ਪ੍ਰੋ. ਪੂਰਨ ਸਿੰਘ ਦੇ ‘ਜਪੁ’ ਜੀ ਅਨੁਵਾਦ

ਪ੍ਰੋ. ਪੂਰਨ ਸਿੰਘ ਦੇ ‘ਜਪੁ’ ਜੀ ਅਨੁਵਾਦ

ਪ੍ਰੋ. ਪੂਰਨ ਸਿੰਘ (1881-1931) ਵੀਹਵੀਂ ਸਦੀ ਦਾ ਪ੍ਰਮੁਖ ਏਸ਼ੀਆਈ-ਚਿੰਤਕ ਹੈ, ਜਿਸਨੇ ਸਾਹਿਤ ਅਤੇ ਅਨੁਭਵ ਦੇ ਜਗਤ ਦੀਆਂ ਸਿਰਜਣਾਤਮਕ ਰਚਨਾਵਾਂ ਕਰਨ ਤੋਂ ਇਲਾਵਾ ਦਰਸ਼ਨ, ਕਾਵਿ-ਸ਼ਾਸ਼ਤਰ, ਸਭਿਆਚਾਰ, ਰਾਜਨੀਤੀ, ਸਮਾਜਕ ਵਰਤਾਰੇ, ਸੰਗੀਤ, ਚਿਤਰਕਾਰੀ, ਆਰਥਿਕਤਾ ਅਤੇ ਵਿਗਿਆਨ ਆਦਿ ਖੇਤਰਾਂ ਵਿਚ ਸਿੱਕੇਬੰਦ ਗਿਆਨਾਤਮਕ-ਨਿਸ਼ਾਨਦੇਹੀਆਂ ਕੀਤੀਆਂ ਹਨ। ਪੂਰਨ ਸਿੰਘ ਤੋਂ ਪਹਿਲਾਂ ਅਰਨੈਸਟ ਟਰੰਪ ਨੇ 1877 ਵਿਚ ਅਤੇ ਐਮ. ਏ. ਮੈਕੌਲਿਫ ਨੇ 1899 ਵਿਚ ‘ਜਪੁ’ ਬਾਣੀ ਦੇ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਕੀਤੇ ਪਰ ਉਹਨਾਂ ਦੁਆਰਾ ‘ਜਪੁ’ ਬਾਣੀ ਦੇ ਕੀਤੇ ਅਨੁਵਾਦਾਂ ਤੋਂ ਸਿੱਖ-ਵਿਦਵਾਨ ਸੰਤੁਸ਼ਟ ਨਹੀਂ ਸਨ। ਡਾ. ਟਰੰਪ ਅਤੇ ਮੈਕੌਲਿਫ ਦੁਆਰਾ ਕੀਤੇ ਅਨੁਵਾਦ ਪੂਰਬਵਾਦ/ਬਸਤੀਵਾਦ ਦੇ ਪ੍ਰਵਚਨ ਨਾਲ ਜੁੜੇ ਹੋਏ ਸਨ, ਜੋ ਕਿ “ਯੂਰਪੀ ਗਿਆਨਵਾਦ” ਤੋਂ ਮੁਕਤ ਨਹੀਂ ਸਨ। ਪੂਰਬਵਾਦ ਪੱਛਮੀ ਚਿੰਤਨ ਦੁਆਰਾ ਘੜਿਆ ਗਿਆ ਵਿਸ਼ੇਸ਼ ਚਿੰਤਨ-ਪ੍ਰਬੰਧ ਸੀ, ਜਿਸ ਦੁਆਰਾ ਪੱਛਮੀ ਸਾਮਰਾਜ/ਸਤਾ ਦੀ ਸਦੈਵ ਸਥਾਪਤੀ ਅਤੇ ਪੂਰਬ ਦੇ ਗਿਆਨ-ਪ੍ਰਬੰਧ ਨੂੰ ਨਿਮਨ ਅਤੇ ਨਿਸ਼ਚਤ ਕਰਨ ਦੀ ਕੋਸ਼ਿਸ਼ ਕੀਤੀ ਗਈ।

