ਸਿੱਖ ਸਿਧਾਂਤ 'ਤੇ ਪਹਿਰਾ ਦੇਣ ਲਈ ਸੱਦੀ ਜਨਰਲ ਬਾਡੀ : ਸਿੱਖ ਪੰਚਾਇਤ

ਸਿੱਖ ਸਿਧਾਂਤ 'ਤੇ ਪਹਿਰਾ ਦੇਣ ਲਈ ਸੱਦੀ ਜਨਰਲ ਬਾਡੀ : ਸਿੱਖ ਪੰਚਾਇਤ

ਫਰੀਮਾਂਟ/ਏ.ਟੀ. ਨਿਊਜ਼: ਸਿੱਖ ਪੰਚਾਇਤ ਨੇ ਅਖਬਾਰਾਂ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਤਿੰਨ ਸੁਪਰੀਮ ਕੌਂਸਲ ਮੈਂਬਰ ਬੀਬੀ ਅਰਵਿੰਦਰ ਕੌਰ, ਹਰਮਿੰਦਰ ਸਿੰਘ, ਕੁਲਜੀਤ ਸਿੰਘ ਅਤੇ ਐਸ.ਪੀ. ਰਾਣਾ ਗਰੁੱਪ ਸਿੱਖ ਸਿਧਾਂਤ ਨੂੰ ਖੋਰਾ ਲਾਉਣ ਲੱਗੇ ਹੋਏ ਹਨ। ਦਸਵੇਂ ਪਾਤਿਸ਼ਾਹ ਵਲੋਂ ਸਿੱਖ ਕੌਮ ਨੂੰ ਬਖ਼ਸ਼ੇ 'ਪੰਜ ਪਿਆਰਾ' ਸਿਧਾਂਤ ਨੂੰ ਇਕ ਕਾਰਪੋਰੇਸ਼ਨ ਦੇ 'ਬੋਰਡ ਆਫ ਡਾਇਰੈਕਟਰ' ਦੇ ਬਰਾਬਰ ਖੜ੍ਹਾ ਕਰਨਾ ਚਾਹੁੰਦੇ ਹਨ, ਤਾਂ ਜੋ ਇਹਨਾਂ ਦਾ ਕਬਜ਼ਾ ਬਰਕਰਾਰ ਰਹਿ ਸਕੇ। ਜੇ ਗੁਰਦੁਆਰਾ ਪ੍ਰਬੰਧ ਜਾਂ ਸੁਪਰੀਮ ਕੌਸਲ ਵਿੱਚ ਸ਼ਾਮਲ ਬੰਦਿਆਂ ਦਾ ਕੱਦ ਓਨਾ ਵੱਡਾ ਨਹੀਂ ਤਾਂ ਇਸਦਾ ਇਹ ਮਤਲਬ ਨਹੀਂ ਕਿ ਗੁਰੂ ਸਿਧਾਂਤ ਨੂੰ ਇਹਨਾਂ ਦੇ ਕੱਦ ਬਰਾਬਰ ਡੇਗਿਆ ਜਾਵੇ। ਸਿੱਖ ਪੰਚਾਇਤ ਨੇ ਸਪੱਸ਼ਟ ਕੀਤਾ ਕਿ ਉਹ 'ਪੰਜ ਪਿਆਰਿਆਂ' ਦੀ ਸਰਬਸੰਮਤੀ ਵਿਰੁੱਧ ਕੋਈ ਸਮਝੌਤਾ ਨਹੀਂ ਕਰਨਗੇ। ਭਾਈ ਜਸਵਿੰਦਰ ਸਿੰਘ ਜੰਡੀ ਨੇ ਕਿਹਾ ਕਿ ਐਸ.ਪੀ.