦਰਜ ਕਰਕੇ 2 ਨੂੰ ਹਿਰਾਸਤ ਵਿਚ ਲੈ ਲੈਣ ਦੀ ਰਿਪੋਰਟ ਹੈ। ਰਿਚਲੈਂਡ ਕਾਊਂਟੀ ਸ਼ੈਰਿਫ ਲੀਓਨ ਲੋਟ  ਅਨੁਸਾਰ ਗੋਲੀਬਾਰੀ ਦਾ ਕਾਰਨ ਦੋਨਾਂ ਧਿਰਾਂ ਵਿਚਾਲੇ ਦੋ ਸਾਲ ਪਹਿਲਾਂ ਹੋਇਆ ਝਗੜਾ ਹੋ ਸਕਦਾ ਹੈ। ਉਨਾਂ ਕਿਹਾ ਕਿ ਇਸ ਤੋਂ ਮੰਦਭਾਗਾ ਕੀ ਹੋ ਸਕਦਾ ਹੈ ਕਿ  2 ਕੁ ਸਾਲ ਪਹਿਲਾਂ ਹੋਏ ਝਗੜੇ ਨੂੰ ਸੁਲਝਾਉਣ ਦੀ ਬਜਾਏ ਗੋਲੀਆਂ ਚੱਲਣ ਤੱਕ ਨੌਬਤ ਪੁੱਜ ਗਈ। ਲੋਟ ਕੋਲੰਬੀਆ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨਾਂ ਕਿਹਾ ਕਿ ਤਿੰਨਾਂ ਨਬਾਲਗਾਂ ਦੀ ਮੌਤ ਹਸਪਤਾਲ ਵਿਚ ਹੋਈ ਜਿਨਾਂ ਦੀ ਉਮਰ 16 ਤੋਂ 17 ਸਾਲਾਂ ਦਰਮਿਆਨ ਸੀ। ਇਕ ਹੋਰ 14 ਸਾਲਾ ਨੌਜਵਾਨ ਦੇ ਵੀ ਗੋਲੀ ਵੱਜੀ ਹੈ ਜਿਸ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ।   ਮ੍ਰਿਤਕਾਂ ਦੀ ਪਛਾਣ ਕਲੇਬ ਵਾਈਜ (16), ਜਾਕੋਬ ਫੈਨਿੰਗ (16) ਤੇ ਡਰੇਵਨ  ਰਿਲੇ (17) ਵਜੋਂ ਹੋਈ ਹੈ। ਰਿਚਲੈਂਡ ਕਾਊਂਟੀ ਪੋਸਟ ਮਾਰਟਰਮ ਦਫਤਰ ਦੇ ਬੁਲਾਰੇ ਜੈਫਰੀ ਲੈਂਪਕਿਨ ਅਨੁਸਾਰ ਤਿੰਨਾਂ ਨਬਾਲਗਾਂ ਦੇ ਕਈ ਕਈ ਗੋਲੀਆਂ ਦੇ ਜ਼ਖਮ ਸਨ ਜੋ ਮੌਤ ਦਾ ਕਾਰਨ ਬਣੇ। ਸ਼ੈਰਿਫ ਦਫਤਰ ਅਨੁਸਾਰ ਇਸ ਮਾਮਲੇ ਵਿਚ ਇਕ 17 ਤੇ ਇਕ 14 ਸਾਲ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡਿਪਟੀ ਵੇਰੋਨੀਕਾ ਹਿਲ ਨੇ ਕਿਹਾ ਹੈ ਕਿ ਸ਼ੱਕੀ ਤਿੰਨਾਂ ਨਬਾਲਗਾਂ ਨੂੰ ਹੱਤਿਆ, ਹੱਤਿਆ ਦੀ ਕੋਸ਼ਿਸ਼, ਹਥਿਆਰਾਂ ਦੀ ਵਰਤੋਂ ਕਰਨ ਤੇ 18 ਸਾਲ ਤੋਂ ਘੱਟ ਉਮਰ ਵਿੱਚ ਹੈਂਡਗੰਨ ਰੱਖਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਪੁਲਿਸ ਨੇ ਨਬਾਲਗ ਹੋਣ ਕਾਰਨ ਸ਼ੱਕੀ ਦੋਸ਼ੀਆਂ ਦਾ ਨਾਂ ਜਾਰੀ ਨਹੀਂ ਕੀਤੇ ਹਨ।