ਟਰੂਡੋ ਨੇ ਖਾਲਿਸਤਾਨ ਬਾਰੇ ਮੋਦੀ ਨੂੰ ਦਿਤਾ ਜੁਆਬ

ਟਰੂਡੋ ਨੇ ਖਾਲਿਸਤਾਨ ਬਾਰੇ ਮੋਦੀ ਨੂੰ ਦਿਤਾ ਜੁਆਬ

 ਟਰੂਡੋ ਨੇ ਖਾਲਿਸਤਾਨ ਮੁਦੇ ਉਪਰ ਮੋਦੀ ਨੂੰ ਦਿਤਾ ਜੁਆਬ, ਕਿਹਾ ਕਿ ਕੈਨੇਡਾ ਸ਼ਾਂਤੀਪੂਰਨ ਪ੍ਰਦਰਸ਼ਨ ਦਾ ਵਿਰੋਧੀ ਨਹੀਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਿਚ ਖ਼ਾਲਿਸਤਾਨੀ ਸਮਰਥਕਾਂ ਦੀਆਂ ਵਧਦੀਆਂ ਸਰਗਰਮੀਆਂ 'ਤੇ ਭਾਰਤ ਦੀਆਂ ਚਿੰਤਾਵਾਂ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਉਨ੍ਹਾਂ ਦਾ ਦੇਸ਼ ਹਮੇਸ਼ਾ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੀ ਆਜ਼ਾਦੀ ਦੀ ਰੱਖਿਆ ਕਰੇਗਾ, ਪਰ ਨਾਲ ਹੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਹਮੇਸ਼ਾ ਹਿੰਸਾ ਨੂੰ ਰੋਕਦਾ ਰਹੇਗਾ ਤੇ ਨਫ਼ਰਤ ਨੂੰ ਪਿੱਛੇ ਧੱਕੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਸਮੁੱਚੇ ਭਾਈਚਾਰੇ ਜਾਂ ਕੈਨੇਡਾ ਦੀ ਪ੍ਰਤੀਨਿਧਤਾ ਨਹੀਂ ਕਰਦੀਆਂ। ਖ਼ਾਲਿਸਤਾਨੀ ਸਮਰਥਕਾਂ ਤੇ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਇਕ ਸਵਾਲ ਦੇ ਜਵਾਬ 'ਚ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਗੱਲਬਾਤ ਵਿਚ ਇਹ ਮੁੱਦੇ ਸਾਹਮਣੇ ਆਏ ਹਨ।ਉਨ੍ਹਾਂ ਕਿਹਾ ਕਿ ਕੈਨੇਡਾ ਹਮੇਸ਼ਾ ਪ੍ਰਗਟਾਵੇ ਦੀ ਆਜ਼ਾਦੀ, ਜ਼ਮੀਰ ਦੀ ਆਜ਼ਾਦੀ ਅਤੇ ਸ਼ਾਂਤਮਈ ਵਿਰੋਧ ਦੀ ਆਜ਼ਾਦੀ ਦੀ ਰੱਖਿਆ ਕਰੇਗਾ ਤੇ ਇਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਵਿਚ ਇਕ ਅਸਾਧਾਰਨ ਤੌਰ 'ਤੇ ਮਹੱਤਵਪੂਰਨ ਅਰਥਵਿਵਸਥਾ ਹੈ ਅਤੇ ਜਲਵਾਯੂ ਤਬਦੀਲੀ ਨਾਲ ਲੜਨ ਤੋਂ ਲੈ ਕੇ ਨਾਗਰਿਕਾਂ ਲਈ ਵਿਕਾਸ ਅਤੇ ਖੁਸ਼ਹਾਲੀ ਪੈਦਾ ਕਰਨ ਤੱਕ ਹਰ ਚੀਜ਼ ਵਿਚ ਕੈਨੇਡਾ ਦਾ ਇਕ ਮਹੱਤਵਪੂਰਨ ਭਾਈਵਾਲ ਹੈ।