ਬਸਤੀਵਾਦ ਅਤੇ ਬਸਤੀਵਾਦੀ ਰਾਜਨੀਤੀ ਨੂੰ ਪਿਛਲੇ ਲੰਬੇ ਸਮੇਂ ਤੋਂ ਵਿਭਿੰਨ ਚਿੰਤਕਾਂ ਨੇ ਇਸਦੇ ਕਈ ਪਹਿਲੂਆਂ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅਧਿਐਨ ਦੇ ਨਿਸ਼ਕਰਸ਼ ਵਜੋਂ ਇਹ ਸਥਾਪਤ ਹੋ ਗਿਆ ਹੈ ਕਿ ਬਸਤੀਵਾਦ ਦਾ ਵਰਤਾਰਾ ਇਕ ਧਿਰ ਦੁਆਰਾ ਦੂਜੀ ਧਿਰ ਨੂੰ ਕੇਵਲ ਰਾਜਨੀਤਿਕ ਤੌਰ ‘ਤੇ ਗ਼ੁਲਾਮ ਕਰਨਾ ਹੀ ਨਹੀਂ ਸੀ/ਹੈ ਬਲਕਿ ਇਸ ਤੋਂ ਵੀ ਵਧੇਰੇ ਖੇਤਰੀ ਲੋਕਾਂ ਦੇ ਸਗਲ ਜੀਵਨ ਨਾਲ ਜੁੜੇ ਗਿਆਨ-ਪ੍ਰਬੰਧਾਂ ਨੂੰ ਵੀ ਇਕ ਖ਼ਾਸ ਵਿਆਖਿਆ ਰਾਹੀਂ ਨਿਸ਼ਚਤ ਕਰਨਾ ਹੈ ਤਾਂਕਿ ਸੱਤਾਧਾਰੀ ਲੋਕਾਂ ਦਾ ਧਰਮ ਅਤੇ ਜੀਵਨ ਬਸਤੀ-ਨਿਵਾਸੀਆਂ ਦਾ ਪਰਮ-ਉਦੇਸ਼ ਅਤੇ ਅਭਿਲਾਸ਼ਾ ਬਣ ਸਕੇ। ਬਸਤੀਵਾਦੀ, ਜਿਸ ਗਿਆਨ ਨੂੰ ਲੈ ਕੇ ਵੱਖ-ਵੱਖ ਧਰਤੀਆਂ ‘ਤੇ ਗਏ, ਉਸਦਾ ਮੁਖ ਆਧਾਰ ਪੱਛਮੀ ਗਿਆਨਵਾਦ ਸੀ, ਜਿਸ ਵਿਚ ਤਰਕ ਦੇ ਨੁਕਤੇ ਤੋਂ ‘ਮੁਕਤੀ’ ਦਾ ਵਾਅਦਾ ਸ਼ਾਮਲ ਸੀ। ਦੂਜੀ ਗੱਲ, ਇਹ ਗਿਆਨਵਾਦ ਇਤਿਹਾਸ ਦੇ ਲਕੀਰੀ/ਰੇਖਕੀ ਪਾਸਾਰ ‘ਤੇ ਨਿਰਭਰ ਸੀ, ਜਿਸ ਕਰਕੇ ਇਸਦਾ ਚਿੰਤਨ ਮੂਲ ਰੂਪ ਵਿਚ ਇਕਤਰਫ਼ਾ ਹੋ ਜਾਂਦਾ ਹੈ, ਜਿਸ ਵਿਚ ਇਹ ਕਿਸੇ ਹੋਰ ਗਿਆਨ ਦੀ ਸ਼ਮੂਲੀਅਤ ਨੂੰ ਪ੍ਰਵਾਨ ਨਹੀਂ ਕਰਦਾ। ਹੋਰਨਾਂ ਬਸਤੀਆਂ ਦੀ ਤਰ੍ਹਾਂ ਪੰਜਾਬ ਵਿਚ ਇਸ ਮਾਡਲ ਦਾ ਅਸਰ ਪਿਆ, ਜਿਸ ਕਰਕੇ ਇਸ ਧਰਤੀ ਦੇ ਲੋਕ ਆਪਣੇ ਹੀ ਗਿਆਨ-ਪ੍ਰਬੰਧ ਅਤੇ ਮੂਲ-ਚਿੰਤਨ ਪ੍ਰਤੀ ਸੁਹਿਰਦ ਨਾ ਰਹਿ ਸਕੇ ਅਤੇ ਪ੍ਰਮਾਣਿਕ ਅਤੇ ਅਪ੍ਰਮਾਣਿਕ ਪ੍ਰਸ਼ਨਾਂ ਵਿਚ ਉਲਝ ਗਏ। ਬਸਤੀਵਾਦੀ ਚਿੰਤਨ ਨੇ ਬਸਤੀਆਂ ਦੇ ਮੂਲ-ਚਿੰਤਨ ਨੂੰ ਕਿਸ ਤਰ੍ਹਾਂ ਪ੍ਰਭਾਵਤ ਅਤੇ ਖੰਡਿਤ ਕੀਤਾ, ਇਸਦੇ ਅਧਿਐਨ ਲਈ ਬਰਨਾਰਡ ਐਸ.ਕੋਹਨ, ਐਸ.ਐਨ.ਬਾਲਗੰਗਾਧਰਾ ਅਤੇ ਅਰਵਿੰਦਪਾਲ ਸਿੰਘ ਮੰਡੇਰ ਦੀਆਂ ਲਿਖਤਾਂ ਵਾਚੀਆਂ ਜਾ ਸਕਦੀਆਂ ਹਨ।

ਜੋਨਾਥਨ ਸਮਿਥ, ਤਲਾਲ ਅਸਾਦ ਅਤੇ ਡੇਨੀਅਲ ਡਿਊਬਿਯੂਸਨ ਚਿੰਤਕਾਂ ਦੇ ਅਧਿਐਨ ਦਸਦੇ ਹਨ ਕਿ ਯੋਰਪੀ ਗਿਆਨ ਨੇ ਵਿਭਿੰਨ ਪ੍ਰਵਰਗਾਂ ਦੀ ਰਾਜਨੀਤਕ ਸਥਾਪਤੀ ਨਾਲ ਬਸਤੀ-ਨਿਵਾਸੀਆਂ ਦੇ ਮੂਲ-ਗਿਆਨ ਵਿਚ ਸਥਾਪਤੀ ਕੀਤੀ ਅਤੇ ਖੇਤਰੀ ਗਿਆਨ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿਚ “ਰਿਲੀਜਨ” ਦੇ ਪ੍ਰਵਰਗ ਨੂੰ ਪ੍ਰਮੁਖ ਰੂਪ ਵਿਚ ਸਥਾਪਤ ਕੀਤਾ ਗਿਆ। ਪੀਟਰ ਗੋਸ਼ਕ ਬਸਤੀਵਾਦੀ-ਗਿਆਨਾਤਮਕ ਪ੍ਰਬੰਧ ਨੂੰ ਹਿੰਸਕ ਵਰਤਾਰਾ ਮੰਨਦਾ ਹੈ, ਜਿਸ ਵਿਚ ਕਿਸੇ ਧਰਤੀ ਦੇ ਮੂਲ ਚਿੰਤਨ ਨੂੰ ਵਿਗਿਆਨਕ ਆਧਾਰ ਰਾਹੀਂ ਅਧਿਐਨ ਕਰਦੇ ਹੋਏ ਇਕ-ਪਰਤੀ ਦਿਸ਼ਾ ਵਿਚ ਸਿਧਾ ਲਿਆ ਜਾਂਦਾ ਹੈ ਅਤੇ ਕੁਝ ਸਿੱਟਿਆਂ ਵਿਚ ਨਿਸ਼ਚਤ ਕਰ ਦਿਤਾ ਜਾਂਦਾ ਹੈ। ਇਸ ਵਰਤਾਰੇ ਵਿਚ ਅਨੁਵਾਦ ਦਾ ਅਨੁਸ਼ਾਸ਼ਨ ਵੀ ਰਾਜਨੀਤਕ-ਮਨਸ਼ਾ ਕਰਕੇ ਸਥਾਪਤ ਹੋਇਆ। ਅਨੁਵਾਦ ਚਿੰਤਨ ਦੇ ਵਰਤਮਾਨ ਪ੍ਰਸੰਗ ਵਿਚ ਸਭ ਤੋਂ ਪਹਿਲਾ ਨੁਕਤਾ ਇਹ ਹੈ ਕਿ ਅਨੁਵਾਦ ਅਤੇ ਰਾਜਨੀਤੀ ਆਪਸ ਵਿਚ ਇਕਸੁਰ ਹਨ। ਅਨੁਵਾਦ ਨੂੰ ਅਜੋਕੇ ਸਮੇਂ ਵਿਚ ਰਾਜਨੀਤੀ ਤੋਂ ਭਿੰਨ ਕਰਕੇ ਵੇਖਣਾ ਗਿਆਨਾਤਮਕ-ਚਿੰਤਨ ਦੀ ਰਾਜਨੀਤੀ ਨੂੰ ਨਾ ਸਮਝਣਾ ਹੈ। ਅਨੁਵਾਦ-ਅਭਿਆਸ ਵਿਚ ਕਿਸੇ ਇਕ ਭਾਸ਼ਾ ਦਾ ਦੂਸਰੀ ਭਾਸ਼ਾ ਵਿਚ ਚਲੇ ਜਾਣਾ ਹੀ ਨਹੀਂ ਹੁੰਦਾ ਬਲਕਿ ਇਸ ਨਾਲ ਕਿਸੇ ਇਕ ਭਾਸ਼ਾ ਦੇ ਚਿੰਨ੍ਹਾਂ ਨੂੰ ਦੂਸਰੀ ਭਾਸ਼ਾ ਵਿਚ ਸਥਾਪਤ ਕਰ ਦੇਣਾ ਸੂਖ਼ਮ ਰਾਜਨੀਤੀ ਦਾ ਹਿੱਸਾ ਹੈ। ਅਨੁਵਾਦ ਵਿਚ ਸਥਾਪਤ ਰਾਜਨੀਤੀ ਦਾ ਵੱਡਾ ਅਸਰ ਹੁੰਦਾ ਹੈ, ਜੋ ਕਿ ਪੇਚੀਦਾ ਅਤੇ ਬਾਰੀਕ ਵੀ ਹੈ ਅਤੇ ਸੰਘਣੀ ਵੀ। ਇਸ ਲਈ, ਇਸ ਉਪਰ ਸਰਸਰੀ ਧਿਆਨ ਨਹੀਂ ਕੀਤਾ ਜਾ ਸਕਦਾ। ਜੇਕਰ ਸੱਤਾਧਾਰੀ ਪ੍ਰਵਚਨ ‘ਚ ਵਰਤੀ ਜਾ ਰਹੀ ਭਾਸ਼ਾ ਵਿਚ ਕੋਈ ਅਨੁਵਾਦ ਹੁੰਦਾ ਹੈ ਤਾਂ ਹੋ ਸਕਦਾ ਹੈ ਕਿ ਉਸ ਵਿਚ ਨਿਰਸਤਾ ਦੇ ਪਾਠ ਦੀ ਆਤਮਾ ਦੀ ਸ਼ੁਧਤਾ ਨੂੰ ਨਾ ਰਖਿਆ ਜਾ ਸਕੇ। ਅਜਿਹਾ ਅਭਿਆਸ ਚੇਤੰਨ ਰੂਪ ਵਿਚ ਹੁੰਦਾ ਹੈ ਕਿਉਂਕਿ ਇਸ ਨਾਲ ਸਥਾਪਤ ਕੀਤੇ ਜਾ ਰਹੇ ਮਹਾਂ-ਪ੍ਰਵਚਨ ਦੇ ਟੁੱਟਣ ਦੇ ਆਸਾਰਾਂ ਨੂੰ ਘਟ ਤੋਂ ਘਟ ਕਰਨਾ ਹੁੰਦਾ ਹੈ ਤਾਂਕਿ ਸਥਾਪਤ ਸੱਤਾ ਅਤੇ ਉਸਦੇ ਪ੍ਰਵਚਨ ਨੂੰ ਬਰਕਰਾਰ ਰੱਖਿਆ ਜਾ ਸਕੇ।

ਪ੍ਰੋ. ਪੂਰਨ ਸਿੰਘ ਉਪਰੋਕਤ ਰਾਜਨੀਤੀ ਅਤੇ ਬਸਤੀਵਾਦੀ ਪ੍ਰਵਚਨ ਨੂੰ ਆਪਣੇ ਸਮੇਂ ਵਿਚ ਸਮਝਣ ਵਾਲਾ ਪ੍ਰਮੁਖ ਚਿੰਤਕ ਹੈ, ਜਿਸਨੇ ‘ਜਪੁ’ ਬਾਣੀ ਦੇ ਅੰਗ੍ਰੇਜ਼ੀ ਭਾਸ਼ਾ ਵਿਚ ਦੋ ਅਨੁਵਾਦ ਕੀਤੇ ਅਤੇ ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਬਾਣੀਆਂ ਦਾ ਅਨੁਵਾਦ ਕੀਤਾ। ਇਹਨਾਂ ਅਨੁਵਾਦਾਂ ਵਿਚ ਉਸਨੇ ਇਹ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬਾਣੀ ਨਾ-ਅਨੁਵਾਦ ਕੀਤੇ ਜਾਣ ਵਾਲੀ ਹੈ ਭਾਵ ਬਾਣੀ ਦੀ ਇਕ-ਪਰਤੀ ਵਿਆਖਿਆ ਸੰਭਵ ਨਹੀਂ ਹੈ। ਬਾਣੀ ‘ਅਕਾਲੀ ਵਸਤ’ ਹੈ, ਜਿਸਨੂੰ ਕਾਲ ਅਤੇ ਸਥਾਨ ਦੀ ਨਿਸ਼ਚਿਤਤਾ ਵਿਚ ਸੀਮਤ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਬਾਣੀ ਦੀ ਕਿਸੇ ਵੀ ਕਾਲ/ਸਮੇਂ ਵਿਚ ਵਿਆਖਿਆ ਕਰਨ ਲਈ ਸਿਖ-ਅਨੁਭਵ ਦੀ ਨਿਸ਼ਚਤ ਕਾਲ ‘ਚ ਪਸਰੀ ਚੇਤਨਾ ਨਾਲ ਲਗਾਤਾਰ ਸੰਬੰਧ ਬਣਾਉਣੇ ਪੈਣਗੇ। ਕਾਲ ਦੀ ਤੋਰ ਲਗਾਤਾਰ ਮਨੁਖੀ ਚੇਤਨਾ ਵਿਚ ਨਵੇਂ ਪ੍ਰਸ਼ਨ ਅਤੇ ਸਮਸਿਆਵਾਂ ਪੈਦਾ ਕਰਦੀ ਹੈ, ਜਿਸਦੀ ਸਮਝ ਲਈ ਸਿਖ-ਅਨੁਭਵ ‘ਚੋਂ ਲਗਾਤਾਰ ਵਿਆਖਿਆਵਾਂ ਦਾ ਹੁੰਦੇ ਰਹਿਣਾ ਜਰੂਰੀ ਹੈ ਕਿਉਂਕਿ ਕੋਈ ਇਕ ਵਿਆਖਿਆ ਸਿਖ-ਅਨੁਭਵ ਦੇ ਸਗਲੇ ਪਾਸਾਰਾਂ ਨੂੰ ਪ੍ਰਗਟ ਨਹੀਂ ਕਰ ਸਕਦੀ। ਇਹ ਵਿਆਖਿਆ ਦੀ ਸੀਮਾ ਹੋਣ ਦੇ ਨਾਲ-ਨਾਲ ਇਕ ਪ੍ਰਾਪਤੀ ਵੀ ਹੈ ਕਿਉਂਕਿ ਸੀਮਾ ਹੀ ਕਿਸੇ ਕਾਰਜ ਨੂੰ ਪ੍ਰਗਟ ਅਤੇ ਰੂਪਮਾਨ ਕਰ ਸਕਦੀ ਹੈ। ਇਸ ਤੋਂ ਬਿਨਾਂ ਕਿਸੇ ਵੀ ਲਿਖਤ ਦਾ ਪੈਦਾ ਹੋਣਾ ਵੀ ਮੁਸ਼ਕਿਲ ਕਾਰਜ ਹੈ।

