ਸਿੱਖਸ ਐਂਡ ਮੋਦੀ' ਏ ਜਰਨੀ ਆਫ 9 ਈਅਰਜ਼’ ਜੇ ਪੀ ਨੱਢਾ ਨੇ ਕੀਤੀ ਰਿਲੀਜ਼

ਸਿੱਖਸ ਐਂਡ ਮੋਦੀ' ਏ ਜਰਨੀ ਆਫ 9 ਈਅਰਜ਼’ ਜੇ ਪੀ ਨੱਢਾ ਨੇ ਕੀਤੀ ਰਿਲੀਜ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 28 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ ਪੀ ਨੱਢਾ ਨੇ ’ਸਿੱਖਸ ਐਂਡ ਮੋਦੀ: ਏ ਜਰਨੀ ਆਫ 9 ਈਅਰਜ਼’ (ਸਿੱਖ ਅਤੇ ਮੋਦੀ: 9 ਸਾਲਾਂ ਦਾ ਸਫਰ) ਪੁਸਤਕ ਇਥੇ ਐਨ ਡੀ ਐਮ ਸੀ ਕਨਵੈਨਸ਼ਨ ਸੈਂਟਰ ਵਿਖੇ ਭਾਜਪਾ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੀਤੇ ਉਪਰਾਲੇ ਸਦਕਾ ਹੋਏ ਸਮਾਗਮ ਵਿਚ ਰਿਲੀਜ਼ ਕੀਤੀ। ਇਹ ਪੁਸਤਕ ਡਾ. ਪ੍ਰਭਲੀਨ ਸਿੰਘ ਵੱਲੋਂ ਲਿਖੀ ਗਈ ਹੈ ਜਿਸਨੂੰ ਡਾ. ਸੰਦੀਪ ਘੋਸ਼ ਦੀ ਅਗਵਾਈ ਹੇਠ ਆਊਟਲੁੱਕ ਪਬਲੀਸ਼ਰਜ਼ ਨੇ ਪ੍ਰਕਾਸ਼ਤ ਕੀਤਾ ਹੈ।

ਇਸ ਪ੍ਰੋਗਰਾਮ ਵਿਚ ਸਿੱਖ ਕੌਮ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਜੇ ਪੀ ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਕੌਮ ਵੱਲੋਂ ਦੇਸ਼ ਵਾਸਤੇ ਕੀਤੀਆਂ ਕੁਰਬਾਨੀਆਂ ਦੀ ਜਾਣਕਾਰੀ ਦੁਨੀਆਂ ਤੱਕ ਪਹੁੰਚਾਉਣ ਦੇ ਵੱਡੇ ਉਪਰਾਲੇ ਕੀਤੇ ਹਨ।  ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਲਏ ਫੈਸਲੇ ਸਦਕਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ  ’ਵੀਰ ਬਾਲ ਦਿਵਸ’ ਮਨਾਉਣਾ ਸ਼ੁਰੂ ਕੀਤਾ ਗਿਆ ਹੈ ਜਿਸਦੇ ਸਦਕਾ ਦੇਸ਼ ਤੇ ਦੁਨੀਆਂ ਵਿਚ ਲੋਕਾਂ ਨੂੰ ਤੇ ਖਾਸ ਤੌਰ ’ਤੇ ਬੱਚਿਆਂ ਨੂੰ ਇਹ ਪਤਾ ਲੱਗਾ ਕਿ ਸਿੱਖ ਗੁਰੂ ਸਾਹਿਬਾਨ ਖਾਸ ਤੌਰ ’ਤੇ ਛੋਟੇ ਸਾਹਿਬਜ਼ਾਦਿਆਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਵਾਸਤੇ ਕਿਵੇਂ ਸ਼ਹਾਦਤਾਂ ਦਿੱਤੀਆਂ।

ਉਹਨਾਂ ਕਿਹਾ ਕਿ ਸਿੱਖ ਗੁਰੂਆਂ ਤੋਂ ਸਾਨੂੰ ਪ੍ਰੇਰਨਾ ਮਿਲੀ ਕਿ ਕਿਵੇਂ ਸਮਾਜ ਨੂੰ ਇਕੱਠਾ ਰੱਖਣਾ ਹੈ, ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨਾ ਹੈ ਤੇ ਏਕਤਾ ਲਿਆਉਣ ਵਿਚ ਇਹ ਬਹੁਤ ਵੱਡਾ ਯੋਗਦਾਨ ਹੈ। ਉਹਨਾਂ  ਕਿਹਾ ਕਿ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਅਸੀਂ ਸਾਰੇ ਭਾਰਤ ਦੇਸ਼ ਨੂੰ ਮਜ਼ਬੂਤ ਬਣਾਉਣ ਵਾਸਤੇ ਕੰਮ ਕਰ ਰਹੇ  ਹਾਂ। ਉਹਨਾਂ ਕਿਹਾ ਕਿ ਸਿੱਖ ਕੌਮ ਨੇ ਦੇਸ਼ ਨੂੰ ਮਜ਼ਬੂਤ ਬਣਾਉਣ ਵਾਸਤੇ ਕਿਵੇਂ ਕੰਮ ਕੀਤਾ, ਇਹ ਵੀ  ਮੋਦੀ ਸਰਕਾਰ ਨੇ ਦੁਨੀਆਂ ਸਾਹਮਣੇ ਲਿਆਂਦਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 70 ਵਰ੍ਹਿਆਂ ਤੋਂ ਰੁਕੇ ਮਸਲੇ ਹੱਲ ਕਰਵਾਏ। ਉਹਨਾਂ ਕਿਹਾ ਕਿ ਸਿੱਖ ਕੌਮ ਜਿਵੇਂ ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਉਹ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਦੇ ਕੰਮਕਾਜ ਵਿਚ ਝਲਕਦੀਆਂ ਹਨ।

ਸਮਾਗਮ ਨੂੰ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਲੈਫ ਜਨਰਲ  ਹਰਪਾਲ ਸਿੰਘ, ਸਾਬਕਾ ਐਮਪੀ ਸੁਖਦੇਵ ਸਿੰਘ ਢੀਂਡਸਾ, ਤਰਲੋਚਨ ਸਿੰਘ ਸਾਬਕਾ ਐਮ ਪੀ, ਜਸਟਿਸ ਜੇ ਐਸ ਅਸਥਾਨੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਪੁਸਤਕ ਦੇ ਪ੍ਰਕਾਸ਼ਤ ਡਾ. ਸੰਦੀਪ ਘੋਸ਼ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।