-ਰਾਣਾ ਧੜੇ ਦਾ ਵਕੀਲ ਸਾਨੂੰ ਕਹਿ ਰਿਹਾ ਹੈ ਕਿ 'ਪੰਜ ਪਿਆਰਿਆਂ' ਵਿਚ ਬਹੁ-ਸੰਮਤੀ ਲਈ ਰਾਜੀ ਹੋ ਜਾਓ। ਪਰ ਅਸੀਂ ਇਹ ਗੱਲ ਨਹੀਂ ਮੰਨ ਸਕਦੇ। ਉਹਨਾਂ ਨੇ ਉਦਾਹਰਣ ਦੇ ਕੇ ਕਿਹਾ ਕਿ 2008 ਵਿਚ ਸਾਡੇ ਗਰੁੱਪ ਦੇ 4 ਸਿੰਘ ਜਿੱਤੇ ਸਨ ਅਤੇ ਇਹਨਾਂ ਵਲੋਂ ਭਾਈ ਰਾਮ ਸਿੰਘ ਜਿੱਤੇ ਸਨ ਪਰ ਅਸੀਂ ਕੋਈ ਵੀ ਮੀਟਿੰਗ ਅਤੇ ਫੈਸਲਾ ਭਾਈ ਰਾਮ ਸਿੰਘ ਦੀ ਸਹਿਮਤੀ ਤੋਂ ਬਿਨਾਂ ਨਹੀਂ ਸੀ ਲਿਆ। ਭਾਈ ਐਚ ਪੀ ਸਿੰਘ ਨੇ ਕਿਹਾ ਕਿ ਜਦੋਂ ਮੌਜੂਦਾ ਸੁਪਰੀਮ ਕੌਸਲ ਚੁਣ ਕੇ ਆਈ ਤਾਂ ਕਮੇਟੀ ਦੀ ਚੋਣ ਲਈ ਅਸੀਂ ਚਾਰ ਜਣੇ ਇੱਕ ਪਾਸੇ ਸੀ ਤੇ ਇਕੱਲਾ ਕੁਲਜੀਤ ਸਿੰਘ ਇੱਕ ਪਾਸੇ। ਅਸੀਂ ਉਸ ਵੇਲੇ ਵੀ ਬਹੁਸੰਮਤੀ ਨਾਲ ਕਮੇਟੀ ਬਨਾਉਣ ਦੀ ਬਜਾਏ ਸਿਧਾਂਤ ਤੇ ਖੜੇ ਹੋਕੇ ਕੁਲਜੀਤ ਸਿੰਘ ਨੂੰ ਸਹਿਮਤ ਕਰਨ ਲਈ ਚਾਰ ਮਹੀਨੇ ਲਾਏ। ਕੁਲਜੀਤ ਸਿੰਘ ਦੀ ਸਹਿਮਤੀ ਤੋਂ ਬਾਅਦ ਹੀ ਕਮੇਟੀ ਬਣੀ। ਕੱਲ੍ਹ ਨੂੰ ਇਹੋ ਸਥਿਤੀ ਸਾਡੇ ਨਾਲ ਵੀ ਹੋ ਸਕਦੀ ਹੈ, ਅਸੀਂ ਜੋ ਸਰਬ-ਸੰਮਤੀ ਦੀ ਮੰਗ ਕਰ ਰਹੇ ਹਾਂ ਉਹ ਸਾਰਿਆਂ ਲਈ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਚੰਗਾ ਸਿਧਾਂਤ ਹੈ। 

ਸਿੱਖ ਪੰਚਾਇਤ ਨੇ ਸਪੱਸ਼ਟ ਕੀਤਾ ਕਿ 24 ਨਵੰਬਰ ਵਾਲੀ ਜਨਰਲ ਬਾਡੀ ਦਾ ਮੁੱਖ ਮੁੱਦਾ ਹੀ ਇਹ ਹੈ ਕਿ ਜਾਂ ਤਾਂ ਇਹ 'ਪੰਜ ਸੁਪਰੀਮ ਕੌਂਸਲ' ਮੈਂਬਰ ਸਰਬਸੰਮਤੀ ਨਾਲ ਚੱਲਣ ਨਹੀਂ ਤਾਂ ਉਸ ਦਿਨ ਨਵੀਂ ਸੁਪਰੀਮ ਕੌਂਸਲ ਦੀ ਚੋਣ ਕੀਤੀ ਜਾਵੇਗੀ। ਭਾਈ ਜੰਡੀ ਨੇ ਦੱਸਿਆ ਕਿ ਹੁਣ ਤੱਕ ਉਹ ਤਕਰੀਬਨ 800 ਸੰਗਤ ਮੈਂਬਰਾਂ ਦੇ ਦਸਤਖਤ ਲੈ ਚੁੱਕੇ ਹਨ ਤੇ 17 ਨਵੰਬਰ ਤੱਕ 4000 ਦਸਤਖਤ ਲੈਣ ਦੀ ਮੁਹਿੰਮ ਹੈ। ਉਹਨਾਂ ਨੇ ਸੰਗਤਾਂ ਵਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ।

