ਗੈਰ ਕਾਨੂੰਨੀ ਢੰਗ ਤਰੀਕੇ ਨਾਲ ਹਥਿਆਰ ਖਰੀਦਣ ਦੇ ਮਾਮਲੇ ਵਿਚ 3 ਫੌਜੀ ਗ੍ਰਿਫਤਾਰ

ਗੈਰ ਕਾਨੂੰਨੀ ਢੰਗ ਤਰੀਕੇ ਨਾਲ ਹਥਿਆਰ ਖਰੀਦਣ ਦੇ ਮਾਮਲੇ ਵਿਚ 3 ਫੌਜੀ ਗ੍ਰਿਫਤਾਰ

 * ਹੋ ਸਕਦੀ ਹੈ 20 ਸਾਲ ਦੀ ਸਜ਼ਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ 12 ਮਈ (ਹੁਸਨ ਲੜੋਆ ਬੰਗਾ)- ਸੰਘੀ  ਏਜੰਟਾਂ ਨੇ ਫੋਰਟ ਕੈਂਪਬੈਲ ਵਾਸੀ 3 ਫੌਜੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਹਥਿਆਰ ਖਰਦੀਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦਾ ਪਰਦਾਫਾਸ਼ ਇਨਾਂ ਹਥਿਆਰਾਂ ਦੀ ਵਰਤੋਂ  ਸਮਾਜ ਵਿਰੋਧੀ ਅਨਸਰਾਂ ਵੱਲੋਂ ਕਰਨ ਉਪਰੰਤ ਹੋਇਆ ਸੀ। ਗ੍ਰਿਫਤਾਰ ਕੀਤੇ ਫੌਜੀਆਂ ਵਿਚ ਡੇਮਾਰਕਸ ਐਡਮਜ , ਜਾਰੀਅਸ ਬਰੂਨਸਨ ਤੇ ਬਰਾਨਡਨ ਮਿਲਰ ਸ਼ਾਮਿਲ ਹਨ। ਇਨਾਂ ਸਾਰਿਆਂ ਦੀ ਉਮਰ 22 ਸਾਲ ਦੇ ਕਰੀਬ ਹੈ। ਇਹ ਸਾਰੇ ਅਮਰੀਕੀ ਫੌਜ ਦੇ ਕਲਾਰਕਸਵਿਲੇ ਟਿਕਾਣੇ ਉਪਰ ਤਾਇਨਾਤ  ਸਨ। ਗ੍ਰਿਫਤਾਰੀਆਂ ਦਾ ਖੁਲਾਸਾ ਅਮਰੀਕੀ ਫੌਜ ਦੀ ਕ੍ਰਿਮੀਨਲ ਜਾਚ ਡਵੀਜ਼ਨ ਦੇ ਕਾਰਜਕਾਰੀ ਅਟਾਰਨੀ ਮੈਰੀ ਜੇਨ ਸਟੀਵਰਟ ਨੇ ਕੀਤਾ। ਇਸ ਮਾਮਲੇ ਦੀ ਜਾਂਚ ਇਸ ਸਾਲ 26 ਮਾਰਚ ਨੂੰ ਸ਼ੁਰੂ ਹੋਈ ਸੀ ਜਦੋਂ ਸ਼ਿਕਾਗੋ ਪੁੁਲਿਸ ਇਕ ਗੋਲੀਬਾਰੀ ਦੀ ਘਟਨਾ ਉਪਰੰਤ ਮੌਕੇ ਉਪਰ ਪੁੱਜੀ ਸੀ ਜਿਥੇ ਦੋ ਵਿਅਕਤੀਆਂ ਨੇ ਇਕ ਪਾਰਟੀ ਵਿਚ  ਗੋਲੀਬਾਰੀ ਕੀਤੀ ਸੀ। ਪੁਲਿਸ ਨੂੰ ਮੌਕੇ ਤੋਂ ਬਹੁਤ ਸਾਰੇ ਹਥਿਆਰ ਬਰਾਮਦ ਹੋਏ ਸਨ ਤੇ ਇਨਾਂ ਵਿਚੋਂ ਪੰਜ ਹਥਿਆਰਾਂ ਦੀ ਖਰੀਦ ਕਰਾਲਕਸਵਿਲੇ ਦੇ ਫੈਡਰਲ ਫਾਇਰਆਰਮਜ ਲਾਇੰਸੈਂਸਡ ਡੀਲਰਾਂ ਤੋਂ ਹਾਲ ਹੀ ਵਿਚ ਕੀਤੀ ਗਈ ਸੀ। ਜਾਂਚ ਉਪਰੰਤ ਪਤਾ ਲੱਗਾ ਕਿ ਬਹੁਗਿਣਤੀ ਹਥਿਆਰ ਐਡਮਜ, ਬਰੂਨਸਨ ਤੇ ਮਿਲਰ ਨੇ ਖਰੀਦੇ ਸਨ। ਇਨਾਂ ਨੇ ਸਤੰਬਰ 2019 ਤੋਂ ਬਾਅਦ 91 ਅਗਨ ਸ਼ਸ਼ਤਰ ਖ੍ਰੀਦੇ। ਇਹ ਅਗਨ ਸ਼ਸ਼ਤਰ ਕਲਾਰਕਸਵਿਲੇ, ਓਕ ਗਰੋਵ, ਕੈਂਟੂਕੀ, ਹੋਪਕਿਨਸਵਿਲੇ,ਫੋਰਟ ਕੈਂਪਬੈਲ ਤੇ ਪੈਡੂਕਾਹ ਤੋਂ ਵੱਖ ਵੱਖ ਡੀਲਰਾਂ ਤੋਂ ਖਰੀਦੇ ਗਏ ਸਨ। ਜੇਕਰ ਗ੍ਰਿਫਤਾਰ ਫੌਜੀਆਂ ਵਿਰੁੱਧ ਲਾਏ ਦੋਸ਼ ਸਹੀ ਸਾਬਤ ਹੋ ਗਏ ਤਾਂ ਇਨਾਂ ਵਿਚੋਂ ਹਰੇਕ ਨੂੰ 20 ਸਾਲ ਜੇਲ ਦੀ ਸਜਾ ਹੋ ਸਕਦੀ ਹੈ। ਇਨਾਂ ਵਿਰੁੱਧ ਹਥਿਆਰਾਂ ਨੂੰ ਦੂਸਰੇ ਰਾਜਾਂ ਵਿਚ ਲਿਜਾਣ, ਹਥਿਆਰ ਖਰੀਦਣ ਸਮੇ ਝੂਠੇ ਬਿਆਨ ਦੇਣ, ਲਾਇਸੰਸ ਤੋਂ ਬਗੈਰ ਹਥਿਆਰਾਂ ਦਾ ਕਾਰੋਬਾਰ ਕਰਨ, ਵਾਇਰ ਫਰਾਡ ਤੇ ਕਾਲਾ ਧੰਨ ਚਿੱਟਾ ਕਰਨ ਦੇ ਦੋਸ਼ ਲਾਏ ਗਏ ਹਨ।