ਕੈਮੀਕਲ ਪਲਾਂਟ ਨੂੰ ਅੱਗ ਲੱਗਣ ਉਪਰੰਤ ਦੂਰ ਦਰ ਤੱਕ ਫੈਲਿਆਂ ਧੂੰਆਂ

ਕੈਮੀਕਲ ਪਲਾਂਟ ਨੂੰ ਅੱਗ ਲੱਗਣ ਉਪਰੰਤ ਦੂਰ ਦਰ ਤੱਕ ਫੈਲਿਆਂ ਧੂੰਆਂ
ਅੱਗ ਲੱਗਣ ਉਪਰੰਤ ਕੈਮੀਕਲ ਪਲਾਂਟ ਵਿਚੋਂ ਨਿਕਲ ਰਿਹਾ ਧੂੰਆਂ

* ਸਿਹਤ ਮਾਹਿਰਾਂ ਨੇ ਲੋਕਾਂ ਨੂੰ ਮਾਸਕ ਪਹਿਣਨ ਲਈ ਕਿਹਾ

* ਇਕ ਕਿਲੋਮੀਟਰ ਦਾ ਘੇਰਾ ਕਰਵਾਇਆ ਖਾਲੀ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਸੈਕਰਾਮੈਂਟੋ 15 ਜੂਨ (ਹੁਸਨ ਲੜੋਆ ਬੰਗਾ)-ਰਾਕਟਨ, ਇਲੀਨੋਇਸ ਵਿਚ ਕੈਮਟੂਲ ਇੰਕ ਪਲਾਂਟ ਨੂੰ ਲੱਗੀ ਜਬਰਦਸਤ ਅੱਗ ਕਾਰਨ ਨਾਲ ਲੱਗਦੇ ਖੇਤਰ ਵਿਚ ਰਸਾਇਣਾਂ ਵਾਲਾ ਗੰਦਾ ਧੂੰਆਂ ਫੈਲ ਗਿਆ। ਪੁਲਿਸ ਅਨੁਸਾਰ ਸ਼ਹਿਰ ਦੇ ਅੱਗ ਬੁਝਾਊ ਵਿਭਾਗ ਨੇ ਪਲਾਂਟ ਤੋਂ ਇਕ ਕਿਲੋਮੀਟਰ ਦੇ ਘੇਰੇ ਵਿਚ ਰਹਿੰਦੇ ਲੋਕਾਂ ਨੂੰ ਤੁਰੰਤ ਘਰ ਬਾਰ  ਛੱਡਕੇ ਬਾਹਰ ਨਿਕਲ ਜਾਣ ਦਾ ਆਦੇਸ਼ ਦਿੱਤਾ ਹੈ। ਜਨ ਸਿਹਤ ਅਧਿਕਾਰੀ ਡਾ ਸਾਂਡਰਾ ਮਾਰਟੈਲ ਨੇ ਕਿਹਾ ਹੈ ਕਿ ਪਲਾਂਟ ਤੋਂ 3 ਮੀਲ ਦੇ ਘੇਰੇ ਵਿਚ ਰਹਿੰਦੇ ਲੋਕਾਂ ਲਈ ਮਾਸਕ ਪਾਉਣਾ ਜਰੂਰੀ ਹੈ ਕਿਉਂਕਿ ਰਸਾਇਣ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਉਨਾਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਅਸਮਾਨ ਵਿਚੋਂ ਡਿੱਗੀ ਰਹਿੰਦ ਖੂੰਹਦ ਨੂੰ ਹੱਥ ਨਾ ਲਾਇਆ ਜਾਵੇ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਉਸ ਵਿਚ ਕੀ ਹੈ। ਉਹ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ। ਘੱਟੋ ਘੱਟ ਨੰਗੇ ਹੱਥਾਂ ਨਾਲ ਇਸ ਰਹਿੰਦ ਖੂੰਹਦ ਨੂੰ ਬਿਲਕੁੱਲ ਨਾ ਚੁੱਕਿਆ ਜਾਵੇ। ਰਾਕਟਨ ਦੇ ਅੱਗ ਬੁਝਾਊ ਵਿਭਾਗ ਦੇ ਮੁੱਖੀ ਕਿਰਕ ਵਿਲਸਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਪਲਾਂਟ ਵਿਚ ਕੁਝ ਦਿਨਾਂ ਤੋਂ ਸੜ ਰਹੀ ਰਹਿੰਦ ਖੂੰਹਦ ਤੋਂ ਅੱਗ ਫੈਲੀ ਹੋ ਸਕਦੀ ਹੈ। ਅੱਗ ਲੱਗਣ ਉਪਰੰਤ ਹੋਏ ਧਮਾਕੇ ਵਾਲੇ ਸਥਾਨ ਤੋਂ ਧੂੁੰਆਂ ਦੱਖਣ ਤੇ ਦੱਖਣ-ਪੂਰਬ ਵੱਲ ਫੈਲ ਗਿਆ। ਵਿਲਸਨ ਅਨੁਸਾਰ ਚਿੰਤਾ ਦਾ ਮੁੱਖ ਕਾਰਨ ਇਹ ਹੈ ਕਿ ਤਕਰੀਬਨ 300 ਮੀਟਰ ਦੂਰ ਪੈਂਦੇ ਰਾਕ ਰਿਵਰ ਵਿਚ ਤੇਲ ਦੇ ਮਿਸ਼ਰਣ ਵਾਲਾ ਤਰਲ ਪਦਾਰਥ ਪੈ ਰਿਹਾ ਹੈ। ਇਸ ਦੌਰਾਨ ਹਵਾ ਦੀ ਸ਼ੁਧਤਾ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਮੀਨੀ ਪੱਧਰ ਉਪਰ ਹਵਾ ਦੀ ਗੁਣਵਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।