ਟਰੂਡੋ ਭਾਰਤ ਵਿੱਚ ਵਾਪਰੇ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਐਲਾਨੇ

ਟਰੂਡੋ ਭਾਰਤ ਵਿੱਚ ਵਾਪਰੇ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਐਲਾਨੇ

* ਐਨਡੀਪੀ ਦੇ ਮੁਖੀ ਜਗਮੀਤ ਸਿੰਘ ਨੇ ਅਵਾਜ਼ ਕੀਤੀ ਬੁਲੰਦ,
ਕਿਹਾ ਕਿ 1984 ਦੁਖਾਂਤ ਲਈ ਸੰਘ ਪਰਿਵਾਰ ਜ਼ਿੰਮੇਵਾਰ
*ਸੰਘ ਪਰਿਵਾਰ ਉਪਰ ਦਿਲੀ ਕਤਲੇਆਮ ਦੇ ਕੇਸ ਹੋ ਚੁਕੇ ਨੇ ਦਰਜ਼

ਕੈਨੇਡਾ ਦੀ ਗੱਠਜੋੜ ਸਰਕਾਰ ਦਾ ਹਿੱਸਾ  ਐਨਡੀਪੀ ਦੇ ਮੁਖੀ ਜਗਮੀਤ ਸਿੰਘ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਲੈ ਕੇ ਮੁਦਾ ਉਠਾਇਆ ਹੈ। ਜਗਮੀਤ ਸਿੰਘ ਨੇ ਇਸ ਨੂੰ ਸਿੱਖਾਂ ਦੀ ਨਸਲਕੁਸ਼ੀ ਕਰਾਰ ਦਿੱਤਾ ਅਤੇ ਇਸ ਲਈ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਜਗਮੀਤ ਸਿੰਘ ਨੇ ਟਵਿੱਟਰ (ਪਹਿਲੇ ਟਵਿੱਟਰ) 'ਤੇ ਲਿਖਿਆ ਕਿ ਅੱਜ ਸਿੱਖ ਕਤਲੇਆਮ ਦੀ 39ਵੀਂ ਬਰਸੀ ਹੈ। ਸਟੇਟ-ਪ੍ਰਯੋਜਿਤ ਹਿੰਸਾ ਵਿੱਚ ਹਜ਼ਾਰਾਂ ਸਿੱਖ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ। ਇਸ ਸਾਲ ਸਾਨੂੰ ਪਤਾ ਲੱਗਾ ਹੈ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ। ਇਸ ਨੇ ਪੁਰਾਣੇ ਜ਼ਖ਼ਮ ਮੁੜ ਖੋਲ੍ਹ ਦਿੱਤੇ ਹਨ।ਜਗਮੀਤ ਸਿੰਘ ਨੇ ਅੱਗੇ ਲਿਖਿਆ ਕਿ ਹੁਣ ਸਿੱਖਾਂ ਦੇ ਜ਼ਖਮਾਂ ਨੂੰ ਭਰਨ ਦੇ ਯਤਨਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।  ਐਨਡੀਪੀ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਨਸਲਕੁਸ਼ੀ ਮੰਨਦੀ ਹੈ ਅਤੇ ਕੈਨੇਡਾ ਵਿੱਚ ਆਰਐਸਐਸ ਅਤੇ ਇਸ ਨਾਲ ਸਬੰਧਤ ਸੰਗਠਨਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕਰਦੀ ਹੈ।ਕਿਉਂ ਕਿ ਇਸ ਕਤਲੇਆਮ ਵਿਚ ਸੰਘ ਪਰਿਵਾਰ ਸ਼ਾਮਲ ਸੀ"


ਯਾਦ ਰਹੇ ਕਿ 18 ਸਤੰਬਰ ਨੂੰ ਜਦੋਂ ਟਰੂਡੋ ਨੇ ਭਾਈ  ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ਕੈਨੇਡਾ ਦੀ ਸੰਸਦ ਵਿੱਚ ਗੱਲ ਕੀਤੀ ਸੀ, ਉਦੋਂ ਤੋਂ ਹੀ ਜਗਮੀਤ ਸਿੰਘ ਮੋਦੀ ਸਰਕਾਰ ਵਿਰੁੱਧ ਹਮਲਾਵਰ ਰੁਖ਼ ਅਪਣਾ ਰਹੇ ਹਨ। ਪਿਛਲੇ ਮਹੀਨੇ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਦੇਸ਼ ਦੀਆਂ ਰਾਸ਼ਟਰੀ ਚੋਣਾਂ ਵਿੱਚ ਭਾਰਤ ਦੀ ਦਖਲਅੰਦਾਜ਼ੀ ਦੀ ਜਾਂਚ ਹੋਣੀ ਚਾਹੀਦੀ ਹੈ। ਜਗਮੀਤ ਸਿੰਘ ਨੇ ਮੋਦੀ ਸਰਕਾਰ ਉਪਰ ਸਿੱਖਾਂ ਨੂੰ ਭੜਕਾਉਣ ਅਤੇ ਉਨ੍ਹਾਂ ਦਾ ਧਿਆਨ ਹਟਾਉਣ ਲਈ ਗੋਦੀ ਮੀਡੀਆ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਸੀ। ਜਗਮੀਤ ਸਿੰਘ ਨੇ ਫਿਰ ਟਰੂਡੋ ਨੂੰ ਭਾਰਤ ਸਰਕਾਰ ਨੂੰ ਜਾਂਚ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ। ਜਗਮੀਤ ਨੇ ਕਿਹਾ ਸੀ ਕਿ ਟਰੂਡੋ ਨੂੰ ਭਾਰਤ ਦੇ ਗੋਦੀ ਮੀਡੀਆ ਨੂੰ ਬਿਲਕੁਲ ਵੀ ਨਹੀਂ ਸੁਣਨਾ ਚਾਹੀਦਾ, ਕਿਉਂਕਿ ਇਹ ਗਲਤ ਬਿਆਨਬਾਜ਼ੀ ਨਾਲ ਸਿੱਖ ਭਾਈਚਾਰੇ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਗਮੀਤ ਨੇ ਕਿਹਾ ਕਿ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਸਰਕਾਰ ਨੇ ਕੈਨੇਡਾ ਦੀ ਪ੍ਰਭੂਸੱਤਾ 'ਤੇ ਹਮਲਾ ਕੀਤਾ ਹੈ।
