ਬਿਹਾਰ ਵਿਚ ਕਰਵਾਏ ਗਏ ਜਾਤ ਸਰਵੇਖਣ ਦੇ ਅੰਕੜੇ ਨਿਤੀਸ਼ ਸਰਕਾਰ ਵਲੋਂ ਜਾਰੀ 

ਬਿਹਾਰ ਵਿਚ ਕਰਵਾਏ ਗਏ ਜਾਤ ਸਰਵੇਖਣ ਦੇ ਅੰਕੜੇ ਨਿਤੀਸ਼ ਸਰਕਾਰ ਵਲੋਂ ਜਾਰੀ 

*ਸੂਬੇ ਦੀ ਕੁੱਲ ਆਬਾਦੀ ’ਵਿਚ ਓਬੀਸੀਜ਼ ਅਤੇ ਈਬੀਸੀਜ਼ (ਅਤਿ ਪੱਛੜੇ ਵਰਗ) ਦੀ ਗਿਣਤੀ 63 ਫ਼ੀਸਦ

*ਸਮਾਜਵਾਦੀ ਪਾਰਟੀ ਨੇ ਬਿਹਾਰ ਸਰਕਾਰ ਵੱਲੋਂ  ਅੰਕੜੇ ਜਾਰੀ ਕੀਤੇ ਜਾਣ ਦਾ ਕੀਤਾ ਸਵਾਗਤ

*ਵਿਰੋਧੀ ਵੀ ਨਿਤੀਸ਼ ਕੁਮਾਰ  ਨੂੰ ਭਾਰਤੀ ਰਾਜਨੀਤੀ ਦਾ ਮੰਨ ਰਹੇ ਨੇ ਚਾਣਕਯ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਟਨਾ- ਬਿਹਾਰ ਵਿਚ ਕਰਵਾਏ ਗਏ ਜਾਤ ਸਰਵੇਖਣ ਦੇ ਅੰਕੜੇ ਨਿਤੀਸ਼ ਕੁਮਾਰ ਸਰਕਾਰ ਨੇ ਬੀਤੇ ਦਿਨੀ ਜਾਰੀ ਕਰ ਦਿੱਤੇ ਸਨ। ਸੂਬੇ ਦੀ ਕੁੱਲ ਆਬਾਦੀ ਵਿਚ ਓਬੀਸੀਜ਼ ਅਤੇ ਈਬੀਸੀਜ਼ (ਅਤਿ ਪੱਛੜੇ ਵਰਗ) ਦੀ ਗਿਣਤੀ 63 ਫ਼ੀਸਦ ਬਣਦੀ ਹੈ। ਵਿਕਾਸ ਕਮਿਸ਼ਨਰ ਵਵਿੇਕ ਸਿੰਘ ਵੱਲੋਂ ਇਥੇ ਜਾਰੀ ਅੰਕੜਿਆਂ ਮੁਤਾਬਕ ਬਿਹਾਰ ਦੀ ਕੁੱਲ ਆਬਾਦੀ 13.07 ਕਰੋੜ ਤੋਂ ਕੁਝ ਜ਼ਿਆਦਾ ਹੈ ਜਿਸ ਵਿਚੋਂ ਅਤਿ ਪੱਛੜਾ ਵਰਗ (36 ਫ਼ੀਸਦ) ਨਾਲ ਸਬੰਧਤ ਲੋਕ ਸਭ ਤੋਂ ਵੱਧ ਹਨ। ਇਸ ਮਗਰੋਂ 27.13 ਫ਼ੀਸਦ ਨਾਲ ਹੋਰ ਪੱਛੜੇ ਵਰਗਾਂ ਦਾ ਨੰਬਰ ਆਉਂਦਾ ਹੈ। ਸਰਵੇਖਣ ਵਿਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਆਬਾਦੀ ਦੇ ਹਿਸਾਬ ਨਾਲ ਸਭ ਤੋਂ ਵੱਧ ਯਾਦਵ (14.27 ਫ਼ੀਸਦ) ਹਨ। ਯਾਦਵ ਓਬੀਸੀ ਗਰੁੱਪ ਵਿਚ ਆਉਂਦੇ ਹਨ ਅਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਉਸੇ ਨਾਲ ਸਬੰਧਤ ਹਨ। ਸੂਬੇ ਦੀ ਕੁੱਲ ਆਬਾਦੀ ਵਿਚ ਦਲਿਤਾਂ (ਅਨੂਸੂਚਿਤ ਜਾਤਾਂ) ਦੀ ਫ਼ੀਸਦ 19.65 ਹੈ। ਬਿਹਾਰ ਵਿਚ ਅਨੂਸੂਚਿਤ ਕਬੀਲਿਆਂ ਨਾਲ ਸਬੰਧਤ ਕਰੀਬ 22 ਲੱਖ (1.68 ਫ਼ੀਸਦ) ਲੋਕ ਵਸਦੇ ਹਨ। ਅਣਰਾਖਵੇਂ ਵਰਗ ਯਾਨੀ ਉੱਚੀਆਂ ਜਾਤਾਂ ਨਾਲ ਸਬੰਧਤ 15.52 ਫ਼ੀਸਦ ਲੋਕ ਹਨ। ਸਰਵੇਖਣ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਬਿਹਾਰ ਦੀ ਕੁੱਲ ਆਬਾਦੀ ਵਿਚ 81.99 ਫ਼ੀਸਦ ਹਿੰਦੂ ਹਨ ਅਤੇ ਮੁਸਲਮਾਨਾਂ ਦੀ ਆਬਾਦੀ 17.70 ਫ਼ੀਸਦ ਹੈ। ਇਸਾਈਆਂ, ਸਿੱਖਾਂ, ਜੈਨੀਆਂ ਅਤੇ ਹੋਰ ਧਰਮਾਂ ਦੇ ਲੋਕਾਂ ਦੀ ਬਹੁਤ ਥੋੜ੍ਹੀ ਆਬਾਦੀ ਹੈ ਅਤੇ ਸੂਬੇ ਦੀ ਕੁੱਲ ਆਬਾਦੀ ਵਿਚ ਉਨ੍ਹਾਂ ਦੀ ਗਿਣਤੀ ਇਕ ਫ਼ੀਸਦ ਤੋਂ ਵੀ ਘੱਟ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬਿਆਨ ਜਾਰੀ ਕਰਕੇ ਸਰਵੇਖਣ ਦਾ ਅਮਲ ਨੇਪਰੇ ਚਾੜ੍ਹਨ ਵਾਲੇ ਸਰਕਾਰੀ ਅਧਿਕਾਰੀਆਂ ਦੀ ਟੀਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਸਾਰੀਆਂ ਨੌਂ ਸਿਆਸੀ ਪਾਰਟੀਆਂ ਦੀ ਮੀਟਿੰਗ ਸੱਦ ਕੇ ਉਨ੍ਹਾਂ ਨਾਲ ਅੰਕੜੇ ਸਾਂਝੇ ਕੀਤੇ ਜਾਣਗੇ। ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ, ਜੋ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਪਿਤਾ ਹਨ, ਨੇ ਵੀ ਕਿਹਾ ਕਿ ਇਸ ਨਾਲ ਕੌਮੀ ਪੱਧਰ ’ਤੇ ਜਾਤੀ ਜਨਗਣਨਾ ਦਾ ਮੁੱਢ ਬੱਝ ਜਾਵੇਗਾ ਜੋ ਕੇਂਦਰ ਵਿਚ ਅਗਲੀ ਸਰਕਾਰ ਬਣਨ ’ਤੇ ਕਰਵਾਈ ਜਾਵੇਗੀ। ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਕਿ ਸੂਬਾ ਸਰਕਾਰ ਵਿਗਿਆਨਕ ਅੰਕੜਿਆਂ ਦੇ ਆਧਾਰ ’ਤੇ ਭਲਾਈ ਯੋਜਨਾਵਾਂ ਲਿਆਉਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਯੂਪੀ ਦੇ ਮਰਹੂਮ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਅਤੇ ਮਰਹੂਮ ਸ਼ਰਦ ਯਾਦਵ ਨੂੰ ਯਾਦ ਕਰਦਿਆਂ ਕਿਹਾ ਕਿ ਜਨਗਣਨਾ ਦੇ ਵਿਚਾਰ ਲਈ ਦੋਵੇਂ ਆਗੂਆਂ ਨੇ ਹਮਾਇਤ ਦਿੱਤੀ ਸੀ।  ਭਾਜਪਾ ਪ੍ਰਦੇਸ਼ ਪ੍ਰਧਾਨ ਸਮਰਾਟ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਸਰਵੇਖਣ ਲਈ ਸਹਿਮਤੀ ਨਹੀਂ ਦਿੱਤੀ ਸੀ ਅਤੇ ਉਹ ਇਸ ਦੇ ਜਨਤਕ ਕੀਤੇ ਗਏ ਅੰਕੜਿਆਂ ਦਾ ਮੁਲਾਂਕਣ ਕਰਨਗੇ। -

ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਬਿਹਾਰ ਸਰਕਾਰ ਵੱਲੋਂ ਜਾਤੀ ਆਧਾਰਿਤ ਸਰਵੇਖਣ ਦੇ ਅੰਕੜੇ ਜਾਰੀ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਸਿਆਸਤ ਛੱਡ ਕੇ ਦੇਸ਼ ਪੱਧਰੀ ਜਾਤੀ ਜਨਗਣਨਾ ਕਰਵਾਏ। ਅਖਿਲੇਸ਼ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਜਾਤੀ ਜਨਗਣਨਾ 85-15 ਦੇ ਸੰਘਰਸ਼ ਦਾ ਨਹੀਂ ਸਗੋਂ ਸਹਿਯੋਗ ਦਾ ਨਵਾਂ ਰਾਹ ਖੋਲ੍ਹੇਗੀ ਅਤੇ ਸਾਰਿਆਂ ਦੇ ਹੱਕ ਦੇ ਹਮਾਇਤੀ ਇਸ ਦਾ ਪੱਖ ਪੂਰਨਗੇ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਹ ਗਿਣਤੀ ਵਿਚ ਕਿੰਨੇ ਹਨ ਤਾਂ ਉਨ੍ਹਾਂ ’

ਵਿਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ਤੇ ਸਮਾਜਿਕ ਬੇਇਨਸਾਫ਼ੀ ਖ਼ਿਲਾਫ਼ ਜਾਗਰੂਕਤਾ ਵਧਦੀ ਹੈ। ਉਨ੍ਹਾਂ ਕਿਹਾ ਕਿ ਪੀਡੀਏ (ਪੱਛੜੇ, ਦਲਿਤ, ਘੱਟ ਗਿਣਤੀ) ਹੀ ਭਵਿੱਖ ਦੀ ਸਿਆਸਤ ਤੈਅ ਕਰੇਗਾ। -

