ਜਸਟਿਸ ਗੁਰਨਾਮ ਸਿੰਘ ਕਮਿਸ਼ਨ  ਦੀ ਰਿਪੋਰਟ ਅੱਜ ਤਕ ਜਨਤਕ ਨਹੀਂ ਹੋਈ

ਜਸਟਿਸ ਗੁਰਨਾਮ ਸਿੰਘ ਕਮਿਸ਼ਨ  ਦੀ  ਰਿਪੋਰਟ ਅੱਜ ਤਕ ਜਨਤਕ ਨਹੀਂ ਹੋਈ

*ਸ਼ਹੀਦ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਨੇ ਅਕਾਲੀ ਸਰਕਾਰ ਨੂੰ ਦੋਸ਼ੀ ਠਹਿਰਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ : ਸਾਕਾ ਨਕੋਦਰ ਵਾਪਰੇ ਨੂੰ 38 ਸਾਲ ਬੀਤ ਚੁਕੇ ਹਨ ਪਰ ਅਜੇ ਤਕ ਇਨਸਾਫ਼ ਦੀ ਮੰਗ ਜਿਉਂ ਦੀ ਤਿਉਂ ਪਈ ਹੈ। 4 ਫ਼ਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਰੋਸ ਮਾਰਚ ਕਰ ਰਹੀਆਂ ਸੰਗਤਾਂ ’ਤੇ ਪੁਲਿਸ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸਿੱਖ ਨੌਜਵਾਨ ਰਵਿੰਦਰ ਸਿੰਘ, ਬਲਧੀਰ ਸਿੰਘ, ਝਿਲਮਣ ਸਿੰਘ ਅਤੇ ਹਰਮਿੰਦਰ ਸਿੰਘ ਸ਼ਹੀਦ ਹੋ ਗਏ ਸਨ। ਸ਼ਹੀਦ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ 38 ਸਾਲ ਤੋਂ ਅਪਣੇ ਪੁੱਤ ਦੇ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ। 

ਬਲਦੇਵ ਸਿੰਘ ਨੇ ਦਸਿਆ ਕਿ  ਕਿ ਉਨ੍ਹਾਂ ਦੇ ਮੌਜੂਦ ਹੋਣ ਦੇ ਬਾਵਜੂਦ ਲਾਸ਼ਾਂ ਨੂੰ ਲਾਵਾਰਸ ਬਣਾ ਦਿਤਾ ਗਿਆ ਅਤੇ ਵਾਰਸਾਂ ਨੂੰ ਉਨ੍ਹਾਂ ਦੇ ਵਾਰਸ ਮੰਨਣ ਤੋਂ ਇਨਕਾਰ ਕਰ ਦਿਤਾ ਗਿਆ। ਬਲਦੇਵ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਉਸੇ ਸਮੇਂ ਥਾਣੇ ਵਿਚ ਧਰਨਾ ਦਿਤਾ, ਜਿਸ ਵਿਚ ਤਤਕਾਲੀ ਵਿਧਾਇਕ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਚਰਨ ਸਿੰਘ ਮਹਾਲੋਂ ਅਤੇ ਉਨ੍ਹਾਂ ਦੀ ਪਤਨੀ ਵੀ ਧਰਨੇ ਉਤੇ ਬੈਠੇ ਸਨ। 

ਤਤਕਾਲੀ ਐਸ.ਪੀ.ਡੀ. ਸੁਰਜੀਤ ਸਿੰਘ ਦੀ ਟਿਪਣੀ  ਦਾ ਜ਼ਿਕਰ ਕਰਦਿਆਂ ਬਲਦੇਵ ਸਿੰਘ ਨੇ ਦਸਿਆ ਕਿ ਸੁਰਜੀਤ ਸਿੰਘ ਨੇ ਕਈ ਵਿਧਾਇਕਾਂ ਅਤੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਕਿਹਾ ਸੀ ਕਿ, ‘ਅਸੀਂ ਜੋ ਕਰਨਾ ਸੀ ਕਰ ਲਿਆ, ਤੁਸੀਂ ਜਿਥੇ ਜ਼ੋਰ ਲਗਦਾ ਜੇ, ਲਗਾ ਲਉ’। ਉਨ੍ਹਾਂ ਦਸਿਆ ਕਿ ਇੰਸਪੈਕਟਰ ਜਸਕੀਰਤ ਸਿੰਘ ਨੇ ਹਰਮਿੰਦਰ ਸਿੰਘ ਦੇ ਮੂੰਹ ਵਿਚ ਗੋਲੀ ਮਾਰੀ।

