ਰਾਜਸਥਾਨ ਦੇ ਅਜਮੇਰ ਵਿੱਚ ਸਥਿਤ ਦਰਗਾਹ ਤੇ ਹਿੰਦੂ ਮੰਦਰ ਹੋਣ ਦਾ ਦਾਹਵਾ

ਰਾਜਸਥਾਨ ਦੇ ਅਜਮੇਰ ਵਿੱਚ ਸਥਿਤ ਦਰਗਾਹ ਤੇ ਹਿੰਦੂ ਮੰਦਰ ਹੋਣ ਦਾ ਦਾਹਵਾ

 ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਪੱਤਰ ਲਿਖ ਕੇ ਮਾਮਲੇ ਦੀ ਜਾਂਚ ਕਰਨ ਦੀ ਮੰਗ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 28 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਰਾਜਸਥਾਨ ਦੇ ਅਜਮੇਰ ਵਿੱਚ ਸਥਿਤ ਖਵਾਜਾ ਮੋਇਨੂਦੀਨ ਚਿਸ਼ਤੀ ਦਰਗਾਹ ਦਰਗਾਹ ਨਹੀਂ ਬਲਕਿ ਇੱਕ ਹਿੰਦੂ ਮੰਦਰ ਹੈ। ਇਹ ਦਾਅਵਾ ਮਹਾਰਾਣਾ ਪ੍ਰਤਾਪ ਸੈਨਾ ਦੇ ਕੌਮੀ ਪ੍ਰਧਾਨ ਰਾਜਵਰਧਨ ਸਿੰਘ ਪਰਮਾਰ ਨੇ ਕੀਤਾ ਹੈ।  ਇਸ ਸਬੰਧੀ ਉਨ੍ਹਾਂ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਪੱਤਰ ਲਿਖ ਕੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ।  ਰਾਜਵਰਧਨ ਨੇ ਆਪਣੇ ਸੋਸ਼ਲ ਮੀਡੀਆ ਐਕਸ ਹੈਂਡਸ ਤੋਂ ਇੱਕ ਵੀਡੀਓ ਅਤੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਦੀ ਇੱਕ ਕਾਪੀ ਵੀ ਪੋਸਟ ਕੀਤੀ ਹੈ। ਰਾਜਵਰਧਨ ਨੇ ਕਿਹਾ ਕਿ ਅਜਮੇਰ ਦਰਗਾਹ, ਦਰਗਾਹ ਨਹੀਂ ਸਗੋਂ ਹਿੰਦੂ ਮੰਦਰ ਹੈ।  ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮਹਾਰਾਣਾ ਪ੍ਰਤਾਪ ਸੈਨਾ ਨੇ ਇਸ ਨੂੰ ਪਹਿਲਾਂ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਸੀ।  ਹਾਲਾਂਕਿ ਪਿਛਲੀ ਸਰਕਾਰ ਵੱਲੋਂ ਇਸ ਮੁੱਦੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।  ਉਨ੍ਹਾਂ ਨੇ ਸੀਐਮ ਭਜਨ ਲਾਲ ਤੋਂ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਰਾਜਸਥਾਨ ਦੇ ਸੀਐਮ ਭਜਨ ਲਾਲ ਸ਼ਰਮਾ ਨੂੰ ਲਿਖੇ ਪੱਤਰ ਵਿੱਚ ਰਾਜਵਰਧਨ ਸਿੰਘ ਪਰਮਾਰ ਨੇ ਕਿਹਾ ਕਿ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਕੱਢੀ ਗਈ ਜਨ ਜਾਗਰਣ ਯਾਤਰਾ ਦੌਰਾਨ ਕਈ ਲੋਕਾਂ ਨੇ ਇਸ ਮੰਗ ਦਾ ਸਮਰਥਨ ਕੀਤਾ ਹੈ।  ਉਨ੍ਹਾਂ ਨੇ ਮੁੱਖ ਮੰਤਰੀ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰਨ ਅਤੇ ਅਯੁੱਧਿਆ, ਬਾਬਰੀ ਮਸਜਿਦ ਅਤੇ ਵਾਰਾਣਸੀ ਦੀ ਜਾਂਚ ਵਾਂਗ ਅਜਮੇਰ ਦੀ ਦਰਗਾਹ ਦੀ ਵੀ ਜਾਂਚ ਕਰਵਾਉਣ ਦੀ ਬੇਨਤੀ ਕੀਤੀ।

ਧਿਆਨ ਯੋਗ ਹੈ ਕਿ ਭਾਰਤੀ ਪੁਰਾਤੱਤਵ ਸਰਵੇਖਣ (ਏ.ਐਸ.ਆਈ.) ਨੂੰ ਵਾਰਾਣਸੀ ਦੇ ਗਿਆਨਵਾਪੀ ਕੰਪਲੈਕਸ ਵਿੱਚ ਕੁਝ ਹੈਰਾਨ ਕਰਨ ਵਾਲੇ ਸਬੂਤ ਮਿਲੇ ਹਨ।  ਏਐਸਆਈ ਟੀਮ ਨੇ ਆਪਣੀ ਸਰਵੇ ਰਿਪੋਰਟ ਵਿੱਚ ਕਿਹਾ ਹੈ ਕਿ ਉੱਥੇ ਹਿੰਦੂ ਮੰਦਰ ਦੀ ਹੋਂਦ ਦੇ ਕਈ ਸਬੂਤ ਮਿਲੇ ਹਨ। ਦੂਜੇ ਪਾਸੇ ਅਜਮੇਰ ਦਰਗਾਹ 'ਤੇ ਜਾਂਚ ਨੂੰ ਲੈ ਕੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ।  ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਭਜਨ ਲਾਲ ਇਸ 'ਤੇ ਕੀ ਫੈਸਲਾ ਲੈਂਦੇ ਹਨ।