ਸਿਆਸਤ ਦੀ ਨਬਜ਼ ਸਮਝਣ ਵਾਲਿਆਂ ਦਾ ਮੰਨਣਾ ਹੈ ਕਿ ਪਹਿਲਾਂ ਵਿਰੋਧੀ ਧਿਰ ਨੂੰ ਇੱਕਜੁੱਟ ਕਰਕੇ ਅਤੇ ਹੁਣ ਬਿਹਾਰ ਵਿੱਚ ਜਾਤੀ ਜਨਗਣਨਾ ਕਰਵਾ ਕੇ ਅਤੇ ਵਿਰੋਧੀ ਪਾਰਟੀਆਂ ਨੂੰ ਇੱਕ ਨਵਾਂ ਮੁੱਦਾ ਦੇ ਕੇ ਨਿਤੀਸ਼ ਕੁਮਾਰ ਨੇ ਬੜੀ ਸਮਝਦਾਰੀ ਨਾਲ ਭਾਜਪਾ ਨੂੰ ਵੱਡੀ ਸੱਟ ਮਾਰੀ ਹੈ। ਨਿਤੀਸ਼ ਕੁਮਾਰ ਦੀਆਂ ਇਨ੍ਹਾਂ ਦੋਹਾਂ ਕਾਰਵਾਈਆਂ ਨੇ ਭਾਜਪਾ ਨੂੰ ਕਾਫੀ ਪ੍ਰੇਸ਼ਾਨ ਕੀਤਾ ਹੈ।ਪ੍ਰਧਾਨ ਮੰਤਰੀ ਮੰਤਰੀ ਮੋਦੀ ਵਲੋਂ ਵਿਰੋਧ ਇਸੇ ਗਲ ਦਾ ਸਬੂਤ ਹੈ।ਮੰਨਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਦੀ ਏਕਤਾ ਅਤੇ ਜਾਤੀ ਜਨਗਣਨਾ ਦੇ  ਇਹ ਦੋਵੇਂ ਮੁੱਦੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾ ਸਕਦੇ ਹਨ। 2024 ਤੋਂ ਬਾਅਦ ਉਨ੍ਹਾਂ ਦੇ ਸਿਆਸੀ ਕਰੀਅਰ ਦੇ ਅੰਤ ਦੀ ਭਵਿੱਖਬਾਣੀ ਕਰਨ ਵਾਲੇ ਨਿਤੀਸ਼ ਕੁਮਾਰ ਦੇ ਵਿਰੋਧੀ ਵੀ ਉਨ੍ਹਾਂ ਨੂੰ ਭਾਰਤੀ ਰਾਜਨੀਤੀ ਦਾ ਚਾਣਕਯ ਮੰਨ ਰਹੇ ਹਨ। ਜਾਤੀ ਜਨਗਣਨਾ ਕਰਵਾ ਕੇ ਨਿਤੀਸ਼ ਕੁਮਾਰ ਨੇ ਹੁਣ ਦੇਸ਼ ਭਰ ਦੀਆਂ ਭਾਜਪਾ ਵਿਰੋਧੀ ਪਾਰਟੀਆਂ ਜਾਂ ਵਿਰੋਧੀ ਧਿਰਾਂ ਨੂੰ ਨਵਾਂ ਚੋਣ ਮੁੱਦਾ ਦੇ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਹੁਣ ਜਾਤੀ ਜਨਗਣਨਾ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਉਣਗੀਆਂ। ਇਹ ਲੋਕ ਸਭਾ ਚੋਣਾਂ ਵਿੱਚ ਇੱਕ ਵੱਡਾ ਚੋਣ ਮੁੱਦਾ ਬਣ ਜਾਵੇਗਾ। ਇਹ ਏਨਾ ਅਹਿਮ ਮੁੱਦਾ ਹੈ ਕਿ ਭਾਜਪਾ ਕੋਲ ਇਸ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜਾਤੀ ਜਨਗਣਨਾ ਦਾ ਮੁੱਦਾ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ।

ਜੇਕਰ ਲੋਕ ਸਭਾ ਚੋਣਾਂ ਵਿੱਚ ਜਾਤੀ ਜਨਗਣਨਾ ਇੱਕ ਵੱਡਾ ਮੁੱਦਾ ਬਣ ਜਾਂਦੀ ਹੈ ਅਤੇ ਭਾਰਤ ਗਠਜੋੜ ਨੂੰ ਇਸ ਦਾ ਫਾਇਦਾ ਹੁੰਦਾ ਹੈ ਤਾਂ ਇਸ ਦਾ ਬਹੁਤਾ ਸਿਹਰਾ ਨਿਤੀਸ਼ ਕੁਮਾਰ ਨੂੰ ਜਾਵੇਗਾ। ਜਾਤੀ ਜਨਗਣਨਾ ਕਰਵਾ ਕੇ ਉਸ ਨੇ ਭਾਜਪਾ ਦੇ ਹਿੰਦੂਤਵੀ ਏਜੰਡੇ ਦੇ ਟਾਕਰੇ ਵਜੋਂ ਵਿਰੋਧੀ ਧਿਰ ਨੂੰ ਇੱਕ ਅਜਿਹਾ ਹਥਿਆਰ ਦਿੱਤਾ ਹੈ, ਜੋ ਮੌਜੂਦਾ ਭਾਰਤੀ ਸਿਆਸਤ ਦੀ ਸਮੁੱਚੀ ਤਸਵੀਰ ਬਦਲ ਸਕਦਾ ਹੈ।