ਅਮਰੀਕਾ ਵਿੱਚ 64 ਸਾਲਾ ਸਿੱਖ ਦਾ ਕਤਲ

ਅਮਰੀਕਾ ਵਿੱਚ 64 ਸਾਲਾ ਸਿੱਖ ਦਾ ਕਤਲ
ਮ੍ਰਿਤਕ ਪਰਮਜੀਤ ਸਿੰਘ ਦੀ ਤਸਵੀਰ

ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਟਰੇਸੀ ਵਿੱਚ ਇੱਕ 64 ਸਾਲਾ ਬਜ਼ੁਰਗ ਸਿੱਖ 'ਤੇ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੈ। ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਸਿੱਖ ਰਾਤ ਨੂੰ ਸੈਰ ਕਰ ਰਿਹਾ ਸੀ। 

ਮ੍ਰਿਤਕ ਸਿੱਖ ਦੀ ਪਛਾਣ ਪਰਮਜੀਤ ਸਿੰਘ ਵਜੋਂ ਹੋਈ ਹੈ। ਪਰਮਜੀਤ ਸਿੰਘ 'ਤੇ ਰਾਤ ਤਕਰੀਬਨ 9 ਵਜੇ ਹਮਲਾ ਕੀਤਾ ਗਿਆ ਜਦੋਂ ਉਹ ਪਾਰਕ ਵਿੱਚ ਟਹਿਲ ਰਿਹਾ ਸੀ। 

ਮਾਮਲੇ ਦੀ ਜਾਂਚ ਕਰ ਰਹੇ ਅਫਸਰਾਂ ਨੇ ਦੱਸਿਆ ਕਿ ਨਜ਼ਦੀਕ ਘੁੰਮ ਰਹੇ ਲੋਕਾਂ ਨੇ ਪਰਮਜੀਤ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਜ਼ਮੀਨ 'ਤੇ ਡਿਗੇ ਦੇਖਿਆ ਤਾਂ ਉਹਨਾਂ ਇਸ ਦੀ ਜਾਣਕਾਰੀ 911 'ਤੇ ਦਿੱਤੀ। 

ਪੁਲਿਸ ਨੂੰ ਇੱਕ ਵੀਡੀਓ ਮਿਲੀ ਹੈ ਜਿਸ ਵਿੱਚ ਇੱਕ ਕੁੱਝ ਸ਼ੱਕੀ ਲੋਕ ਘਟਨਾ ਵਾਲੀ ਥਾਂ ਤੋਂ ਭੱਜਦੇ ਨਜ਼ਰ ਆ ਰਹੇ ਹਨ। ਪੁਲਿਸ ਨੇ ਇਹਨਾਂ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਸਥਾਨਕ ਲੋਕਾਂ ਨੂੰ ਮਦਦ ਕਰਨ ਲਈ ਕਿਹਾ ਹੈ। 

ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਹ ਇੱਕ ਨਸਲੀ ਹਮਲਾ ਹੋ ਸਕਦਾ ਹੈ ਤੇ ਦਸਤਾਰਧਾਰੀ ਪਰਮਜੀਤ ਸਿੰਘ ਨੂੰ ਸਿੱਖ ਹੋਣ ਕਾਰਨ ਕਤਲ ਕੀਤਾ ਗਿਆ ਹੈ। ਫਿਲਹਾਲ ਪੁਲਿਸ ਇਸ ਬਾਰੇ ਕੁੱਝ ਵੀ ਬੋਲਣ ਤੋਂ ਗੁਰੇਜ਼ ਕਰ ਰਹੀ ਹੈ।

ਪੁਲਿਸ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਇੱਕ ਨਸਲੀ ਹਮਲਾ ਮੰਨਣ ਦੀ ਸਥਿਤੀ ਵਿੱਚ ਫਿਲਹਾਲ ਨਹੀਂ ਹਨ ਪਰ ਉਹ ਹਰ ਪੱਖ ਤੋਂ ਇਸ ਘਟਨਾ ਦੀ ਜਾਂਚ ਕਰ ਰਹੇ ਹਨ ਤੇ ਨਸਲੀ ਹਮਲੇ ਨੂੰ ਵੀ ਇੱਕ ਸੰਭਾਵਨਾ ਮੰਨਿਆ ਜਾ ਰਿਹਾ ਹੈ।

ਟਰੇਸੀ ਸ਼ਹਿਰ ਦੇ ਮੇਅਰ ਰੋਬਰਟ ਰਿਕਮੈਨ ਨੇ ਇਸ ਕਤਲ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤੇ ਦੁਖ ਪ੍ਰਗਟ ਕੀਤਾ ਹੈ। 

ਪਰਮਜੀਤ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹ ਤਿੰਨ ਸਾਲ ਪਹਿਲਾਂ ਅਮਰੀਕਾ ਆਏ ਸਨ।

ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਵਿੱਚ ਪਿਛਲੇ ਕੁੱਝ ਸਮੇਂ ਤੋਂ ਚਿੱਟੇ ਨਸਲਵਾਦ ਵਿੱਚ ਵੱਡਾ ਵਾਧਾ ਹੋਇਆ ਹੈ ਤੇ ਸਿੱਖਾਂ ਖਿਲਾਫ ਕਈ ਨਸਲੀ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।