ਪੂਰਨ ਸਿੰਘ ਅਨੁਸਾਰ ‘ਜਪੁ’ ਬਾਣੀ ਦਾ ਸਦਾ ਲਈ ਇਕ ਹੀ ਅਨੁਵਾਦ, ਅਸੰਭਵ ਹੈ, ਕਿਉਂਕਿ ਇਸ ਵਿਚ ਅਨੰਤ ਬ੍ਰਹਿਮੰਡ ਇਕਠੇ ਘੁੰਮ ਰਹੇ ਹਨ। ਪੂਰਨ ਸਿੰਘ ਦਾ ਚਿੰਤਨ ਪ੍ਰਮੁਖ ਰੂਪ ਵਿਚ ਗਿਆਨ, ਸੁਹਜ ਅਤੇ ਅਧਿਆਤਮਕਤਾ ਦੇ ਆਪਸੀ ਰਿਸ਼ਤਿਆਂ ਵਿਚੋਂ ਪੈਦਾ ਹੁੰਦਾ ਹੈ। ਉਸਦੀ ਲਿਖਤ ਵਿਚ ਦੋ ਮੁਖ ਸਿਧਾਂਤਕ ਧੁਰੇ ‘ਅਨੁਭਵ’ ਅਤੇ ‘ਅਹਿਸਾਸ’ ਹਨ, ਜਿਨ੍ਹਾਂ ਨੂੰ ਉਹ ‘ਵਿਚਾਰ’ ਦੇ ਸਿਧਾਂਤ ਤੋਂ ਉਪਰ ਮੰਨਦਾ ਹੈ। ‘ਜਪੁ’ ਬਾਣੀ ਦਾ ਰੋਜ਼ਾਨਾ ਪਾਠ ਕੀਤਾ ਜਾਂਦਾ ਹੈ, ਜੋ ਕਿ ਹਰ ਵਾਰ ਨਵਾਂ ਹੈ। ਇਸ ਕਰਕੇ ਪੂਰਨ ਸਿੰਘ ‘ਜਪੁ’ ਬਾਣੀ ਨੂੰ ਵਾਰ-ਵਾਰ ਅਨੁਵਾਦ ਕਰਨਾ ਚਾਹੁੰਦਾ ਹੈ ਤਾਂਕਿ ਕਾਲ ਵਿਚ ਪਸਰੀ ਚੇਤਨਾ ਦੇ ਆਪਣੇ ਅਧਿਆਤਮਕ-ਸ੍ਰੋਤ ਨਾਲ ਮਿਲਣ ਅਤੇ ਉਸ ਵਿਚੋਂ ਪ੍ਰਗਟ ਹੁੰਦੇ ਅਹਿਸਾਸਾਂ ਨੂੰ ਦੱਸ ਸਕੇ ਕਿ ਇਹ ਹਰ ਵਾਰ ਨਵੇਂ ਅਤੇ ਮਉਲਦੇ ਹੋਏ ਹੁੰਦੇ ਹਨ। ਆਪਣੇ ਕੀਤੇ ਅਨੁਵਾਦ ਬਾਰੇ ਉਹ ਕਹਿੰਦਾ ਹੈ ਕਿ “ਹੋ ਸਕਦਾ ਹੈ ਕਿ ਤੁਸੀਂ ਕਹੋ ਕਿ ਇਹ ਅਨੁਵਾਦ ਨਹੀਂ ਹੈ। ਸਚਮੁਚ ਹੀ, ਇਹ ਨਹੀਂ ਹੈ ਬਲਕਿ ਇਹ ਉਹ ਅਨੰਤ ਕੀਤੇ ਗਏ ਪਾਠਾਂ ਵਿਚੋਂ ਇਕ ਹੈ”। ਇਸ ਤਰ੍ਹਾਂ ਪੂਰਨ ਸਿੰਘ ਅਨੁਵਾਦ ਦੇ ਬਸਤੀਵਾਦੀ ਨਿਸ਼ਚਤ ਚੌਖ਼ਟੇ ਵਿਚ ਅਨੁਵਾਦ ਕਰਨ ਨੂੰ ਸਹਿਮਤ ਵਿਖਾਈ ਨਹੀਂ ਦਿੰਦਾ ਬਲਕਿ ਸਿਖ-ਅਨੁਭਵ ਦੇ ਨੁਕਤੇ ਤੋਂ ਉਹ ‘ਪਾਠ’ ਦਾ ਮੌਲਿਕ ਪ੍ਰਵਰਗ ਉਸਾਰਦਾ ਹੈ, ਜੋ ਕਿ ਬਸਤੀਵਾਦੀ-ਰਾਜਨੀਤਿਕ-ਗਿਆਨਾਤਮਕ ਪ੍ਰਬੰਧ ਤੋਂ ਮੁਕਤ ਮੁਹਾਵਰਾ ਸਿਰਜਦਾ ਹੈ। ਉਹ ‘ਜਪੁ’ ਬਾਣੀ ਦੀ ਵਿਆਖਿਆ ਇਕਹੈਰੇ ਦ੍ਰਿਸ਼ਟੀਕੋਣ ਤੋਂ ਨਾ ਕਰਕੇ ਇਸਦੀ ਵਿਸ਼ਵ-ਵਿਆਪੀ ਸੰਦਰਭ ਵਿਚ ਵਿਆਖਿਆ ਕਰਦਾ ਹੈ। ਉਸ ਲਈ ਬਾਣੀ ਦੀ ਤਾਸੀਰ ਦਾ ਅਨੁਭਵ ਕਿਸੇ ਨਿਸ਼ਚਤ, ਸਥਾਨਕ ਅਤੇ ਮਨੋਵਿਗਿਆਨਕ ਪ੍ਰਭਾਵ ਤੋਂ ਮੁਕਤ ਹੈ, ਜਿਸ ਕਰਕੇ ਉਹ ਬਾਣੀ ਦੀ ਵਿਆਖਿਆ ਨੂੰ ਬਹੁ-ਦਿਸ਼ਾਵੀ ਪਰਿਪੇਖ ਤੋਂ ਕਰਦਾ ਹੈ।ੴ ਦੀ ਵਿਆਖਿਆ ਉਹ “He is One. He is the First. He is all that is” ਕਰਦਾ ਹੈ, ਜੋ ਕਿ ਬਸਤੀਵਾਦੀ ਚਿੰਤਨ ਤੋਂ ਮੁਕਤ ਵਿਆਖਿਆ ਹੈ। ਇਸ ਅਨੁਸਾਰ ਅਕਾਲਪੁਰਖ਼/ਵਾਹਿਗੁਰੂ ਇਕ ਵੀ ਹੈ, ਆਦਿ ਵੀ ਹੈ ਅਤੇ ਸਭ ਕਿਛੁ ਵੀ ਹੈ ਭਾਵ ਉਸਨੂੰ ਕਾਲ ਅਤੇ ਸਥਾਨ ਦੀ ਇਕਪਰਤੀ ਚੇਤਨਾ ਅਧੀਨ ਤਸੱਵਰ ਨਹੀਂ ਕੀਤਾ ਜਾ ਸਕਦਾ।

ਪੂਰਨ ਸਿੰਘ ਦੁਆਰਾ ਕੀਤੇ ਅਨੁਵਾਦ ਕਿਸੇ ਸ਼ਬਦ ਦੇ ਸਾਧਾਰਨ ਅਰਥਾਂ ਤਕ ਮਹਿਦੂਦ ਨਾ ਹੋ ਕੇ ਸਗੋਂ ਸਿੱਖ-ਅਨੁਭਵ ਦੀਆਂ ਸਿਮਰਨਮਈ ਪਰਤਾਂ ਨੂੰ ਖੋਲਣ ਦੀ ਸਮਰੱਥਾ ਵਾਲੇ ਹਨ, ਜਿਸ ਵਿਚ ਆਪਹੁਦਰੇ ਅਤੇ ਮਨੋਵਿਗਿਆਨਕ ਅੰਸ਼ਾਂ ਦੇ ਜਜਬਾਤੀ ਉਲਾਰਾਂ ਦੀ ਥਾਂ ਕਿਰਤਮਈ-ਅਨੁਭਵ ਦੀ ਵਿਆਖਿਆ ਪੈਦਾ ਹੁੰਦੀ ਹੈ। ‘ਜਪੁ’ ਬਾਣੀ ਦੇ ਅੰਤਲੇ ਸਲੋਕ ਦੀ ਵਿਆਖਿਆ ਦਸਦੀ ਹੈ ਕਿ ਪੂਰਨ ਸਿੰਘ ਦਾ ਗਿਆਨਾਤਮਕ-ਅਨੁਭਵ ਉਹਨਾਂ ਪਾਸਾਰਾਂ ਨਾਲ ਇਕਮਿਕ ਸੀ, ਜਿਥੇ ਕਿਸੇ ਵੀ ਚਿੰਨ੍ਹ ਦੀ ਆਤਮਾ ਅਤੇ ਗਿਆਨਾਤਮਕ-ਦਿਭਤਾ ਨੂੰ ਸਹਿਜ ਨਾਲ ਆਤਮਸਾਤ ਕੀਤਾ ਜਾ ਸਕਦਾ ਸੀ ਅਤੇ ਦੂਜੇ ਪਾਸੇ ਉਹ ਇੰਨਾ ਚੇਤੰਨ ਸੀ ਕਿ ਉਸ ਅਨੁਸਾਰ ਸਿਖ-ਅਨੁਭਵ ਦੀ ਮੌਲਿਕਤਾ ਦੇ ਸੰਕਲਪਾਂ ਜਿਵੇਂ ਕਿ ਧਿਆਨ ਅਤੇ ਨਾਮ ਆਦਿ ਦੀ ਸਾਧਾਰਨ ਵਿਆਖਿਆ ਨਹੀਂ ਕੀਤੀ ਜਾ ਸਕਦੀ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਨਾਮ ਨੂੰ ਅੰਗਰੇਜ਼ੀ ਭਾਸ਼ਾ ਦੇ 'Name' ਵਿਚ ਉਲਥਾਇਆ ਨਹੀਂ ਜਾ ਸਕਦਾ। ਅਜਿਹਾ ਕਰਨ ਨਾਲ ਨਾਮ ਜਪਣ ਦੀ ਲਗਾਤਾਰਤਾ ਦਾ ਅਨੁਭਵ ਕਿਸੇ ਦੂਜੀ ਭਾਸ਼ਾ ਦੇ ਇਕਪਰਤੀ ਸੰਕਲਪ ਵਿਚ ਗੁਆਚ ਸਕਦਾ ਹੈ। ਪੂਰਨ ਸਿੰਘ ਦੁਆਰਾ ‘ਜਪੁ’ ਬਾਣੀ ਦੇ ਮੂਲ ਸੰਕਲਪਾਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਨਾ ਉਲਥਾ ਕੇ ਮੌਲਿਕ ਰੂਪ ਵਿਚ ਰਖਣਾ ਉਸਦਾ ਬਸਤੀਵਾਦੀ-ਰਾਜਨੀਤੀ ਤੋਂ ਚੇਤੰਨ ਹੋਣਾ ਹੈ। ਉਸ ਦੁਆਰਾ ‘ਜਪੁ’ ਬਾਣੀ ਤੋਂ ਇਲਾਵਾ ਗੁਰਬਾਣੀ ਦੇ ਹੋਰ ਕੀਤੇ ਅਨੁਵਾਦਾਂ ਦੇ ਸਿਧਾਂਤਕ-ਸੂਤਰਾਂ ਦਾ ਸਿਖ/ਪੰਜਾਬੀ ਅਕਾਦਮਕਤਾ ਵਿਚ ਅਧਿਐਨ ਹੋਣਾ ਅਜੇ ਬਾਕੀ ਹੈ, ਜਿਸਦੇ ਅਨੁਸਰਣ/ਅਭਿਆਸ ਨਾਲ ਇਸ ਧਰਤੀ ਦੇ ਮੌਲਿਕ ਪ੍ਰਵਰਗਾਂ ਦੀ ਵਿਸ਼ਵ-ਅਕਾਦਮਕਤਾ ਵਿਚ ਹਾਜ਼ਰੀ ਲਗਵਾਈ ਜਾ ਸਕਦੀ ਹੈ।

ਡਾ. ਜਸਵਿੰਦਰ ਸਿੰਘ
ਅਸਿਸਟੈਂਟ ਪ੍ਰੋਫ਼ੈਸਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
8146258800

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।