ਇਥੇ ਜ਼ਿਕਰਯੋਗ ਹੈ ਕਿ ਟਰੂਡੋ ਦੀ ਲਿਬਰਲ ਪਾਰਟੀ ਕੌਮੀ ਚੋਣਾਂ ਵਿੱਚ ਸਿਰਫ਼ 157 ਸੀਟਾਂ ਹੀ ਹਾਸਲ ਕਰ ਸਕੀ। ਉਹ 338 ਸੰਸਦ ਮੈਂਬਰਾਂ ਨਾਲ ਹਾਊਸ ਆਫ ਕਾਮਨਜ਼ ਵਿੱਚ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਿਹਾ ਸੀ। ਫਿਰ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਟਰੂਡੋ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਦੀ ਸਰਕਾਰ ਬਣੀ। ਜਗਮੀਤ ਸਿੰਘ ਦੀ ਐਨਡੀਪੀ ਨੂੰ 24 ਸੀਟਾਂ ਮਿਲੀਆਂ ਸਨ।

ਵਰਨਣਯੋਗ ਹੈ ਕਿ 31 ਅਕਤੂਬਰ 1984 ਨੂੰ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਹੀ ਸਿੱਖ ਅੰਗ ਰੱਖਿਅਕਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਇਸ ਤੋਂ ਬਾਅਦ ਦਿੱਲੀ ਸਮੇਤ ਉੱਤਰੀ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਸਿਖ ਵਿਰੋਧੀ ਕਤਲੇਆਮ ਸ਼ੁਰੂ ਹੋ ਗਿਆ ਸੀ। ਇਸ ਕਤਲੇਆਮ ਵਿੱਚ 6000 ਸਿੱਖ ਮਾਰੇ ਗਏ ਸਨ।ਕਾਂਗਰਸੀ ਨੇਤਾਵਾਂ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਕਮਲਨਾਥ 'ਤੇ ਇਸ ਹਿੰਸਾ ਨੂੰ ਭੜਕਾਉਣ ਦਾ ਦੋਸ਼ ਸੀ। ਇਸ ਵਿੱਚ ਅਦਾਲਤ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ਵਿੱਚ ਜਿੱਥੇ ਕਮਲਨਾਥ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ।

ਇਸ ਦੇ ਨਾਲ ਹੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਸਿੱਖ ਕਤਲੇਆਮ  ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਨੇ ਇਸ ਕਤਲੇਆਮ ਦੀ ਹਮਾਇਤ ਕਰਦਿਆਂ ਕਿਹਾ ਸੀ, ''ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲ ਜਾਂਦੀ ਹੈ।'' ਉਸ ਨੇ ਇਸ ਬਿਆਨ ਰਾਹੀਂ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ।

