ਪੰਜਾਬ ਵਿਚ  ਖੇਡ ਵਿੰਗਾਂ ਦਾ ਘਟ ਰਿਹਾ ਦਾਇਰਾ ਡਿੱਗ ਰਿਹਾ ਖੁਰਾਕ ਦਾ ਪੱਧਰ 

ਪੰਜਾਬ ਵਿਚ  ਖੇਡ ਵਿੰਗਾਂ ਦਾ ਘਟ ਰਿਹਾ ਦਾਇਰਾ ਡਿੱਗ ਰਿਹਾ ਖੁਰਾਕ ਦਾ ਪੱਧਰ 

ਖੇਡ ਸੰਸਾਰ

ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 'ਖੇਡਾਂ ਵਤਨ ਪੰਜਾਬ ਦੀਆਂ' ਦੀ ਸ਼ੁਰੂਆਤ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਬਤੌਰ ਖਿਡਾਰੀ ਆਪਣੀ ਖੇਡ ਵਾਲੀਬਾਲ ਦੇ ਜੌਹਰ ਦਿਖਾ ਕੇ ਖਿਡਾਰੀਆਂ ਦੇ ਹੌਸਲੇ ਨੂੰ ਬੁਲੰਦ ਕੀਤਾ। ਖਿਡਾਰੀਆਂ ਦੇ ਦਰਦ ਨੂੰ ਸਮਝਦਿਆਂ ਮੁੱਖ ਮੰਤਰੀ ਇਸ ਮੌਕੇ ਵਲੋਂ 'ਦੋ ਆਂਡਿਆਂ ਇਕ ਦੁੱਧ ਦੇ ਗਿਲਾਸ' ਦਾ ਜ਼ਿਕਰ ਕੀਤਾ ਗਿਆ, ਸਰਕਾਰ ਨੂੰ ਮਹਿਸੂਸ ਹੋਇਆ ਕਿ ਇਹ ਖੁਰਾਕ ਉਭਰਦੇ ਖਿਡਾਰੀਆਂ ਲਈ ਕਾਫ਼ੀ ਘੱਟ ਹੈ ਜੋ ਕਿ ਖਿਡਾਰੀ ਵਰਗ ਵਿਚ ਚਰਚਾ ਦਾ ਵਿਸ਼ਾ ਬਣ ਗਿਆ। ਭਾਈ ਸਾਹਿਬ ਇਹ ਖੁਰਾਕ ਕਿੱਥੇ ਮਿਲਦੀ ਹੈ। ਇਕ ਬਜ਼ੁਰਗ ਖਿਡਾਰੀ ਨੇ ਤਨਜ਼ ਕੱਸਦਿਆਂ ਕਿਹਾ 'ਪੁੱਤਰਾ ਇਹ ਖੁਰਾਕ ਉਦੋਂ ਮਿਲਦੀ ਸੀ, ਜਦੋਂ ਅਸੀਂ ਜਵਾਨ ਹੁੰਦੇ ਸੀ ਅਤੇ ਪੰਜਾਬ ਵਿਚ ਖੇਡ ਵਿੰਗ ਹੁੰਦੇ ਸਨ।' ਪੰਜਾਬ ਵਿਚ ਬਹੁਤ ਸਾਲਾਂ ਤੋਂ ਖੇਡ ਵਿੰਗਾਂ ਦਾ ਘਟ ਰਿਹਾ ਦਾਇਰਾ ਡਿੱਗ ਰਿਹਾ ਖੁਰਾਕ ਦਾ ਪੱਧਰ ਖਿਡਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ। ਅੱਜ ਪੰਜਾਬ ਸਰਕਾਰ ਤੋਂ ਖਿਡਾਰੀ ਇਹ ਆਸ ਲਗਾਈ ਬੈਠੇ ਹਨ, ਬਦਲਾਅ ਵਾਲੀ ਸਰਕਾਰ ਸਾਡੇ ਲਈ ਵੀ ਬਦਲਾਅ ਜ਼ਰੂਰ ਲੈ ਕੇ ਆਵੇਗੀ। ਪੰਜਾਬ ਵਿਚ ਖੇਡ ਵਿੰਗਾਂ ਦਾ ਵਾਧਾ ਕਰਦੀ ਹੋਈ ਖਿਡਾਰੀਆਂ ਲਈ ਉੱਚ ਦਰਜੇ ਦੀਆਂ ਸਹੂਲਤਾਂ ਪ੍ਰਦਾਨ ਕਰੇਗੀ। 'ਖੇਡਾਂ ਵਤਨ ਪੰਜਾਬ ਦੀਆਂ' ਦਾ ਮਹਾਂਕੁੰਭ ਤਕਰੀਬਨ ਦੋ ਮਹੀਨੇ ਪੰਜਾਬ ਦੇ ਖੇਡ ਮੈਦਾਨਾਂ ਵਿਚ ਨਜ਼ਰ ਆਵੇਗਾ। ਜਿਸ ਨੂੰ ਨੇਪਰੇ ਚਾੜ੍ਹਨ ਲਈ ਖੇਡ ਵਿਭਾਗ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਖੇਡ ਅਧਿਕਾਰੀ ਆਪਣੀ ਡਿਊਟੀ ਬਾਖੂਬੀ ਨਿਭਾਉਂਦੇ ਨਜ਼ਰ ਆਉਣਗੇ। ਇਕ ਸਮਾਜ ਸੇਵਕ ਵਲੋਂ ਆਖਿਆ ਗਿਆ 'ਸ਼ੁੱਕਰ ਐ ਪਰਮਾਤਮਾ ਦਾ ਇਨ੍ਹਾਂ ਖੇਡਾਂ ਸਦਕਾ ਖੇਡ ਮੈਦਾਨਾਂ ਦੀ ਸਫਾਈ ਹੋਈ, ਪਿੰਡਾਂ ਅਤੇ ਸ਼ਹਿਰਾਂ ਦੇ ਨੰਨ੍ਹੇ-ਮੁੁੰਨੇ ਬੱਚਿਆਂ ਨੇ ਖੇਡ ਮੈਦਾਨਾਂ ਵੱਲ ਮੂੰਹ ਕੀਤਾ। ਸਰਕਾਰ ਲਈ ਖੇਡ ਮੈਦਾਨਾਂ ਦੀ ਸਾਂਭ-ਸੰਭਾਲ ਕਰਨਾ ਅਤੇ ਖੇਡ ਗੁਰੂ (ਕੋਚ) ਹਰ ਖੇਡ ਮੈਦਾਨ ਵਿਚ ਤਾਇਨਾਤ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਪ੍ਰੰਤੂ ਇਮਾਨਦਾਰੀ ਅਤੇ ਨੇਕ ਇਰਾਦਿਆਂ ਨਾਲ ਕੀਤਾ ਗਿਆ ਕੰਮ ਇਕ ਦਿਨ ਜ਼ਰੂਰ ਪੂਰਾ ਹੋ ਜਾਂਦਾ ਹੈ। ਜਿੱਥੇ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਖੇਡਾਂ ਨਾਲ ਜੋੜਨ ਦਾ ਉੱਪਰਾਲਾ ਕੀਤਾ ਹੈ, ਉੱਥੇ ਆ ਰਹੀਆਂ ਕਮੀਆਂ ਦਾ ਖ਼ਾਕਾ ਵੀ ਤਿਆਰ ਕਰੇਗੀ। ਖਿਡਾਰੀਆਂ ਦੇ ਹਿੱਤਾਂ ਦੀ ਰਾਖੀ ਦਾ ਚੁੱਕਿਆ ਗਿਆ ਬੀੜਾ ਉੱਭਰਦੇ ਖਿਡਾਰੀਆਂ ਦੇ ਸੁਪਨਿਆ ਨੂੰ ਪੂਰਾ ਕਰੇਗਾ। ਅੱਜ ਪੰਜਾਬ ਦੇ ਖੇਡ ਮੰਤਰੀ ਦੀ 'ਖੇਡਾਂ ਵਤਨ ਪੰਜਾਬ ਦੀਆਂ' 'ਤੇਪੂਰੀ ਨਜ਼ਰ ਹੈ, ਉਹ ਖੇਡਾਂ ਨੂੰ ਨੇਪਰੇ ਚਾੜ੍ਹਨ ਵਿਚ ਹਰ ਪੱਖੋਂ ਸਮਰੱਥ ਦਿਖਾਈ ਦੇ ਰਹੇ ਹਨ। ਅੱਜ ਜਿੱਥੇ ਹਰ ਅਧਿਕਾਰੀ ਵਰਗ ਵਲੋਂ ਮੋਢੇ ਨਾਲ ਮੋਢਾ ਜੋੜ ਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਖੇਡਾਂ ਦਾ ਸੱਭਿਆਚਾਰ ਸਿਰਜਿਆ ਜਾ ਰਿਹਾ ਹੈ, ਉੱਥੇ ਮਨਰੇਗਾ ਵਰਕਰਾਂ ਵਲੋਂ ਪਾਏ ਗਏ ਯੋਗਦਾਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਖੇਡਾਂ ਦੇ ਸੰਬੰਧ ਵਿਚ ਲੋਕਾਂ ਨਾਲ ਵਿਚਾਰ ਚਰਚਾ ਕਰਨ ਉਪਰੰਤ ਕੁਝ ਰੋਮਾਂਚਕ ਤੱਥ ਸਾਹਮਣੇ ਆਏ, ਸਵਾਲ ਸੀ ਪੰਜਾਬ ਵਿਚ ਕਿਹੜੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ।

