ਪੰਜਾਬ ਸਰਕਾਰ ਦੀਆਂ ਪ੍ਰਵਾਸੀ ਪੰਜਾਬੀਆਂ ਨਾਲ ਇਹ ਮਿਲਣੀਆਂ ਸਿਰਫ਼ ਸ਼ੋਸ਼ੇਬਾਜ਼ੀ ਤਕ ਸੀਮਤ

ਪੰਜਾਬ ਸਰਕਾਰ ਦੀਆਂ ਪ੍ਰਵਾਸੀ ਪੰਜਾਬੀਆਂ ਨਾਲ ਇਹ ਮਿਲਣੀਆਂ ਸਿਰਫ਼ ਸ਼ੋਸ਼ੇਬਾਜ਼ੀ ਤਕ ਸੀਮਤ

3 ਫਰਵਰੀ ਨੂੰ ਹੋਏਗੀ ਐਨ. ਆਰ. ਆਈ ਮਿਲਣੀ ! 25 ਦਿਨਾਂ ਅੰਦਰ ਹੋਣਗੇ 4 ਸਮਾਗਮ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੁਧਿਆਣਾ- ਐਨ. ਆਰ. ਆਈ ਨਾਲ ਜੁੜੇ ਮਾਮਲਿਆਂ ਦੇ ਨਿਪਟਾਰੇ ਦੇ ਲਈ ਪੰਜਾਬ ਸਰਕਾਰ ਫਰਵਰੀ ਵਿੱਚ ਐਨ. ਆਰ. ਆਈ  ਮਿਲਣੀ ਦੇ ਪ੍ਰੋਗਰਾਮ ਕਰੇਗੀ । ਪੂਰੇ ਸੂਬੇ ਵਿੱਚ 4 ਸਮਾਗਮ ਤੈਅ ਕੀਤੇ ਗਏ ਹਨ । ਇਸ ਵਿੱਚ 23 ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਵੇਗਾ। ਉਧਰ  ਐਨ. ਆਰ. ਆਈ 11 ਜਨਵਰੀ ਤੋਂ 30 ਜਨਵਰੀ ਤੱਕ ਵਿਭਾਗ ਦੀ ਵੈਬਸਾਈਟ nri.punjab.gov.in ਅਤੇ Whatsapp ਨੰਬਰ 9056009884 ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ।

ਐਨ. ਆਰ. ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਵਾਸੀ ਪੰਜਾਬੀਆਂ ਨੂੰ ਕਿਹਾ ਕਿ ਉਹ ਮੌਕੇ ਦਾ ਪੂਰਾ ਲਾਭ ਚੁੱਕਣ । ਸਰਕਾਰ ਦੀ ਕੋਸ਼ਿਸ਼ ਇਹ ਹੈ ਕਿ ਮਿਲਣੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਵਿਦੇਸ਼ ਜਾਣ ਤੋਂ ਪਹਿਲਾਂ ਹੀ ਕੰਮ ਨਿਪਟਾ ਲਏ ਜਾਣ।

3 ਫਰਵਰੀ ਨੂੰ ਪਠਾਨਕੋਟ ਤੋਂ ਹੋਵੇਗੀ ਸ਼ੁਰੂਆਤ

ਐਨ. ਆਰ. ਆਈ ਮਿਲਣੀ ਸਮਾਗਮ ਦੀ ਸ਼ੁਰੂਆਤ 3 ਫਰਵਰੀ ਨੂੰ ਪਠਾਨਕੋਟ ਵਿੱਚਹੋਵੇਗੀ।ਇਸਮਿਲਣੀਵਿੱਚ ਪਠਾਨਕੋਟ,ਅੰਮ੍ਰਿਤਸਰ,ਗੁਰਦਾਸਪੁਰ,ਹੁਸ਼ਿਆਰਪੁਰ ਅਤੇ ਹੋਰ ਜ਼ਿਲ੍ਹਿਆਂ ਦੇ ਪ੍ਰਵਾਸੀ ਪੰਜਾਬੀਆਂ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਜਾਵੇਗਾ ।

ਕਦੋਂ ਤਕ ਜਾਰੀ ਰਹਿਣਗੇ ਸਮਾਗਮ

ਨਵਾਂਸ਼ਹਿਰ ਵਿੱਚ 9 ਫਰਵਰੀ ਨੂੰ ਐਨ. ਆਰ. ਆਈ ਦੇ ਪ੍ਰੋਗਰਾਮ ਰੱਖਿਆ ਗਿਆ ਹੈ । ਇਸ ਮਿਲਣੀ ਵਿੱਚ ਨਵਾਂਸ਼ਹਿਰ, ਰੂਪਨਗਰ,ਜਲੰਧਰ,ਕਪੂਰਥਲਾ ,ਮੁਹਾਲੀ ਅਤੇ ਹੋਰ ਜ਼ਿਲ੍ਹੇ ਸ਼ਾਮਲ ਹੋਣਗੇ।16 ਫਰਵਰੀ ਨੂੰ ਸੰਗਰੂਰ, ਪਟਿਆਲਾ, ਬਰਨਾਲਾ, ਬਰਨਾਲਾ, ਫਤਿਹਗੜ੍ਹ ਸਾਹਿਬ, ਮਲੇਰਕੋਟਲਾ, ਬਠਿੰਡਾ, ਲੁਧਿਆਣਾ, ਮਾਨਸਾ ਅਤੇ ਹੋਰ ਜ਼ਿਲ੍ਹੇ ਸ਼ਾਮਲ ਹੋਣਗੇ।ਐਨ. ਆਰ. ਆਈ ਮਿਲਣੀ ਦਾ ਅਖ਼ੀਰਲਾ ਸਮਾਗਮ ਫਿਰੋਜ਼ਪੁਰ ਵਿੱਚ ਹੋਵੇਗਾ, ਇਸ ਵਿੱਚ ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਤਰਨਤਾਰਨ, ਮੋਗਾ,ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਜ਼ਿਲ੍ਹੇ ਸ਼ਾਮਲ ਹੋਣਗੇ।

605 ਸ਼ਿਕਾਇਤਾਂ ਦਾ ਕੀਤਾ ਜਾਵੇਗਾ ਨਿਪਟਾਰਾ

ਸੂਬਾ ਸਰਕਾਰ ਨੇ ਦਸੰਬਰ 2022 ਵਿੱਚ ਵੀ 5 ਐਨ. ਆਰ. ਆਈ ਮਿਲਣੀ ਵਿੱਚ ਪ੍ਰੋਗਰਾਮ ਕਰਵਾਏ ਸੀ । ਇਸ ਦੌਰਾਨ ਪੰਜਾਬੀਆਂ ਨੇ 605 ਸ਼ਿਕਾਇਤਾਂ ਦਰਜ ਕਰਵਾਇਆ ਸਨ। ਜਿਸ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ । ਇਸ ਤੋਂ ਇਲਾਵਾ ਐਨ. ਆਰ. ਆਈਜ਼ ਪੁਲਿਸ ਵਿੰਗ ਦੇ ਕੋਲ ਲਗਾਤਾਰ ਆਨਲਾਈਨ ਸ਼ਿਕਾਇਤਾਂ ਆ ਰਹੀਆਂ ਹਨ । ਜਿੰਨਾ ਦਾ 15 ਐਨ. ਆਰ. ਆਈਜ਼ ਪੁਲਿਸ ਥਾਣੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਪੱਤਰ ‘ਤੇ ਸਮੇ ਸਿਰ ਨਿਪਟਾਰਾ ਕੀਤਾ ਜਾਂਦਾ ਹੈ ।