ਭਾਵੇਂ ਆਰ.ਐਸ.ਐਸ.-ਭਾਜਪਾ ਹਮੇਸ਼ਾਂ ਇਸ ਤੋਂ ਮੁੱਕਰਦੇ ਰਹੇ ਹਨ ਪਰ ਇਸ ਫਿਰਕੂ ਗੁੰਡਾ ਗਿਰੋਹ ਦੀ ਸਿੱਖ ਨਸਲਕੁਸ਼ੀ-84 ਵਿੱਚ ਭੂਮਿਕਾ ਜੱਗਜ਼ਾਹਰ ਹੈ। ਜਗਮੀਤ ਸਿੰਘ ਦਾ ਇਹ ਵਿਚਾਰ ਸੱਚ ਹੈ ਕਿ ਸੰਘ ਪਰਿਵਾਰ ਦੇ ਲੋਕ ਇਸ ਕਤਲੇਆਮ ਵਿਚ ਸ਼ਾਮਲ ਸਨ।ਹੁਣ ਭਾਜਪਾ-ਆਰ.ਐਸ.ਐਸ. ਵਾਲ਼ੇ ਸਿੱਖ ਨਸਲਕੁਸ਼ੀ ਦੇ ਮੁੱਦੇ ਉੱਤੇ ਸਿਆਸੀ ਗਿਣਤੀਆਂ ਮਿਣਤੀਆਂ ਤਹਿਤ ਕਾਂਗਰਸ ਖਿਲਾਫ ਬੋਲਦੇ ਹਨ ਅਤੇ ਸਿੱਖਾਂ ਲਈ ਮਗਰਮੱਛੀ ਹੰਝੂ ਵਹਾਂਉਂਦੇ ਹਨ। ਪਰ ਇਹ ਸਿੱਖ ਨਸਲਕੁਸ਼ੀ-84 ਲਈ ਕਾਂਗਰਸ ਦੀ ਜੋਟੀਦਾਰ ਰਹੇ ਹਨ।ਸਿੱਖ ਨਸਲਕੁਸ਼ੀ ਦੌਰਾਨ ਦੰਗਾ, ਕਤਲ, ਲੁੱਟ-ਮਾਰ, ਸਾੜਫੂਕ ਆਦਿ ਮਾਮਲਿਆਂ ਵਿੱਚ ਆਰ.ਐਸ.ਐਸ.-ਭਾਜਪਾ ਦੇ 49 ਵਿਅਕਤੀਆਂ ਉੱਪਰ 14 ਐਫ.ਆਈ.ਆਰ. ਦਰਜ਼ ਹੋਈਆਂ ਸਨ। ਇਹਨਾਂ ਵਿੱਚ ਦਿੱਲੀ ਆਰ.ਐਸ.ਐਸ.-ਭਾਜਪਾ ਦੇ ਜਿਹਨਾਂ ਲੋਕਾਂ ਉੱਪਰ ਐਫ.ਆਈ.ਆਰ. ਦਰਜ਼ ਹੋਈ ਉਹਨਾਂ ਵਿੱਚ ਪ੍ਰੀਤਮ ਸਿੰਘ, ਰਾਮ ਕੁਮਾਰ ਜੈਨ, ਰਾਮ ਚੰਦਰ ਗੁਪਤਾ, ਰਤਨ ਲਾਲ, ਗਿਆਨ ਲਾਲ ਜੈਨ, ਚੰਦਰ ਸੇਨ, ਪਰਦੀਪ ਕੁਮਾਰ ਜੈਨ, ਹੰਸ ਰਾਜ ਗੁਪਤਾ, ਬਾਬੂ ਲਾਲ, ਵੇਦ ਮਹੀਪਾਲ ਸ਼ਰਮਾ, ਪਦਮ ਕੁਮਾਰ ਜੈਨ, ਸੁਰੇਸ਼ ਚੰਦਰ ਜੈਨ ਆਦਿ ਸ਼ਾਮਲ ਹਨ। ਇਹਨਾਂ ਨਾਵਾਂ ਵਿੱਚ ਸ਼ਾਮਲ ਰਾਮ ਕੁਮਾਰ ਜੈਨ ਅਟਲ ਬਿਹਾਰੀ ਵਾਜਪਾਈ ਦਾ ਸੰਨ 80 ਵਿੱਚ ਚੋਣ ਏਜੰਟ ਸੀ। ਇਹਨਾਂ ਵਿੱਚੋਂ ਜ਼ਿਆਦਾਤਰ ਐਫ.ਆਈ.ਆਰ. ਦਿੱਲੀ ਦੇ ਸ਼੍ਰੀਨਿਵਾਸਪੁਰੀ ਪੁਲਿਸ ਸਟੇਸ਼ਨ ਵਿੱਚ ਦਰਜ਼ ਹੋਈਆਂ ਸਨ। ਆਰ.ਐਸ.ਐਸ.-ਭਾਜਪਾ ਦੇ ਇਹਨਾਂ 49 ਵਿਅਕਤੀਆਂ ਵਿੱਚੋਂ ਕਰੀਬ ਅੱਧਿਆਂ ਦੀ ਗਿ੍ਫਤਾਰੀ ਵੀ ਹੋਈ ਪਰ ਬਾਅਦ ਵਿੱਚ ਜਮਾਨਤ ’ਤੇ ਛੱਡ ਦਿੱਤੇ ਗਏ। ਸਜ਼ਾਵਾਂ ਦਾ ਮਾਮਲਾ ਲਟਕਾਇਆ ਗਿਆ ਹੈ। ਜਿੰਨੇ ਯੋਜਨਾਬੱਧ, ਫੁਰਤੀ ਨਾਲ਼ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਇਕੱਲੇ ਕਾਂਗਰਸ ਦੇ ਵੱਸ ਦੀ ਗੱਲ ਨਹੀਂ ਸੀ। ਆਰ.