'ਖੇਡਾਂ ਵਤਨ ਪੰਜਾਬ ਦੀਆਂ' ਕੁਝ ਨੇ ਹੀ ਆਖਿਆ ਜ਼ਿਆਦਾਤਰ ਲੋਕ 'ਭਗਵੰਤ ਮਾਨ ਵਾਲੀਆਂ ਖੇਡਾਂ' ਕਹਿ ਕੇ ਸੰਬੋਧਨ ਕਰਦੇ ਸਨ। ਪੰਜਾਬ ਸਰਕਾਰ ਵਲੋਂ ਖੇਡਾਂ ਪ੍ਰਤੀ ਕੀਤੀ ਗਈ ਪਹਿਲਕਦਮੀ ਦਾ ਸਿਹਰਾ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਜਾਂਦਾ ਹੈ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਸਰਕਾਰ ਵਲੋਂ ਖੇਡ ਸੱਭਿਆਚਾਰ ਲਈ ਕੀਤਾ ਗਿਆ ਉਪਰਾਲਾ ਨੌਜਵਾਨਾਂ ਨੂੰ ਖੇਡ ਸਰਗਰਮੀਆਂ ਨਾਲ ਜੋੜਨ ਵਿਚ ਮੋਹਰੀ ਨਜ਼ਰ ਆਵੇਗਾ।

 

  ਬੀਰਪਾਲ ਗਿਲ