ਪ੍ਰਵਾਸੀ ਪੰਜਾਬੀ ਸਰਕਾਰ ਤੋਂ ਸੰਤੁਸ਼ਟ ਨਹੀਂ

ਯਾਦ ਰਹੇ ਕਿ ਪੰਜਾਬ ਦੇ ਆਮ ਲੋਕਾਂ ਨੂੰ ਬਦਲਾਅ ਦੇ ਵੱਡੇ-ਵੱਡੇ ਸਬਜ਼ਬਾਗ ਵਿਖਾ ਕੇ ਮਾਰਚ 2022 'ਚ ਸੱਤਾ ਦੇ ਸਿੰਘਾਸਣ 'ਤੇ ਬਿਰਾਜਮਾਨ ਹੋਣ ਦੇ ਕੁੱਝ ਮਹੀਨਿਆਂ ਬਾਅਦ ਹੀ ਦਸੰਬਰ 2022 'ਚ ਐਨ.ਆਰ.ਆਈਜ਼ ਨੂੰ ਭਰਮਾਉਣ ਲਈ ਪੰਜਾਬ ਸਰਕਾਰ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚ ਐਨ.ਆਰ.ਆਈਜ਼ ਮਿਲਣੀ ਪ੍ਰੋਗਰਾਮ ਕੀਤੇ ਗਏ ਸਨ ।ਇਨ੍ਹਾਂ ਪ੍ਰੋਗਰਾਮਾਂ 'ਚ ਪੰਜਾਬ ਸਰਕਾਰ ਵਲੋਂ ਐਨ.ਆਰ.ਆਈਜ਼ ਨੂੰ ਵੀ ਭਰਮਾਉਣ ਲਈ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੇ ਤੁਰੰਤ ਹੱਲ ਦਾ ਭਰੋਸਾ ਦਿੱਤਾ ਗਿਆ ਸੀ, ਜਿਸ ਤਹਿਤ 2022 ਦੇ ਮਿਲਣੀ ਪ੍ਰੋਗਰਾਮਾਂ ਦੌਰਾਨ ਮੰਤਰੀ ਧਾਲੀਵਾਲ ਵਲੋਂ ਲੁਧਿਆਣਾ , ਅੰਮਿ੍ਤਸਰ, ਮੁਹਾਲੀ ਆਦਿ ਜ਼ਿਲਿਆਂ 'ਚ ਐਨ.ਆਰ.ਆਈਜ਼ ਦੀਆਂ ਮੁਸ਼ਕਿਲਾਂ ਵੀ ਸੁਣੀਆਂ । ਇਨ੍ਹਾਂ ਪ੍ਰੋਗਰਾਮਾਂ ਦੌਰਾਨ ਪ੍ਰਾਪਰਟੀ ਵਿਵਾਦ, ਪਰਿਵਾਰਕ ਝਗੜਿਆਂ ਸਮੇਤ ਹੋਰ ਮਾਮਲਿਆਂ 'ਚ ਕਰੀਬ 609 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਅਤੇ ਭਰੋਸਾ ਵੀ ਦਿੱਤਾ ਗਿਆ ਕਿ ਹਰ ਸਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਮਿਲਣੀ ਪ੍ਰੋਗਰਾਮ ਰੱਖੇ ਜਾਣਗੇ, ਪਰ ਫਿਰ ਸਾਲ 2023 ਬਿਨਾਂ ਕਿਸੇ ਮਿਲਣੀ ਦੇ ਹੀ ਲੰਘ ਗਿਆ । ਸਾਲ ਦੇ ਆਖ਼ਰੀ ਮਹੀਨੇ ਦੇ ਆਖ਼ਰੀ ਦਿਨਾਂ 'ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਵਾਰ ਫਿਰ ਤੋਂ ਐਨ. ਆਰ. ਆਈਜ਼ ਦੀ ਯਾਦ ਆਈ ਤਾਂ ਉਨ੍ਹਾਂ ਮਹਾਂਨਗਰ ਲੁਧਿਆਣਾ 'ਚ ਇਕ ਸਰਕਾਰੀ ਪ੍ਰੋਗਰਾਮ ਦੌਰਾਨ ਐਨ. ਆਰ. ਆਈਜ. ਲਈ ਵੈੱਬਸਾਈਟ ਦੀ ਸ਼ੁਰੂਆਤ ਕਰਨ ਦੌਰਾਨ ਫਰਵਰੀ ਮਹੀਨੇ 'ਚ 5 ਐਨ.ਆਰ.ਆਈਜ਼ ਮਿਲਣੀਆਂ ਕਰਨ ਦਾ ਐਲਾਨ ਕਰ ਦਿੱਤਾ, ਜਿਸ ਦੇ ਬਾਅਦ ਮੁੱਖ ਮੰਤਰੀ ਦੇ ਇਸ ਐਲਾਨ ਨੂੰ ਲੈ ਕੇ ਐਨ.ਆਰ.ਆਈਜ਼ ਨੇ ਤਿੱਖਾ ਪ੍ਰਤੀਕਰਮ ਵਿਖਾਇਆ ਅਤੇ ਸਰਕਾਰ ਦੇ ਐਨ.ਆਰ.ਆਈਜ਼ ਮਿਲਣੀ ਪ੍ਰੋਗਰਾਮ ਨੂੰ ਖੋਖਲਾ ਡਰਾਮਾ ਦੱਸਿਆ ।

ਕੈਨੇਡਾ ਦੇ ਜੰਮਪਲ ਡਾਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਹ ਮਿਲਣੀਆਂ ਸਿਰਫ਼ ਐਨ.ਆਰ.ਆਈਜ਼ ਨੂੰ ਭਰਮਾਉਣ ਲਈ ਹੁੰਦੀਆਂ ਹਨ ਕਿਉਂਕਿ ਕੁੱਝ ਮਹੀਨੇ ਬਾਅਦ ਹੀ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਐਨ.ਆਰ.ਆਈਜ਼ ਨੂੰ ਆਪਣੇ ਹੱਕ 'ਚ ਭੁਗਤਾਉਣ ਦੇ ਲੁਕਵੇਂ ਏਜੰਡੇ ਤਹਿਤ ਹੁਣ ਫਿਰ ਇਹ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ । ਇਨ੍ਹਾਂ ਪ੍ਰੋਗਰਾਮਾਂ ਦੌਰਾਨ ਐਨ.ਆਰ.ਆਈ. ਦੀ ਸ਼ਿਕਾਇਤ ਨੂੰ ਸਿਰਫ਼ ਚੰਦ ਮਿੰਟ ਹੀ ਸੁਣਿਆ ਜਾਂਦਾ ਹੈ, ਜਦਕਿ ਕਿਸੇ ਵੀ ਮਾਮਲੇ ਦੇ ਪੀੜਤ ਕੋਲ ਆਪਣੀ ਵਿੱਥਿਆ ਸੁਣਾਉਣ ਲਈ ਬਹੁਤ ਕੁੱਝ ਹੁੰਦਾ ਹੈ, ਜਿਸ ਨੂੰ ਸੁਣਨ ਦੀ ਬਜਾਏ ਐਨ.ਆਰ.ਆਈ. ਥਾਣਿਆਂ ਅਤੇ ਅਧਿਕਾਰੀਆਂ ਨੂੰ ਮਾਰਕ ਕਰਨ ਦਾ ਡਰਾਮਾ ਕਰ ਦਿੱਤਾ ਜਾਂਦਾ ਹੈ ਤੇ ਮਿਲਣੀ ਦੇ ਬਾਅਦ ਫਿਰ ਤੋਂ ਐਨ.ਆਰ.ਆਈਜ਼ ਥਾਣਿਆਂ, ਕਚਹਿਰੀਆਂ ਦੇ ਚੱਕਰ ਕੱਟਣ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ । 

ਇਕ ਹੋਰ ਐਨ.ਆਰ.ਆਈ. ਨੇ ਦੱਸਿਆ ਕਿ ਇਸ ਦੀ ਮਿਸਾਲ ਉਹ ਖੁਦ ਹਨ । ਉਨ੍ਹਾਂ ਵਲੋਂ ਇਕ ਐਫ.ਆਈ.ਆਰ. ਦਰਜ ਕਰਵਾਉਣ ਲਈ ਐਨ.ਆਰ.ਆਈਜ਼ ਮਿਲਣੀ ਪ੍ਰੋਗਰਾਮ 'ਚ ਮੰਤਰੀ ਨੂੰ ਸ਼ਿਕਾਇਤ ਸੌਂਪੀ ਗਈ ਸੀ, ਪਰ ਉਸ ਸ਼ਿਕਾਇਤ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਹੋਈ ਅਤੇ ਆਖ਼ਰ ਉਸ ਨੂੰ ਹਾਈ ਕੋਰਟ ਰਾਹੀਂ ਐਫ.ਆਈ.ਆਰ. ਦਰਜ਼ ਕਰਵਾਉਣੀ ਪਈ । ਸਰਕਾਰ ਦੀਆਂ ਇਹ ਮਿਲਣੀਆਂ ਸਿਰਫ਼ ਸ਼ੋਸ਼ੇਬਾਜ਼ੀ ਤੋਂ ਜ਼ਿਆਦਾ ਕੁੱਝ ਵੀ ਸਾਬਤ ਨਹੀਂ ਹੁੰਦੀਆਂ ।