ਸਿੱਖ ਪੰਚਾਇਤ ਦੇ ਭਾਈ ਜਸਜੀਤ ਸਿੰਘ ਨੇ ਐਸ ਪੀ-ਰਾਣੇ ਧੜੇ ਵੱਲੋਂ ਐਤਵਾਰ ਨੂੰ ਕੀਤੀ ਧੱਕੇਸ਼ਾਹੀ ਦੀ ਨਿਖੇਧੀ ਕੀਤੀ। ਯਾਦ ਰਹੇ, ਪਿਛਲੇ ਐਤਵਾਰ ਸਿੱਖ ਪੰਚਾਇਤ ਨੇ ਸੰਗਤ ਤੋਂ ਜਨਰਲ ਬਾਡੀ ਦੇ ਹੱਕ ਵਿੱਚ ਦਸਤਖ਼ਤ ਕਰਾਉਣ ਲਈ ਮੇਜ਼ ਲਾਇਆ ਸੀ ਪਰ ਹਰਮਿੰਦਰ ਸਿੰਘ, ਕੁਲਜੀਤ ਸਿੰਘ ਆਪਣੇ ਕੁੱਝ ਸਾਥੀਆਂ ਨਾਲ ਆਕੇ ਧੱਕੇ ਨਾਲ ਮੇਜ਼ ਚੁੱਕਣ ਨੂੰ ਕਹਿਣ ਲੱਗੇ ਜਿਸ ਕਰਕੇ ਦੋਹਾਂ ਧੜਿਆਂ ਵਿੱਚ ਤਕਰਾਰ ਹੋਇਆ। ਜਸਜੀਤ ਸਿੰਘ ਨੇ ਕਿਹਾ ਕਿ ਅਮਰੀਕਾ ਵਰਗੇ ਡੈਮੋਕਰੈਟਿਕ ਮੁਲਕ ਵਿੱਚ ਵੀ ਅਜਿਹੇ ਲੋਕਾਂ ਨੂੰ ਸਮਝ ਨਹੀਂ ਆਈ ਕਿ ਇਹ ਸੰਗਤ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਾ ਨਹੀਂ ਕਰ ਸਕਦੇ। ਇਹ ਕਈ ਵਾਰੀ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ। ਅਸੀਂ ਇਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਪੰਚਾਇਤ ਅਜਿਹੇ ਧੱਕਿਆਂ ਦੀ ਪ੍ਰਵਾਹ ਨਹੀਂ ਕਰਦੀ। ਇਸ ਲਈ ਜੇ ਗੁਰਦੁਆਰਾ ਸਾਹਿਬ ਮਹੌਲ ਖ਼ਰਾਬ ਹੁੰਦਾ ਹੈ ਤਾਂ ਇਸ ਦੀ ਜ਼ੁੰਮੇਵਾਰੀ ਸਾਡੇ 'ਤੇ ਨਹੀਂ ਹੋਵੇਗੀ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।