ਐਸ.ਐਸ. ਵੱਲੋਂ ਆਪਣੇ ਕਾਰਕੁੰਨਾਂ ਨੂੰ ਦਿੱਤੀ ਜਾਂਦੀ ਟ੍ਰੇਨਿੰਗ, ਇਸਦੀ ਯੋਜਨਾਬੱਧ ਕਤਲੇਆਮ ਕਰਨ ਦੀ ਮੁਹਾਰਤ ਦਾ ਸਾਫ਼ ਝਲਕਾਰਾ ਸੰਨ 84 ਦੀ ਨਸਲਕੁਸ਼ੀ ਵਿੱਚੋਂ ਮਿਲ਼ਦਾ ਹੈ।

ਆਰ.ਐਸ.ਐਸ. ਦੇ ਇੱਕ ਨਾਮਵਰ ਅਤੇ ਤਜਰਬਾਕਾਰ ਲੀਡਰ ਨਾਨਾ ਦੇਸ਼ਮੁਖ ਨੇ 8 ਨਵੰਬਰ 1984 ਨੂੰ ਇੱਕ ਲੇਖ ਲਿਖਿਆ ਸੀ ਜੋ ਉਸਨੇ ਪ੍ਰਮੁੱਖ ਸਿਆਸਤਦਾਨਾਂ ਵਿੱਚ ਵੰਡਿਆ ਸੀ। ਇਹ ਦਸਤਾਵੇਜ ਕਾਂਗਰਸ ਅਤੇ ਆਰ.ਐਸ.ਐਸ. ਵਿਚਕਾਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਬਣੀ ਸਾਂਝ ਨੂੰ ਸਪੱਸ਼ਟ ਕਰਦਾ ਹੈ। ਇਸ ਦਸਤਾਵੇਜ਼ ਵਿੱਚ ਨਾਨਾ ਦੇਸ਼ਮੁਖ 1984 ਦੇ ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਉਂਦਾ ਹੈ। ਨਾਨਾ ਦੇਸ਼ਮੁੱਖ ਦੀ ਸੋਚ ਹੀ ਆਰ.ਐਸ.ਐਸ.-ਭਾਜਪਾ ਦੀ ਸੋਚ ਹੈ।  ਉਹ 1930 ਦੇ ਦਹਾਕੇ ਤੋਂ ਆਰ.ਐਸ.ਐਸ. ਵਿੱਚ ਸਰਗਰਮ ਸੀ।  ਉਸਨੂੰ ਉੱਤਰ ਪ੍ਰਦੇਸ਼ ਦਾ ਸੂਬਾ ਪ੍ਰਚਾਰਕ (ਮੁਖੀ) ਵੀ ਬਣਾਇਆ ਗਿਆ ਸੀ। ਉਸਨੂੰ ਸੰਨ 1977 ਦੀ ਜਨਤਾ ਪਾਰਟੀ ਦੇ ਮੰਤਰੀ ਮੰਡਲ ਵਿੱਚ ਲਿਆ ਗਿਆ। ਆਰ.ਐਸ.ਐਸ. ਦੀਆਂ ਪੰਚਜਨਯ, ਰਾਸ਼ਟਰ ਧਰਮ, ਸਵਦੇਸ਼ ਜਿਹੇ ਰਸਾਲਿਆਂ ਦੀ ਸਥਾਪਨਾ ਅਤੇ ਪ੍ਰਕਾਸ਼ਨ ਵਿੱਚ ਉਸਦੀ ਮੋਢੀ ਭੂਮਿਕਾ ਰਹੀ ਹੈ। ਸੰਨ 1999 ਵਿੱਚ ਉਸਨੂੰ ਐਨ.ਡੀ.ਏ. ਸਰਕਾਰ ਨੇ ਰਾਜ ਸਭਾ ਮੈਂਬਰ ਵੀ ਬਣਾਇਆ ਸੀ।

ਸੰਘੀ ਨਾਨਾ ਦੇਸ਼ਮੁੱਖ ਸਿੱਖ ਨਸਲਕੁਸ਼ੀ ਨੂੰ ਜਾਇਜ ਠਹਿਰਾਉਂਦੇ ਹੋਏ ਉਹ ਲਿਖਦਾ ਹੈ ਕਿ ਸਿੱਖਾਂ ਦਾ ਕਤਲੇਆਮ ਕਿਸੇ ਸਮੂਹ ਜਾਂ ਸਮਾਜ-ਵਿਰੋਧੀ ਤੱਤਾਂ ਦਾ ਕੰਮ ਨਹੀਂ ਸੀ ਸਗੋਂ ਭਾਰਤ ਦੇ ਹਿੰਦੂਆਂ ਵਿੱਚ ਸਿੱਖਾਂ ਵਿਰੁੱਧ ਅਸਲ ਗੁੱਸੇ ਦਾ ਨਤੀਜ਼ਾ ਸੀ।  ਉਸ ਮੁਤਾਬਿਕ ਇੰਦਰਾ ਗਾਂਧੀ ਨੂੰ ਸੋਧਾ ਲਾਉਣ ਵਾਲੇ ਸਿੱਖ ਕੌਮ ਤੋਂ ਪ੍ਰਾਪਤ ਕਿਸੇ ਤਰ੍ਹਾਂ ਦੇ ਫੁਰਮਾਨ ਦੇ ਅਧੀਨ ਕੰਮ ਕਰ ਰਹੇ ਸਨ। ਇਸ ਲਈ ਸਿੱਖਾਂ ’ਤੇ ਹਮਲੇ ਜਾਇਜ਼ ਸਨ।  ਦਿਲਚਸਪ ਗੱਲ ਹੈ ਕਿ ਦੇਸ਼ਮੁਖ ਨੂੰ ਹਿੰਦੂਤਵਵਾਦੀ ਗੁੰਡਾ ਗਿਰੋਹਾਂ-ਦਹਿਸ਼ਤਗਰਦਾਂ ਤੋਂ ਕੋਈ ਇਤਰਾਜ਼ ਨਹੀਂ। ਉਹ ਸਾਰੇ ਸਿੱਖਾਂ ਨੂੰ ਕਿਸੇ ਗਿਰੋਹ ਦੇ ਮੈਂਬਰਾਂ ਵਾਂਗ ਦੇਖਦਾ ਹੈ ਅਤੇ ਉਨ੍ਹਾਂ ’ਤੇ ਹੋਏ ਹਮਲਿਆਂ ਨੂੰ ਦੇਸ਼ਭਗਤ ਹਿੰਦੂਆਂ ਦੀ ਪ੍ਰਤੀਕਿ੍ਰਿਆ ਦੱਸਦੇ ਹੋਏ ਸਫਾਈ ਦਿੰਦਾ ਹੈ।

ਉਹ ਕਹਿੰਦਾ ਹੈ ਕਿ ਇੰਦਰਾ ਗਾਂਧੀ ਇੱਕੋ-ਇੱਕ ਅਜਿਹੀ ‘‘ਮਹਾਨ’’ ਆਗੂ ਸੀ ਜੋ ਦੇਸ਼ ਦੀ ਏਕਤਾ ਬਣਾਈ ਰੱਖ ਸਕਦੀ ਸੀ ਅਤੇ ਅਜਿਹੀ ‘‘ਮਹਾਨ ਆਗੂ’’ ਦੇ ਮਾਰੇ ਜਾਣ ’ਤੇ ਅਜਿਹੇ ਕਤਲੇਆਮ ਤੋਂ ਬਚਾਅ ਨਹੀਂ ਹੋ ਸਕਦਾ ਸੀ। ਲਿਖਤ ਦੇ ਅੰਤ ਵਿੱਚ ਨਾਨਾ ਦੇਸ਼ਮੁਖ ਨੇ ਰਾਜੀਵ ਗਾਂਧੀ, ਜੋ ਇੰਦਰਾ ਗਾਂਧੀ ਤੋਂ ਬਾਅਦ ਪ੍ਰਧਾਨ ਮੰਤਰੀ ਬਣਿਆ ਅਤੇ ਜਿਸਨੇ ਦੇਸ਼-ਭਰ ਵਿੱਚ ਸਿੱਖਾਂ ਦੇ ਕਤਲਾਂ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ, ‘‘ਜਦ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਮੇਸ਼ਾ ਹਿੱਲਦੀ ਹੈ’’ ਦੀ ਪ੍ਰਸ਼ੰਸਾ ਕੀਤੀ ਅਤੇ ਉਸਨੂੰ ਅਸੀਸਾਂ ਦਿੱਤੀਆਂ।ਇਸ ਲਿਖਤ ਨੂੰ 8 ਨਵੰਬਰ 1984 ਨੂੰ ਵੰਡਿਆ ਗਿਆ ਸੀ।ਇਹ ਲੇਖ ਅਸਲ ਵਿੱਚ ਆਰ.ਐਸ.ਐਸ. ਦੇ ਮੈਂਬਰਾਂ-ਕਾਰਕੁੰਨਾਂ ਨੂੰ ਜੋਰ-ਸ਼ੋਰ ਨਾਲ਼ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਸੁਨੇਹਾ ਸੀ। ਜਗਮੀਤ ਸਿੰਘ ਨੇ ਸਿਖ ਕਤਲੇਆਮ 84ਦੇ ਹੱਕ ਵਿਚ ਸਹੀ ਅਵਾਜ਼ ਬੁਲੰਦ ਕੀਤੀ ਹੈ।