ਹੁਣ ਪੰਜਾਬ ਬੋਰਡ ਦੀ ਕਿਤਾਬ 'ਵਿਚ ਸ਼ਹੀਦ ਊਧਮ ਸਿੰਘ ਬਾਰੇ ਵਿਵਾਦਤ ਤੱਥ ਆਏ ਸਾਹਮਣੇ

ਹੁਣ ਪੰਜਾਬ ਬੋਰਡ ਦੀ ਕਿਤਾਬ 'ਵਿਚ  ਸ਼ਹੀਦ ਊਧਮ ਸਿੰਘ ਬਾਰੇ ਵਿਵਾਦਤ ਤੱਥ ਆਏ ਸਾਹਮਣੇ

*ਜਾਂਚ ਲਈ ਕਮੇਟੀ ਬਣਾਈ

*ਪੰਜਵੀਂ ਜਮਾਤ ਦੀ ਪਾਠ-ਪੁਸਤਕ ਵਿਚ ਛਪਿਆ ਲੇਖ ਉੱਘੇ ਇਤਿਹਾਸਕਾਰ ਡਾ. ਜੇਐੱਸ ਗਰੇਵਾਲ ਦਾ 

ਅੰਮ੍ਰਿਤਸਰ ਟਾਈਮਜ਼

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ  ਵੱਲੋਂ 5ਵੀਂ ਜਮਾਤ ਦੀ ਪੰਜਾਬੀ ਵਿਸ਼ੇ ਨਾਲ ਸੰਬੰਧਤ ਪਾਠ-ਪੁਸਤਕ 'ਚ ਸ਼ਹੀਦ ਊਧਮ ਸਿੰਘ ਬਾਰੇ ਵਿਵਾਦ ਤੱਥ ਸਾਹਮਣੇ ਆਏ ਹਨ। ਇਸ ਸਬੰਧੀ ਇਕ ਖਰੜਾ/ਸ਼ਿਕਾਇਤ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੂੰ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸ਼ਹੀਦ ਊਧਮ ਸਿੰਘ ਬਾਰੇ ਪੇਸ਼ ਕੀਤੇ ਗਏ ਤੱਥ ਇਤਿਹਾਸ ਮੁਤਾਬਕ ਨਹੀਂ ਹਨ। ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਆਗੂ ਰਾਕੇਸ਼ ਕੁਮਾਰ ਵੱਲੋਂ ਦਿੱਤੀ ਸ਼ਿਕਾਇਤ ਵਿਚ ਪਾਠ-ਪੁਸਤਕ 'ਚ ਛਾਪੇ ਗਏ ਲੇਖ ਵਿਚ ਤੱਥ ਅਪ੍ਰਮਾਣਿਤ ਦੱਸੇ ਗਏ ਹਨ। ਇਸ ਸ਼ਿਕਾਇਤ ਬਾਰੇ ਪੁਸ਼ਟੀ ਕਰਦਿਆਂ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਲਈ ਕਮੇਟੀ ਬਣਾ ਦਿੱਤੀ ਗਈ ਹੈ। ਰਾਕੇਸ਼ ਕੁਮਾਰ ਅਤੇ ਹੋਰਾਂ ਵੱਲੋਂ ਦਿੱਤੇ ਤੱਥਾਂ ਨੂੰ ਵਿਸਥਾਰ ਨਾਲ ਭਾਂਪਣ ਲਈ ਵੱਡੇ ਇਤਿਹਾਸਕਾਰਾਂ ਨਾਲ ਗੱਲ ਕੀਤੀ ਜਾ ਰਹੀ ਹੈ।ਸਿੱਖਿਆ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਪੰਜਵੀਂ ਜਮਾਤ ਦੀ ਪਾਠ-ਪੁਸਤਕ ਵਿਚ ਛਪਿਆ ਲੇਖ ਉੱਘੇ ਇਤਿਹਾਸਕਾਰ ਡਾ. ਜੇਐੱਸ ਗਰੇਵਾਲ ਦਾ ਲਿਖਿਆ ਗਿਆ ਹੈ ਜਿਨ੍ਹਾਂ ਦੀ ਪਿਛਲੇ ਮਹੀਨੇ ਮੌਤ ਹੋ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਤੱਥਾਂ 'ਵਿਚ ਊਣਤਾਈ ਮਿਲਣ 'ਤੇ ਸੰਭਾਵਿਤ ਤਰੁੱਟੀਆਂ ਨੂੰ ਦੂਰ ਕਰ ਲਿਆ ਜਾਵੇਗਾ।