ਲਗਾਤਾਰ ਦੂਜੀ ਵਾਰ ਬਣਿਆ ਸਰਬੋਤਮ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ 

ਲਗਾਤਾਰ ਦੂਜੀ ਵਾਰ ਬਣਿਆ ਸਰਬੋਤਮ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ 

ਹਾਕੀ ਪੰਜਾਬੀਆਂ ਦੀ ਜਿੰਦਜਾਨ ਹੈ

ਹਾਕੀ ਪੰਜਾਬੀਆਂ ਦੀ ਜਿੰਦਜਾਨ ਹੈ, ਜਦੋਂ ਇਸ ਨੂੰ ਕੋਈ ਇਨਾਮ ਮਿਲਦਾ ਹੈ ਜਾਂ ਅੰਤਰਰਾਸ਼ਟਰੀ ਸੋਨੇ ਦਾ ਤਗਮਾ, ਤਾਂ ਹਰ ਇਕ ਪੰਜਾਬੀ ਦੀ ਛਾਤੀ ਚੌੜੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਕੋਈ ਹਾਰ ਹੁੰਦੀ ਹੈ ਤਾਂ ਜਲੰਧਰ ਦੀਆਂ ਔਰਤਾਂ ਰਾਤ ਦੀ ਰੋਟੀ ਨਹੀਂ ਪਕਾਉਂਦੀਆਂ। ਪਿਛਲੇ ਦਿਨੀਂ 7 ਅਕਤੂਬਰ ਨੂੰ ਇਹ ਖ਼ਬਰ ਆਈ ਕਿ ਹਰਮਨਪ੍ਰੀਤ ਸਿੰਘ ਨੂੰ ਦੂਸਰੀ ਵਾਰ ਸੰਸਾਰ ਦਾ ਹਾਕੀ ਦਾ ਸਰਬੋਤਮ ਖਿਡਾਰੀ ਚੁਣ ਲਿਆ ਗਿਆ ਹੈ। ਇਸ ਤਰ੍ਹਾਂ ਦਾ ਸਨਮਾਨ ਬੜੇ ਧਿਆਨ ਨਾਲ ਸੋਚ ਸਮਝ ਕੇ ਦਿੱਤਾ ਗਿਆ ਹੈ। ਇਹ ਕੇਵਲ ਭਾਰਤ ਦੀ ਨਹੀਂ, ਸਗੋਂ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦਾ ਵੀ ਫ਼ੈਸਲਾ ਹੈ। ਇਹ ਚੋਣ ਪ੍ਰਕਿਰਿਆ ਦੀ ਪਾਲਣਾ ਕਰਕੇ ਹੋਈ ਜੋ ਆਧੁਨਿਕ ਮਾਧਿਅਮ ਨੂੰ ਅਪਣਾ ਕੇ ਕੀਤੀ ਗਈ। ਇਸ ਲਈ ਚੋਣਾਂ 23 ਅਗਸਤ ਤੋਂ ਸ਼ੁਰੂ ਹੋ ਕੇ 15 ਸਤੰਬਰ ਤੱਕ ਹੋਈਆਂ, ਜਿਸ ਵਿਚ ਸ਼ਾਮਿਲ ਹੋਏ ਸਾਡੇ ਦਿੱਗਜ ਖਿਡਾਰੀ ਜੋ ਆਪਣੇ ਸਮੇਂ ਦੇ ਕਪਤਾਨ ਵੀ ਰਹਿ ਚੁੱਕੇ ਸਨ। ਇਸ ਤੋਂ ਬਿਨਾ ਐਸੋਸੀਏਸ਼ਨ ਦੇ ਕੋਚਾਂ ਤੇ ਕੁਝ ਖੇਡ ਪ੍ਰੇਮੀ ਵੀ ਸ਼ਾਮਲ ਹੋਏ। ਦੋ ਸਾਲ ਤੋਂ ਲਗਾਤਾਰ ਵਿਸ਼ਵ ਦਾ ਸਰਬੋਤਮ ਚੁਣਿਆ ਜਾਣ ਵਾਲਾ ਸਾਡਾ ਹਰ ਮਨ ਵਿਚ ਪ੍ਰੀਤ ਜਗਾਉਣ ਵਾਲਾ ਹਰਮਨਪ੍ਰੀਤ ਦਾ ਜਨਮ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਚ 6 ਜਨਵਰੀ, 1996 ਨੂੰ ਹੋਇਆ, ਉਹ ਬਹੁਤ ਉੱਚੇ ਕੱਦ ਦਾ 5 ਫੁੱਟ 11 ਇੰਚ ਦਾ ਹੈ, ਜੋ ਹਾਕੀ ਦੇ ਡ੍ਰੈਗ ਫਲਕਿਰ ਲਈ ਇਕ ਵਰਦਾਨ ਹੈ। ਭਾਰਤ ਦੀ ਸ਼ਾਨ ਬਣੇ ਇਸ ਖਿਡਾਰੀ ਨੇ ਹਾਕੀ ਦੀ ਸਿਖਲਾਈ ਸੁਰਜੀਤ ਅਕਾਦਮੀ ਤੋਂ ਲਈ। 25 ਸਾਲਾਂ ਦਾ 70 ਕਿਲੋ ਦੇ ਤਕੜੇ ਜਿਸਮ ਵਾਲਾ ਹਰਮਨ ਜਾਂ ਤਾਂ ਹਾਕੀ ਦੇ ਮੈਦਾਨ ਵਿਚ ਹੁੰਦਾ ਹੈ ਜਾਂ ਪਿਤਾ ਨਾਲ ਖੇਤਾਂ ਵਿਚ ਟਰੈਕਟਰ ਚਲਾਉਂਦਾ। ਦਸ ਸਾਲ ਦੀ ਉਮਰ ਵਿਚ ਪਿਤਾ ਨੇ ਉਸ ਦੇ ਹੱਥ ਵਿਚ ਹਾਕੀ ਫੜਾ ਦਿੱਤੀ ਤੇ ਉਸ ਨੇ ਪਿਛਾਂਹ ਮੁੜ ਕੇ ਨਹੀਂ ਦੇਖਿਆ। ਉਸ ਨੇ 2015 ਦਾ ਵਿਸ਼ਵ ਕੱਪ ਸੋਨੇ ਦੇ ਤਗਮੇ ਨਾਲ, 2016 ਵਿਚ ਚੈਂਪੀਅਨ ਪ੍ਰਤੀਯੋਗਤਾ ਵਿਚ ਚਾਂਦੀ, ਢਾਕਾ 2017 ਵਿਚ ਫਿਰ ਸੋਨੇ ਦਾ ਤਗਮਾ ਜਿੱਤ ਕੇ ਆਪਣੀ ਖੇਡ ਵਿਚ ਨਿਰੰਤਰਤਾ ਪ੍ਰਗਟਾਈ ਹੈ। ਇਸ ਤੋਂ ਬਾਅਦ ਉਲੰਪਿਕ ਤੇ ਰਾਸ਼ਟਰਮੰਡਲ ਖੇਡਾਂ ਵਿਚ ਉਸ ਦੀ ਹਾਕੀ ਦਾ ਮੁਕਾਬਲਾ ਕੋਈ ਨਹੀਂ ਸੀ, ਉਸ ਦੇ ਗੋਲ ਕਾਰਨ ਹੀ ਜਰਮਨੀ ਨੂੰ ਹਰਾ ਕੇ ਤਗਮਾ ਜਿੱਤ ਸਕੇ ਹਾਂ।

 

ਪ੍ਰੋਫੈਸਰ ਜਤਿੰਦਰ ਸਿੰਘ