ਧੀ ਵੱਲੋਂ ਉਲੰਪਿਕ ਤਮਗਾ ਜਿੱਤਣ ਉਪਰੰਤ ਮਾਂ ਨੇ ਦੁਨੀਆ ਨੂੰ ਕਿਹਾ ਅਲਵਿਦਾ
ਅੰਮ੍ਰਿਤਸਰ ਟਾਈਮਜ਼ ਬਿਉਰੋ
ਸੈਕਰਾਮੈਂਟੋ : (ਹੁਸਨ ਲੜੋਆ ਬੰਗਾ) ਟੋਕੀਓ ਉਲੰਪਿਕ ਦਾ ਗੋਲਾ ਸੁੱਟਣ ਦੇ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਵੇਖ ਰਹੀ ਕਲਾਰੀਸਾ ਸੈਂਡਰਜੋ ਨੂੰ ਆਪਣੀ ਧੀ ਦੇ ਪ੍ਰਦਰਸ਼ਨ ਤੋਂ ਏਨੀ ਖੁਸ਼ ਹੋਈ ਕਿ ਉਹ ਇਸ ਦੁਨੀਆ ਨੂੰ ਹੀ ਅਲਵਿਦਾ ਕਹਿ ਗਈ। ਉਸ ਦੀ ਧੀ ਰਾਵਨ ਸੈਂਡਰਜ ਨੇ ਗੋਲਾ ਸੁੱਟਣ ਵਿੱਚ ਦੂਸਰੇ ਸਥਾਨ 'ਤੇ ਰਹਿ ਕੇ ਚਾਂਦੀ ਦਾ ਤਮਗਾ ਜਿੱਤਿਆ। ਉਸ ਦੀ ਮਾਂ ਟੋਕਿਓ-2020 ਵੇਖਣ ਲਈ ਓਰਲੈਂਡੋ ਵਿਚ ਸੀ। ਇਥੇ ਅਮਰੀਕੀ ਅਥਲੀਟਾਂ ਦੇ ਪਰਿਵਾਰਾਂ ਲਈ ਉਲੰਪਿਕ ਮੁਕਾਬਲੇ ਵੇਖਣ ਵਾਸਤੇ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਗਿਆ ਸੀ। ਕਲਾਰੀਸਾ ਸੈਂਡਰਜ ਆਪਣੀ ਧੀ ਦਾ ਪ੍ਰਦਰਸ਼ਨ ਵੇਖਣ ਲਈ ਬਹੁਤ ਉਤਾਵਲੀ ਸੀ। ਉਸ ਦੀ ਦੂਸਰੀ ਬੇਟੀ ਤਨਜ਼ਾਨੀਆ ਵੀ ਨਾਲ ਸੀ।
ਧੀ ਨੂੰ ਤਮਗਾ ਜਿੱਤਦਿਆਂ ਵੇਖਕੇ ਉਹ ਬੇਹੱਦ ਖੁਸ਼ ਹੋਈ ਪਰੰਤੂ ਕੁਝ ਸਮੇ ਬਾਅਦ ਉਹ ਇਸ ਦੁਨੀਆ ਵਿਚ ਨਹੀਂ ਰਹੀ। ਹਾਲਾਂ ਕਿ ਅਜੇ ਤੱਕ ਉਸ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗਾ ਪਰੰਤੂ ਮੈਚ ਵੇਖਣ ਤੋਂ ਪਹਿਲਾਂ ਉਹ ਬਿਲਕੁੱਲ ਠੀਕ ਠਾਕ ਸੀ। ਮਾਨਸਕ ਸਿਹਤ ਨਾਲ ਜੁੜੇ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਵਾਰ ਜਿਆਦਾ ਖੁਸ਼ੀ ਵੀ ਮੌਤ ਦਾ ਕਾਰਨ ਬਣ ਸਕਦੀ ਹੈ। ਆਪਣੀ ਮਾਂ ਦੀ ਮੌਤ ਉਪਰੰਤ ਰਾਵਨ ਸੈਂਡਰਜ ਨੇ ਟਵੀਟ ਕੀਤਾ ਹੈ ਕਿ ਉਹ ਸੋਸ਼ਲ ਮੀਡੀਆ ਤੋਂ ਹਟ ਰਹੀ ਹੈ ਤਾਂ ਕਿ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਮਾਨਸਕ ਸਿਹਤ ਉਪਰ ਧਿਆਨ ਕੇਂਦ੍ਰਿਤ ਕਰ ਸਕੇ। ਉਸ ਨੇ ਲਿਖਿਆ ਹੈ ਉਸ ਦੀ ਮਾਂ ਮਹਾਨ ਔਰਤ ਸੀ, ਉਹ ਜਿੰਦਗੀ ਭਰ ਹਮੇਸ਼ਾਂ ਮੇਰੇ ਅੰਗ ਸੰਗ ਰਹੇਗੀ। ਉਸ ਨੇ ਲਿਖਿਆ ਹੈ ' ਮਾਂ ਮੈ ਹਮੇਸ਼ਾਂ ਤੈਨੂੰ ਪਿਆਰ ਕਰਦੀ ਰਹਾਂਗੀ ਤੂੰ ਮੇਰਾ ਆਹਲਾ ਦਰਜੇ ਦਾ ਪਾਲਣ ਪੋਸਣ ਕੀਤਾ।''
Comments (0)