ਜਦੋਂ ਉਸ ਨੂੰ ਪੋਸਟਮਾਰਟਮ ਲਈ ਨਕੋਦਰ ਭੇਜਿਆ ਗਿਆ ਤਾਂ ਰੀਪੋਰਟ ਮੁਤਾਬਕ ਉਹ ਜਿਊਂਦਾ ਸੀ। ਪੁਲਿਸ ਉਸ ਨੂੰ ਆਪਣੀ ਗੱਡੀ ਵਿਚ ਨਕੋਦਰ ਤੋਂ ਜਲੰਧਰ ਲੈ ਗਈ ਅਤੇ ਰਸਤੇ ਵਿਚ ਮਾਰ ਦਿਤਾ ਗਿਆ। ਉਸ ਦੀ ਲਾਸ਼ ਦਾ ਤੜਕੇ ਚਾਰ ਵਜੇ ਪੋਸਟਮਾਰਟਮ ਕੀਤਾ ਗਿਆ। ਪਰਿਵਾਰਾਂ ਨੂੰ ਉਥੇ ਵੜਨ ਤਕ ਨਹੀਂ ਦਿਤਾ ਗਿਆ। 

ਬੇਅਦਬੀ ਨੂੰ ਲੈ ਕੇ ਬਲਦੇਵ ਸਿੰਘ ਨੇ ਦਸਿਆ ਕਿ ਉਸ ਸਮੇਂ ਦੇ ਸ਼ਿਵ ਸੈਨਾ ਦੇ ਪ੍ਰਧਾਨ ਰਮੇਸ਼ ਚੋਪੜਾ ਉਤੇ ਸਿੱਧੇ ਇਲਜ਼ਾਮ ਲੱਗੇ ਸਨ। ਇਸ ਤੋਂ ਕੁੱਝ ਦਿਨ ਪਹਿਲਾਂ ਸ਼ਿਵ ਫ਼ੌਜ ਅਤੇ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਵਿਦਿਆਰਥੀਆਂ ਦਾ ਝਗੜਾ ਹੋਇਆ ਸੀ। ਰਮੇਸ਼ ਚੋਪੜਾ ਨੇ ਕਿਹਾ ਸੀ, ‘ਅਜੇ ਅੱਗ ਲੱਗੀ ਨਹੀਂ, ਅਸੀਂ ਲਾਵਾਂਗੇ’।

ਸੀ.ਬੀ.ਆਈ. ਜਾਂਚ ਦੀ ਮੰਗ ਕਰਦਿਆਂ ਬਲਦੇਵ ਸਿੰਘ ਨੇ ਕਿਹਾ ਕਿ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਕਮਿਸ਼ਨ ਬਣਾਇਆ ਗਿਆ ਸੀ, ਜਿਸ ਦੀ ਰੀਪੋਰਟ ਅੱਜ ਤਕ ਜਨਤਕ ਨਹੀਂ ਕੀਤੀ ਗਈ। 2001 ਵਿਚ ਜਦੋਂ ਰੀਪੋਰਟ ਵਿਧਾਨ ਸਭਾ ਵਿਚ ਰੱਖੀ ਗਈ ਤਾਂ ਕਿਸੇ ਵਿਧਾਇਕ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਇਹ ਵੀ ਅਫ਼ਵਾਹਾਂ ਹਨ ਕਿ ਰੀਪੋਰਟ ਦੇ ਇਕ ਭਾਗ ਨੂੰ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਨੇ ਖ਼ੁਰਦ-ਬੁਰਦ ਕਰ ਦਿਤਾ। 

ਬਲਦੇਵ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਮਿਲੇ ਰੀਪੋਰਟ ਦੇ ਇਕ ਭਾਗ ਵਿਚ ਦਰਬਾਰਾ ਸਿੰਘ ਗੁਰੂ, ਇਜ਼ਹਾਰ ਆਲਮ, ਅਸ਼ਵਨੀ ਕੁਮਾਰ, ਜਸਕੀਰਤ ਸਿੰਘ ਅਤੇ ਗੋਪਾਲ ਸਿੰਘ ਘੁੰਮਣ ਦੇ ਡਵਾਈਵਰ ਨੂੰ ਇਕ ਕਿਸਮ ਦਾ ਦੋਸ਼ੀ ਮੰਨਿਆ ਗਿਆ ਹੈ। ਇਨ੍ਹਾਂ ਵਿਰੁਧ ਸਿੱਧਾ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਸੀ। ਅਕਾਲੀ ਦਲ ਬਾਰੇ ਗੱਲ ਕਰਦਿਆਂ ਬਲਦੇਵ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਠੰਢੇ ਬਸਤੇ ਵਿਚ ਪਾਉਣ ਦੀ ਕੋਸ਼ਿਸ਼ ਅਕਾਲੀ ਦਲ ਵਲੋਂ ਕੀਤੀ ਗਈ।

1997 ਤੋਂ ਲੈ ਕੇ 2002 ਤਕ ਬਾਦਲ ਦੀ ਸਰਕਾਰ ਰਹੀ, ਜਿਸ ਨੇ ਵਾਅਦਾ ਕੀਤਾ ਸੀ ਕਿ ਬੱਚਿਆਂ ਨੂੰ ਕੋਹ-ਕੋਹ ਕੇ ਮਾਰਨ ਵਾਲੇ ਅਫ਼ਸਰਾਂ ਨੂੰ ਸਜ਼ਾਵਾਂ ਦੇਵਾਂਗੇ ਪਰ ਇਸ ਦੇ ਉਲਟ ਅਫ਼ਸਰਾਂ ਨੂੰ ਤਰੱਕੀਆਂ ਦੇ ਕੇ ਉਨ੍ਹਾਂ ਦੇ ਬੱਚਿਆਂ ਨੂੰ ਭਰਤੀ ਕੀਤਾ ਗਿਆ। ਇਥੋਂ ਤਕ ਕਿ ਸਵਰਨ ਸਿੰਘ ਘੋਟਣਾ ਦੇ ਮੁੰਡੇ ਸਤਿੰਦਰ ਸਿੰਘ ਨੂੰ ਡੀ.ਐਸ.ਪੀ. ਨਕੋਦਰ ਲਗਾਇਆ ਗਿਆ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਕਈ ਚਿੱਠੀਆਂ ਲਿਖੀਆਂ ਪਰ ਉਨ੍ਹਾਂ ਕੁੱਝ ਨਹੀਂ ਕੀਤਾ। ਹੁਣ ਉਨ੍ਹਾਂ ਵਲੋਂ ਮੌਜੂਦਾ ਮੁੱਖ ਮੰਤਰੀ ਨੂੰ ਵੀ ਚਿੱਠੀਆਂ ਭੇਜੀਆਂ ਗਈਆਂ ਹਨ, ਉਨ੍ਹਾਂ ਨੇ ਇਨਸਾਫ਼ ਦਾ ਭਰੋਸਾ ਦਿਤਾ ਹੈ। ਬਲਦੇਵ ਸਿੰਘ ਨੇ ਮੰਗ ਕੀਤੀ ਕਿ ਪੁਰਾਣੀਆਂ ਸਰਕਾਰਾਂ ਵਲੋਂ ਗ਼ਾਇਬ ਕੀਤੀ ਰੀਪੋਰਟ ਸਾਹਮਣੇ ਲਿਆ ਕੇ ਜਨਤਕ ਕੀਤੀ ਜਾਣੀ ਚਾਹੀਦੀ ਹੈ। 

ਆਰ.ਟੀ.ਆਈ. ਜ਼ਰੀਏ ਪੁਲਿਸ ਤੋਂ ਮਿਲੀ ਜਾਣਕਾਰੀ ਦਾ ਜ਼ਿਕਰ ਕਰਦਿਆਂ ਬਲਦੇਵ ਸਿੰਘ ਨੇ ਦਸਿਆ ਕਿ ਪੁਲਿਸ ਦਾ ਕਹਿਣਾ ਸੀ ਕਿ 1986 ਵਿਚ ਕੋਈ ਨਕੋਦਰ ਕਾਂਡ ਨਹੀਂ ਹੋਇਆ ਅਤੇ ਨਾ ਹੀ ਕਿਸੇ ਦੀ ਮੌਤ ਹੋਈ। ਇਸ ਤੋਂ ਜ਼ਿਆਦਾ ਝੂਠ ਹੋਰ ਕੀ ਹੋ ਸਕਦਾ ਹੈ। ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਸਿੱਟ ਵਿਚ ਉਨ੍ਹਾਂ ਅਫ਼ਸਰਾਂ ਨੂੰ ਹੀ ਸ਼ਾਮਲ ਕੀਤਾ ਗਿਆ, ਜਿਨ੍ਹਾਂ ਵਿਰੁਧ ਜਾਂਚ ਦੀ ਮੰਗ ਕੀਤੀ ਗਈ। ਇਸ ਸਿੱਟ ਵਿਚ ਬਲਦੇਵ ਸਿੰਘ ਨੂੰ ਵੀ ਸ਼ਾਮਲ ਕਰਨ ਲਈ ਕਿਹਾ ਗਿਆ ਪਰ ਹੁਣ ਤਕ ਸਿੱਟ ਨੇ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ। 

