ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਤਖ਼ਤ ਪਟਨਾ ਸਾਹਿਬ ਕਮੇਟੀ ਨੇ ਰਿਹਾਇਸ਼ ਲਈ ਬਣੇ ਕਮਰਿਆਂ ਦੀ ਬੁਕਿੰਗ ਲਈ ਜਾਰੀ ਕੀਤਾ ਟੋਲ ਫ਼ਰੀ ਨੰਬਰ

ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਤਖ਼ਤ ਪਟਨਾ ਸਾਹਿਬ ਕਮੇਟੀ ਨੇ ਰਿਹਾਇਸ਼ ਲਈ ਬਣੇ ਕਮਰਿਆਂ ਦੀ ਬੁਕਿੰਗ ਲਈ ਜਾਰੀ ਕੀਤਾ ਟੋਲ ਫ਼ਰੀ ਨੰਬਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 7 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਵੱਲੋਂ ਟੋਲਫ਼੍ਰੀ ਨੰਬਰ 18008918967 ਜਾਰੀ ਕੀਤਾ ਗਿਆ ਹੈ ਜਿਸ ਦੇ ਚਲਦੇ ਸੰਗਤਾਂ ਦੇਸ਼-ਵਿਦੇਸ਼ ਤੋਂ ਟੈਲੀਫ਼ੋਨ ਕਰਕੇ 8 ਤੋਂ 20 ਜਨਵਰੀ ਤੱਕ ਰਿਹਾਇਸ਼ ਵਾਸਤੇ ਬੁਕਿੰਗ ਕਰ ਸਕਦੀਆਂ ਹਨ।

 ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਬੁਲਾਰੇ ਸੁਦੀਪ ਸਿੰਘ ਨੇ ਦੱਸਿਆ ਕਿ ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਸਾਧ ਸੰਗਤ ਅਤੇ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 15 ਤੋਂ 17 ਜਨਵਰੀ ਤੱਕ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦੇ ਪਹੁੰਚਣ ਦਾ ਅੰਦਾਜ਼ਾ ਹੈ। ਇਸ ਲਈ ਸੰਗਤ ਨੂੰ ਰਿਹਾਇਸ਼ ਸਬੰਧੀ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆਵੇ ਇਸ ਲਈ ਤਖ਼ਤ ਸਾਹਿਬ ਦੀ ਕਮੇਟੀ ਵੱਲੋਂ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ’ਤੇ ਸੰਗਤ ਕਾਲ ਕਰਕੇ ਆਪਣੀ ਰਿਹਾਇਸ਼ ਬੁੱਕ ਕਰ ਸਕਦੀ ਹੈ। 

ਉਨ੍ਹਾਂ ਦੱਸਿਆ ਕਿ ਇਹ ਸਹੂਲਤ 8 ਜਨਵਰੀ ਤੋਂ 20 ਜਨਵਰੀ ਤੱਕ ਸੰਗਤਾਂ ਲਈ ਮੌਜੂਦ ਰਹੇਗੀ। ਇਸ ਦੇ ਨਾਲ ਹੀ ਸੰਗਤਾਂ ਲਈ ਲੰਗਰ-ਪ੍ਰਸ਼ਾਦਿ ਪ੍ਰਬੰਧ ਵੀ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ।