ਅਮਰੀਕਾ ਚ ਸ਼ਰਨ ਲੈਣ ਲਈ ਸੰਘਰਸ਼ ਕਰ ਰਹੇ ਦੋ ਭਾਰਤੀਆਂ ਦੀ ਹਾਲਤ ਅੱਤ ਨਾਜ਼ੁਕ

ਅਮਰੀਕਾ ਚ ਸ਼ਰਨ ਲੈਣ ਲਈ ਸੰਘਰਸ਼ ਕਰ ਰਹੇ ਦੋ ਭਾਰਤੀਆਂ ਦੀ ਹਾਲਤ ਅੱਤ ਨਾਜ਼ੁਕ

ਕੈਲੀਫੋਰਨੀਆ, (ਹੁਸਨ ਲੜੋਆ ਬੰਗਾ): ਲਾਸਲੇ ਲੋਇਸਿਆਨਾ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਪ੍ਰਾਸੈਸਿੰਗ ਸੈਂਟਰ ਵਿਖੇ ਪਿਛਲੇ 75 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਦੋ ਭਾਰਤੀ ਨਾਗਰਿਕਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਨ ਦੀ ਮੰਗ ਕਰ ਰਹੇ 10 ਵਿਅਕਤੀਆਂ ਨੇ ਪਹਿਲੀ ਨਵੰਬਰ ਤੋਂ ਕੁਝ ਵੀ ਖਾਧਾ ਪੀਤਾ ਨਹੀਂ ਹੈ। ਇਨਾਂ ਵਿਚੋਂ ਦੋ ਭਾਰਤੀ ਨਾਗਿਰਕ ਬਹੁਤ ਕਮਜੋਰ ਹੋ ਚੁੱਕੇ ਹਨ ਤੇ ਉਹ ਮੌਤ ਦੀ ਕਾਗਾਰ 'ਤੇ ਪੁੱਜ ਗਏ ਹਨ। ਹੜਤਾਲੀ ਵਿਅਕਤੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਬਾਂਡ ਉਪਰ ਰਿਹਾਅ ਕੀਤਾ ਜਾਵੇ ਤਾਂ ਜੋ ਉਹ ਆਪਣੇ ਸ਼ਰਨ ਦੇ ਕੇਸਾਂ ਦੀ ਪੈਰਵਾਈ ਲਈ ਵਕੀਲ ਕਰ ਸਕਣ। 

ਇਥੇ ਵਰਣਨਯੋਗ ਹੈ ਕਿ ਟਰੰਪ ਪ੍ਰਸ਼ਾਸਨ ਇਕ ਅਜਿਹੀ ਨੀਤੀ ਉਪਰ ਅਮਲ ਕਰ ਰਿਹਾ ਹੈ ਜਿਸ ਤਹਿਤ ਸ਼ਰਨ ਲੈਣ ਵਾਲਿਆਂ ਨੂੰ ਬਾਂਡ 'ਤੇ ਰਿਹਾਅ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਕ ਲਾਅ ਸੈਂਟਰ ਅਨੁਸਾਰ ਲਾਸਲੇ ਵਿਖੇ ਰੱਖੇ ਵਿਅਕਤੀਆਂ ਵਿਚੋਂ ਕੇਵਲ ਡੇਢ ਪ੍ਰਤੀਸ਼ਤ ਨੂੰ ਹੀ ਬਾਂਡ ਉਪਰ ਰਿਹਾਅ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜੇਕਰ ਕਿਸੇ ਨੂੰ ਬਾਂਡ ਉਪਰ ਰਿਹਾਅ ਕਰ ਵੀ ਦਿੱਤਾ ਜਾਂਦਾ ਹੈ ਤਾਂ ਮਾਮਲੇ ਦੀ ਸੁਣਵਾਈ ਦੌਰਾਨ ਉਸ ਨੂੰ ਸ਼ਰਨ ਦੇਣ ਤੋਂ ਨਾਂਹ ਕਰ ਦਿੱਤੀ ਜਾਂਦੀ ਹੈ। ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਵੱਲੋਂ ਸੂਚਨਾ ਲੈਣ ਦੀ ਆਜ਼ਾਦੀ ਦੇ ਕਾਨੂੰਨ ਤਹਿਤ ਕੀਤੀ ਬੇਨਤੀ ਦੇ ਜਵਾਬ ਵਿਚ ਦਸਿਆ ਗਿਆ ਸੀ ਕਿ 19 ਅਕਤੂਬਰ, 2019 ਨੂੰ ਆਈ ਸੀ ਈ ਡਿਟੈਨਸ਼ਨ ਸੈਂਟਰਾਂ ਵਿਚ 3017 ਭਾਰਤੀ ਨਾਗਰਿਕ ਸਨ ਜਿਨ੍ਹਾਂ ਵਿਚ 2933 ਮਰਦ ਤੇ 84 ਔਰਤਾਂ ਸ਼ਾਮਿਲ ਸਨ।