ਪੁਲਿਸ ਹਥੋਂ ਮਾਰੇ ਗਏ ਕਾਲੇ ਵਿਅਕਤੀ ਆਮਿਰ ਲੌਕੀ ਦੇ ਮਾਮਲੇ ਨੇ ਤੂਲ ਫੜਿਆ

ਪੁਲਿਸ ਹਥੋਂ ਮਾਰੇ ਗਏ ਕਾਲੇ ਵਿਅਕਤੀ ਆਮਿਰ ਲੌਕੀ ਦੇ ਮਾਮਲੇ ਨੇ ਤੂਲ ਫੜਿਆ

 * ਲੌਕੀ ਨੂੰ ਕਾਲੇ ਹੋਣ ਦੀ ਸਜਾ ਭੁਗਤਣੀ ਪਈ-ਵਕੀਲ ਨੇ ਲਾਇਆ ਦੋਸ਼

ਅੰਮ੍ਰਿਤਸਰ ਟਾਈਮਜ਼ 

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਮਿਨੀਆਪੋਲਿਸ ਵਿਚ ਇਸ ਮਹੀਨੇ ਦੇ ਸ਼ੁਰੂ ਵਿਚ ਪੁਲਿਸ ਹਥੋਂ ਮਾਰੇ ਗਏ ਕਾਲੇ ਵਿਅਕਤੀ ਆਮਿਰ ਲੌਕੀ ਦਾ ਮਾਮਲਾ ਤੂਲ ਫੜਦਾ ਹੋਇਆ ਨਜਰ ਆ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਦੇ ਵਕੀਲ ਨੇ ਕਿਹਾ ਹੈ ਕਿ ਇਹ ਇਕ ਹੋਰ ਉਦਾਹਰਣ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਨਸਲ ਕਾਰਨ ਕਿਸ ਤਰਾਂ ਕਾਲੇ ਅਮਰੀਕੀਆਂ ਨਾਲ ਨਜਿੱਠਿਆ ਜਾਂਦਾ ਹੈ। ਵਕੀਲ ਨੇ ਕਿਹਾ ਹੈ ਕਿ ਗੰਨ ਰੱਖਣ ਦੇ ਅਧਿਕਾਰ ਤੋਂ ਨਸਲ ਦੇ  ਆਧਾਰ 'ਤੇ ਕਿਸੇ ਨੂੰ ਵੰਚਿਤ ਨਹੀਂ ਕੀਤਾ ਜਾ ਸਕਦਾ। 22 ਸਾਲਾ ਮ੍ਰਿਤਕ ਦੇ ਪਰਿਵਾਰ ਅਨੁਸਾਰ ਲੌਕੀ ਕਾਨੂੰਨੀ ਤੌਰ 'ਤੇ ਇਕ ਗੰਨ ਦਾ ਮਾਲਕ ਸੀ ਤੇ ਉਸ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ। 2 ਫਰਵਰੀ ਨੂੰ ਮਿਨੀਆਪੋਲਿਸ ਦੇ ਅਨੇਕਾਂ ਪੁਲਿਸ ਅਫਸਰਾਂ ਦੇ ਬਿਨਾਂ ਦਰਵਾਜਾ ਖੜਕਾਇਆਂ ਜਾਂ ਸੂਚਨਾ ਦਿੱਤਿਆਂ ਘਰ ਵਿਚ ਦਾਖਲ ਹੋਣ ਉਪਰੰਤ ਕੇਵਲ 10 ਸਕਿੰਟਾਂ ਵਿਚ ਲੌਕੀ ਨੂੰ ਸਦਾ ਲਈ ਖਾਮੋਸ਼ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਲੌਕੀ ਕੰਬਲ ਵਿਚ ਸੀ ਤੇ ਉਸ ਦੇ ਹੱਥ ਵਿਚ ਗੰਨ ਸੀ। ਪਰਿਵਾਰ ਦੇ ਵਕੀਲ ਜੈਫ ਸਟਾਰਮਸ ਅਨੁਸਾਰ ਤੱਥ ਇਹ ਹੀ  ਹੈ ਕਿ ਕਾਲੇ ਅਮਰੀਕੀਆਂ ਨਾਲ ਹੀ ਅਜਿਹਾ ਕੁਝ  ਵਾਰ ਵਾਰ ਹੋ ਰਿਹਾ ਹੈ । ਵਕੀਲ ਨੇ ਸਵਾਲ ਕੀਤਾ ਕਿ ਹੋਰ ਕਿਸੇ  ਅਮਰੀਕੀ ਨਾਲ ਇਸ ਤਰਾਂ ਕਿਉਂ ਨਹੀਂ ਹੁੰਦਾ? ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ।