ਮੁੰਬਈ ’ਚ ਦੋ ਰੋਜ਼ਾ ਕੌਮਾਂਤਰੀ ਪ੍ਰਦਰਸ਼ਨੀ ’ਚ ਕੀਤੇ ਜਾ ਰਹੇ ਪਰਉਪਕਾਰੀ ਕੰਮਾਂ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਇਆ ਸਟਾਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 28 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੰਬਈ ਦੇ ਜੀਓ ਕਨਵੈਨਸ਼ਨ ਸੈਂਟਰ ਵਿਚ ਲੱਗੀ ਦੋ ਰੋਜ਼ਾ ਕੌਮਾਂਤਰੀ ਪ੍ਰਦਰਸ਼ਨੀ ’ਚ ਸਟਾਲ ਲਗਾ ਕੇ ਇਸ ਵੱਲੋਂ ਮਨੁੱਖਤਾ ਦੀ ਸੇਵਾ ਵਾਸਤੇ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਹੈ। ਇਹ ਪ੍ਰਦਰਸ਼ਨੀ ਲਾਇਨਜ਼ ਕਲੱਬ ਆਫ ਇੰਡੀਆ ਵੱਲੋਂ ਲਗਾਇਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਉਚੇਰੀ ਸਿੱਖਿਆ ਸਰਦਾਰ ਐਮ ਪੀ ਐਸ ਚੱਢਾ ਤੇ ਸਟਾਫ ਮੈਂਬਰ ਸਰਦਾਰ ਨਰਿੰਦਰ ਸਿੰਘ ਰਾਵਲਪਿੰਡੀ ਵਿਸ਼ੇਸ਼ ਤੌਰ ’ਤੇ ਮੁੰਬਈ ਵਿਚ ਹਨ ਤਾਂ ਜੋ ਇਸ ਪ੍ਰੋਗਰਾਮ ਨੂੰ ਸਫਲ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਪ੍ਰਦਰਸ਼ਨੀ ਵਿਚ 200 ਤੋਂ ਜ਼ਿਆਦਾ ਦੇਸ਼ਾਂ ਤੋਂ ਪ੍ਰਤੀਨਿਧ ਪੁੱਜੇ ਹਨ ਤੇ 400 ਤੋਂ ਜ਼ਿਆਦਾ ਸਟਾਲ ਲੱਗੇ ਹਨ ਜਿਹਨਾਂ ਵਿਚ ਵੱਖ-ਵੱਖ ਸੰਸਥਾਵਾਂ ਆਪਣੇ ਵੱਲੋਂ ਕੀਤੇ ਜਾ ਰਹੇ ਪਰਉਪਕਾਰੀ ਕੰਮਾਂ ਬਾਰੇ ਜਾਣਕਾਰੀਆਂ ਸਾਂਝੀਆਂ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਦਿੱਲੀ ਕਮੇਟੀ ਨੇ ਐਚ 12 ਨੰਬਰ ਸਟਾਲ ਲਗਾਇਆ ਹੈ।
ਉਹਨਾਂ ਦੱਸਿਆ ਕਿ ਅਸੀਂ ਵਿਸ਼ੇਸ਼ ਸਕਰੀਨਾਂ ਦੇ ਨਾਲ-ਨਾਲ ਕਾਉਂਟਰ ਲਗਾਏ ਹਨ ਜਿਥੇ ਸਾਹਿਤਕ ਸਮੱਗਰੀ ਤੇ ਹੋਰ ਜ਼ਰੂਰੀ ਵਸਤਾਂ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਦਿੱਲੀ ਗੁਰਦੁਆਰਾ ਕਮੇਟੀ ਮੈਡੀਕਲ, ਧਾਰਮਿਕ ਤੇ ਹੋਰ ਖੇਤਰਾਂ ਵਿਚ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਉਹਨਾਂ ਦੱਸਿਆ ਕਿ ਅੱਜ 5 ਹਜ਼ਾਰ ਤੋਂ ਜ਼ਿਆਦਾ ਲੋਕ ਦਿੱਲੀ ਕਮੇਟੀ ਦੇ ਸਟਾਲ ਵਿਚ ਆਏਹਨ ਤੇ ਕੱਲ੍ਹ ਹੋਰ ਭੀੜ ਹੋਣ ਦੀ ਸੰਭਾਵਨਾ ਹੈ। ਉਹਨਾਂ ਨੇ ਪ੍ਰਦਰਸ਼ਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਹੋਰ ਦਾਨ ਤੇ ਸਹਾਇਤਾ ਮਿਲਦੀ ਹੈ ਜਿਸਦਾ ਮਤਲਬ ਹੈ ਕਿ ਮਨੁੱਖਤਾ ਦੀ ਸੇਵਾ ਵਾਸਤੇ ਹੋਰ ਬਲ ਮਿਲਦਾ ਹੈ।
Comments (0)