ਬਲਦੇਵ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਨੂੰ ਜਨਤਕ ਨਾ ਕਰਨ ਦਾ ਕਾਰਨ ਅਫ਼ਸਰਸ਼ਾਹੀ ਅਤੇ ਪੁਲਿਸ ਅਫ਼ਸਰਾਂ ਨੂੰ ਬਚਾਉਣਾ ਹੈ। ਜਸਟਿਸ ਗੁਰਨਾਮ ਸਿੰਘ ਦੀ ਰੀਪੋਰਟ ਅਨੁਸਾਰ ਉਸ ਦਿਨ ਇਕ ਘੰਟੇ ਵਿਚ 3000 ਰਾਊਂਡ ਗੋਲੀ ਚੱਲੀ ਸੀ ਅਤੇ ਸਿਖ ਸੰਗਤ ਦਾ ਪਿੱਛਾ ਘੋੜਿਆਂ ਉਤੇ ਕੀਤਾ ਗਿਆ। ਇਕ ਦੀ ਮੌਤ ਸ਼ਾਂਤਮਈ ਮਾਰਚ ਚੱਲਣ ਵਾਲੀ ਥਾਂ ਉਤੇ ਹੋਈ ਅਤੇ ਬਾਕੀਆਂ ਨੂੰ ਪਿਛੋਂ ਜਾ ਕੇ ਮਾਰਿਆ ਗਿਆ। ਬਲਧੀਰ ਸਿੰਘ, ਝਿਲਮਣ ਸਿੰਘ ਨੂੰ ਜਿਥੇ ਮਾਰਿਆ ਗਿਆ, ਉਥੇ ਇਕ ਗ਼ਰੀਬ ਵਿਅਕਤੀ ਦੇ ਦੋ ਬਲਦ ਵੀ ਮਾਰੇ ਗਏ। 

ਬਹਿਬਲ ਕਲਾਂ ਗੋਲੀਕਾਂਡ ਦਾ ਜ਼ਿਕਰ ਕਰਦਿਆਂ ਬਲਦੇਵ ਸਿੰਘ ਨੇ ਕਿਹਾ ਕਿ ਜਦੋਂ ਪਹਿਲੀ ਘਟਨਾ ਨੂੰ ਦੱਬਣਾ ਹੋਵੇ ਤਾਂ ਦੂਜੀ ਘਟਨਾ ਨੂੰ ਅੰਜਾਮ ਦਿਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਕੋਦਰ ਗੋਲੀਕਾਂਡ ਅਤੇ ਬਹਿਬਲ ਕਲਾਂ ਗੋਲੀਕਾਂਡ ਦੋਵੇਂ ਯੋਜਨਾਬੱਧ ਸਨ। ਦੋਵੇਂ ਸਮੇਂ ਇਕੋ ਸਰਕਾਰ ਸੀ ਅਤੇ ਉਹੀ ਪੁਲਿਸ ਅਧਿਕਾਰੀ ਸਨ। ਹੁਣ ਤਕ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਅਫ਼ਸਰਾਂ ਨੂੰ ਹੀ ਤਰੱਕੀਆਂ ਅਤੇ ਅਹੁਦੇ ਦਿਤੇ ਗਏ ਪਰ ਕੌਮ ਨੇ ਕਿਸੇ ਨੂੰ ਮੁਆਫ਼ ਨਹੀਂ ਕੀਤਾ ਅਤੇ ਨਾ ਹੀ ਅਕਾਲੀ ਦਲ ਨੇ ਕਿਸੇ ਨੂੰ ਮੁਆਫ਼ ਕੀਤਾ। ਸਿਰਫ਼ ਬਾਦਲ ਦਲ ਨੇ ਹੀ ਬਾਦਲ ਦਲ ਨੂੰ ਮੁਆਫ਼ ਕੀਤਾ ਹੈ। 

ਬਲਦੇਵ ਸਿੰਘ ਨੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਦੇ ਨਾਲ ਹੀ ਜਸਟਿਸ ਗੁਰਨਾਮ ਸਿੰਘ ਦੀ ਰੀਪੋਰਟ ਦਾ ਦੂਜਾ ਭਾਗ ਲੁਕਾਉਣ ਵਾਲੇ ਅਫ਼ਸਰ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣਾ ਜਾਂ ਨਾ ਮਿਲਣਾ ਬਹੁਤ ਦੂਰ ਦੀ ਗੱਲ ਹੈ ਪਰ ਸੱਚ ਨੂੰ ਨੰਗਾ ਕਰਨ ਲਈ ਕਿਸੇ ਨੂੰ ਅੱਗੇ ਆਉਣਾ ਪਵੇਗਾ। 

ਬਲਦੇਵ ਸਿੰਘ ਨੇ ਦਸਿਆ, “ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਕਦੇ ਮੇਰੇ ਕੋਲ ਨਹੀਂ ਆਏ ਅਤੇ ਨਾ ਆ ਸਕਦੇ ਨੇ ਕਿਉਂਕਿ ਉਹ ਝੂਠੇ ਲੋਕ ਹਨ। ਕਾਉਂਕੇ ਸਾਬ੍ਹ ਦੇ ਘਰ ਜਾ ਕੇ ਉਹ ਚੰਗਾ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਮਨ ਸੱਚੇ ਨਹੀਂ। ਜੋ ਵੀ ਉਨ੍ਹਾਂ ਨੇ ਕੀਤਾ, ਲੋਕ ਭੁੱਲਣ ਵਾਲੇ ਨਹੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਨਕੋਦਰ ਵਰਗੇ ਗੋਲੀਕਾਂਡ ਮਾੜੇ ਜ਼ਰੂਰ ਨੇ ਪਰ ਵਾਪਰਦੇ ਰਹਿੰਦੇ ਨੇ ਤਾਂ ਹੀ ਉਹ ਤਿੰਨ ਸੀਟਾਂ ਤਕ ਰਹਿ ਗਏ”।

​​​​​​​ਸਾਕਾ ਨਕੋਦਰ ਦੇ ਇਨਸਾਫ਼ ਲਈ ਸ਼੍ਰੋਮਣੀ  ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਬਲਦੇਵ ਸਿੰਘ ਨੇ ਦਸਿਆ ਕਿ 1986 ਤੋਂ 1989 ਤਕ ਮੋਹਕਮ ਸਿੰਘ, ਬਾਬਾ ਜੋਗਿੰਦਰ ਸਿੰਘ, ਸਿਮਰਨਜੀਤ ਸਿੰਘ ਮਾਨ ਉਨ੍ਹਾਂ ਨਾਲ ਸ਼ਹੀਦਾਂ ਨੂੰ ਯਾਦ ਕਰਦੇ ਸਨ। 25 ਸਾਲ ਬਾਅਦ ਗਿਆਨੀ ਗੁਰਬਚਨ ਸਿੰਘ ਵਲੋਂ ਸ਼ਹੀਦਾਂ ਨੂੰ ਮਾਨਤਾ ਦਿਤੀ ਗਈ ਅਤੇ 31 ਸਾਲ ਬਾਅਦ ਕਿਰਪਾਲ ਸਿੰਘ ਬਡੂੰਗਰ ਵਲੋਂ ਸ਼ਹੀਦਾਂ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਵਿਚ ਲਗਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਨਸਾਫ਼ ਅਫ਼ਸਰਸ਼ਾਹੀ ਦੇ ਹੱਥ ਵਿਚ ਹੈ ਪਰ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਜਥੇਦਾਰ ਸਾਹਿਬਾਨ ਉਨ੍ਹਾਂ ਕੋਲ ਆਉਂਦੇ ਰਹੇ, ਇਸ ਘੋਲ ਵਿਚ ਲੋਕਾਂ ਨੇ ਪਿੱਠ ਨਹੀਂ ਵਿਖਾਈ।