ਮਿਆਮੀ ਹਵਾਈ ਅੱਡੇ 'ਤੇ ਹਜਾਰਾਂ ਚੂਚਿਆਂ ਦੀ ਜਿਆਦਾ ਗਰਮੀ ਕਾਰਨ ਹੋਈ ਮੌਤ

ਮਿਆਮੀ ਹਵਾਈ ਅੱਡੇ 'ਤੇ ਹਜਾਰਾਂ ਚੂਚਿਆਂ ਦੀ ਜਿਆਦਾ ਗਰਮੀ ਕਾਰਨ ਹੋਈ ਮੌਤ
ਕੈਪਸ਼ਨ:  ਮਿਆਮੀ ਹਵਾਈ ਅੱਡੇ ਉਪਰ ਪਏ ਡੱਬੇ ਜਿਨਾਂ ਵਿਚ ਲਿਆਂਦੇ ਚੂਚਿਆਂ ਦੀ ਗਰਮੀ ਕਾਰਨ ਮੌਤ ਹੋ ਗਈ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 23 ਜੁਲਾਈ (ਹੁਸਨ ਲੜੋਆ ਬੰਗਾ)-ਮਿਆਮੀ ਦੇ ਹਵਾਈ ਅੱਡੇ 'ਤੇ ਮਿਨੀਏਪੋਲਿਸ ਸੇਂਟ ਪਾਲ ਤੋਂ ਲਿਆਂਦੇ ਹਜਾਰਾਂ ਚੂਚਿਆਂ ਦੀ ਜਿਆਦਾ ਗਰਮੀ ਕਾਰਨ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਅਨੁਸਾਰ ਸਭ ਤੋਂ ਪਹਿਲਾਂ ਮਰੇ ਹੋਈ ਚੂਚਿਆਂ ਦਾ ਪਤਾ ਮਿਆਮੀ ਡੇਡ ਹਵਾਈ ਅੱਡੇ ਦੇ ਇਕ ਮੁਲਾਜ਼ਮ ਨੂੰ ਲੱਗਾ ਜਿਸ ਨੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ। ਮਿਆਮੀ  ਡੇਡ ਹਵਾਬਾਜੀ ਵਿਭਾਗ ਦੇ ਬੁਲਾਰੇ ਗਰੇਗ ਚਿਨ ਨੇ ਜਾਰੀ ਇਕ ਬਿਆਨ ਵਿਚ ਜਾਣਕਾਰੀ ਦਿੱਤੀ ਹੈ ਕਿ ਹਵਾਈ ਅੱਡੇ ਦੇ ਇਕ ਮੁਲਾਜਮ ਨੇ ਆਮ ਵਾਂਗ ਗਸ਼ਤ ਦੌਰਾਨ ਵੇਖਿਆ ਕਿ ਡੈਲਟਾ ਏਅਰ ਲਾਈਨਜ ਦੀ ਉਡਾਨ ਰਾਹੀਂ ਆਏ ਚੂਚੇ ਮਰੇ ਹੋਏ ਹਨ। ਚਿਨ ਅਨੁਸਾਰ ਇਹ ਚੂਚੇ ਮਿਆਮੀ ਹਵਾਈ ਅੱਡ ਉਪਰ  ਲੰਘ ਦਿਨ ਦੁਪਹਿਰ 1ਵਜ ਕੇ 16 ਮਿੰਟ 'ਤੇ ਡੈਲਟਾ ਉਡਾਨ ਰਾਹੀਂ ਲਿਆਂਦੇ ਗਏ ਸਨ। ਗੱਤੇ ਤੇ ਧਾਤ ਦੇ ਡੱਬਿਆਂ ਵਿਚ ਬੰਦ ਇਨਾਂ ਚੂਚਿਆਂ ਦਾ ਉਡਾਨ ਪਹੁੰਚਣ ਤੋਂ 4 ਘੰਟੇ ਬਾਅਦ ਪਤਾ ਲੱਗਾ। ਉਸ ਸਮੇ ਹਵਾਈ ਅੱਡੇ ਉਪਰ ਤਾਪਮਾਨ 90 ਡਿਗਰੀ ਸੀ ਜੋ ਉਸ ਦਿਨ ਦਾ ਸਭ ਤੋਂ ਵਧ ਤਾਪਮਾਨ ਸੀ। ਫਲੋਰਿਡਾ ਦੇ ਖੇਤੀਬਾੜੀ ਤੇ ਖਪਤਕਾਰ ਸੇਵਾਵਾਂ ਬਾਰੇ ਵਿਭਾਗ ਦੇ ਬੁਲਾਰੇ ਏਰਿਨ ਮੋਫੈਟ ਅਨੁਸਾਰ ਚੂਚਿਆਂ ਨੂੰ ਬਹਾਮਾਸ ਭੇਜਿਆ ਜਾਣਾ ਸੀ ਪਰੰਤੂ ਇਸ ਤੋਂ ਪਹਿਲਾਂ ਹੀ ਤਪਸ਼ ਦੀ ਲਪੇਟ ਵਿਚ ਆ ਕੇ ਇਨਾਂ ਦੀ ਮੌਤ ਹੋ ਗਈ। ਬਚੇ ਚੂਚਿਆਂ ਨੂੰ ਬਹਾਮਾਸ ਭੇਜ ਦਿੱਤਾ ਗਿਆ ਹੈ। ਕੁਲ 5200 ਚੂਚੇ ਲਿਆਂਦੇ ਗਏ ਸਨ ਜਿਨਾਂ ਵਿਚੋਂ 1300 ਹੀ ਬਚ ਸਕੇ ਹਨ। ਬੁਲਾਰੇ ਅਨੁਸਾਰ ਲਾਅ ਇਨਫੋਰਸਮੈਂਟ ਦੇ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾਵੇਗੀ ਤੇ ਇਸ ਸਬੰਧੀ ਜੁੰਮੇਵਾਰ ਤੈਅ ਕੀਤੀ ਜਾਵੇਗੀ।