ਦੋ ਵਾਰ ਦੀ ਉਲੰਪਿਕ ਜੇਤੂ ਪੀ.ਵੀ. ਸਿੰਧੂ

ਦੋ ਵਾਰ ਦੀ ਉਲੰਪਿਕ ਜੇਤੂ ਪੀ.ਵੀ. ਸਿੰਧੂ

ਖੇਡ ਸੰਸਾਰ

ਦੋ ਵਾਰ ਦੀ ਉਲੰਪਿਕ ਜੇਤੂ ਪੀ.ਵੀ. ਸਿੰਧੂ ਨੇ ਇਕ ਹੋਰ ਸੋਨ ਤਗਮਾ ਆਪਣੇ ਨਾਂਅ ਕੀਤਾ ਹੈ। ਬੀਤੇ ਐਤਵਾਰ ਉਸ ਨੇ ਸਿੰਗਾਪੁਰ ਓਪਨ ਸੁੁਪਰ 500 ਦੇ ਫਾਈਨਲ 'ਚ ਚੀਨੀ ਖਿਡਾਰਨ ਵਾਂਗ ਜ਼ੀ ਯੀ ਨੂੰ ਤਿੰਨ ਸੈੱਟ ਤੱਕ ਚੱਲੇ ਸਖ਼ਤ ਮੁਕਾਬਲੇ 'ਚ 21-9, 11-21, 21-15 ਨਾਲ ਹਰਾ ਕੇ ਇਤਿਹਾਸ ਰਚਦਿਆਂ ਇਹ ਖ਼ਿਤਾਬ ਆਪਣੇ ਨਾਂਅ ਕੀਤਾ। ਉਹ ਸਿੰਗਾਪੁਰ ਓਪਨ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਬਣ ਗਈ ਹੈ। ਉਸ ਤੋਂ ਪਹਿਲਾਂ 2010 'ਚ ਸਾਇਨਾ ਨੇਹਵਾਲ ਤੇ 2017 'ਚ ਬੀ. ਸਾਈ ਪ੍ਰਨੀਤ ਨੇ ਇਹ ਖ਼ਿਤਾਬ ਆਪਣੇ ਨਾਂਅ ਕੀਤਾ ਸੀ। ਸਿੰਧੂ ਦਾ ਮੌਜੂਦਾ ਸੀਜ਼ਨ 'ਚ ਇਹ ਤੀਜਾ ਖ਼ਿਤਾਬ ਹੈ। ਉਸ ਨੇ ਸਈਅਦ ਮੋਦੀ ਅੰਤਰਰਾਸ਼ਟਰੀ ਅਤੇ ਸਵਿਸ ਓਪਨ ਦੇ ਰੂਪ 'ਚ ਦੋ ਸੁੁਪਰ 300 ਟੂਰਨਾਮੈਂਟ ਜਿੱਤੇ ਹਨ। ਦੱਸ ਦੇਈਏ ਕਿ ਪੀ.ਵੀ. ਸਿੰਧੂ ਦੋ ਵਾਰ ਉਲੰਪਿਕ ਖੇਡਾਂ 'ਚ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਹੈ। ਸਾਲ 2016 'ਚ ਉਸ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਜਿਸ ਤੋਂ ਅਗਲੇ ਚਾਰ ਸਾਲਾਂ ਬਾਅਦ ਭਾਵ 2020 'ਚ ਕਾਂਸੀ ਦਾ ਤਗਮਾ ਆਪਣਾ ਨਾਂਅ ਕੀਤਾ। ਇਸ ਤੋਂ ਇਲਾਵਾ ਉਸ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਪੰਜ ਤਗਮੇ ਜਿੱਤੇ ਹਨ, ਜਿਨ੍ਹਾਂ 'ਚ ਇਕ ਸੋਨ ਤਗਮਾ, ਦੋ ਚਾਂਦੀ ਅਤੇ ਦੋ ਕਾਂਸੀ ਤਗਮੇ ਸ਼ਾਮਿਲ ਹਨ। ਇਸ ਤੋਂ ਇਲਾਵਾ ਉਸ ਨੇ ਏਸ਼ਿਆਈ ਖੇਡਾਂ 'ਚ ਸਾਲ 2018 'ਚ ਚਾਂਦੀ ਤਗਮਾ ਅਤੇ 2014 'ਚ ਮਹਿਲਾ ਟੀਮ 'ਚ ਕਾਂਸੀ ਤਗਮਾ ਜਿੱਤਿਆ ਸੀ। ਸਾਲ 2014 'ਚ ਏਸ਼ਿਆਈ ਚੈਂਪੀਅਨਸ਼ਿਪ 'ਚ ਸਿੰਗਲਜ਼ 'ਚ ਵੀ ਉਸ ਨੇ ਕਾਂਸੀ ਤਗਮਾ ਜਿੱਤਿਆ। ਇਸ ਤੋਂ ਇਲਾਵਾ ਸਿੰਧੂ ਇੰਡੀਆ ਓਪਨ ਸੁਪਰ ਸੀਰੀਜ਼ ਦਾ ਖ਼ਿਤਾਬ ਦੋ ਵਾਰ, ਚੀਨ ਸੁਪਰ ਸੀਰੀਜ਼ ਪ੍ਰੀਮੀਅਰ ਅਤੇ ਕੋਰੀਆ ਓਪਨ ਸੁਪਰ ਸੀਰੀਜ਼ ਖ਼ਿਤਾਬ ਵੀ ਆਪਣੇ ਨਾਂਅ ਕਰ ਚੁੱਕੀ ਹੈ।

 

ਹਰਜਿੰਦਰ ਸਿੰਘ