ਪਾਕਿਸਤਾਨ ਵਿਚ ਸਿੱਖ ਗੁਰਧਾਮਾਂ ਉਪਰ ਨਾਜ਼ਾਇਜ਼ ਕਬਜ਼ੇ

ਪਾਕਿਸਤਾਨ ਵਿਚ ਸਿੱਖ ਗੁਰਧਾਮਾਂ ਉਪਰ ਨਾਜ਼ਾਇਜ਼ ਕਬਜ਼ੇ

ਜਥੇਦਾਰ ਦੀ ਅਪੀਲ ਕਿ ਸ਼੍ਰੋਮਣੀ ਕਮੇਟੀ ਭਾਰਤ ਸਰਕਾਰ ਨੂੰ ਪੱਤਰ ਲਿਖੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ : ਜਥੇਦਾਰ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਨੇ ਪਾਕਿਸਤਾਨ ਵਿੱਚ ਗੁਰਧਾਮਾਂ ਦੀ ਸੇਵਾ ਸੰਭਾਲ ਨੂੰ ਲੈਕੇ ਅਣਗਹਿਲੀ ਅਤੇ ਨਜਾਇਜ਼ ਕਬਜ਼ਿਆਂ ਦਾ ਸਖਤ ਨੋਟਿਸ ਲਿਆ ਹੈ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਰਦੇਸ਼ ਵੀ ਜਾਰੀ ਕੀਤੇ ਹਨ।ਜਥੇਦਾਰ ਸਾਹਿਬ ਨੇ ਕਿਹਾ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਸਿੱਖ ਗੁਰਧਾਮਾਂ ਦੀ ਸੰਭਾਲਣ ਦੀ ਜ਼ਿੰਮੇਵਾਰੀ ਪਾਕਿਸਤਾਨ ਸਰਕਾਰ ਦੀ ਹੈ । ਪਰ ਉੱਥੇ ਦੀ ਸਰਕਾਰ ਇਹ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ ਜਿਸ ਦੀ ਵਜ੍ਹਾ ਕਰਕੇ ਸਿੱਖ ਪੰਥ ਦੇ ਮਹੱਤਪੂਰਨ ਅਸਥਾਨ ਸਰਕਾਰਾਂ ਦੀ ਅਣਦੇਖੀ ਕਾਰਨ ਅਲੋਪ ਹੋ ਰਹੇ ਹਨ । ਇਹ ਅਸਥਾਨ ਸਿੱਖ ਕੌਮ ਦੇ ਗੋਰਵਸ਼ਾਲੀ ਇਤਿਹਾਸ ਨੂੰ ਬਿਆਨ ਕਰਦੇ ਹਨ ।

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੀ ਮੁੜ ਸੇਵਾ ਸੰਭਾਲ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਪਾਕਿਸਤਾਨ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸਿੱਖ ਧਰਮ ਨਾਲ ਜੁੜੇ ਇਤਿਹਾਸਕ ਥਾਵਾਂ ਦੀ ਸੇਵਾ ਸੰਭਾਲਣ ਵਿੱਚ ਬਿਲਕੁਲ ਵੀ ਲਾਪਰਵਾਹੀ ਨਾ ਵਰਤੇ । ਜਥੇਦਾਰ ਸਾਹਿਬ ਨੇ ਕਿਹਾ ਪਾਕਿਸਤਾਨ ਸਰਕਾਰ ਨਜ਼ਾਇਜ ਕਬਜ਼ੇ ਖਾਲੀ ਕਰਵਾਏ ਅਤੇ ਮੁੜ ਤੋਂ ਮਰਿਆਦਾ ਮੁਤਾਬਿਕ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰੇ ।

ਜਥੇਦਾਰ ਸਾਹਿਬ ਨੇ ਮੰਗ ਕੀਤੀ ਕਿ ਪਾਕਿਸਤਾਨ ਸਰਕਾਰ ਸਿਰਫ ਕੁਝ ਚੁਨਿੰਦਾ ਗੁਰੂ ਘਰਾਂ ਦੇ ਦਰਸ਼ਨਾਂ ਦੀ ਥਾਂ ਸਾਰੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਸਿੱਖ ਸ਼ਰਧਾਲੂਆ ਨੂੰ ਦੇਵੇ ਤਾਂ ਕਿ ਖੁੱਲੇ ਦਰਸ਼ਨ ਦੀਦਾਰ ਦੀ ਅਰਦਾਸ ਸਫਲ ਹੋਏ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਸ ਵੱਲ ਧਿਆਨ ਦੇਣ ਅਤੇ ਗੁਰੂਘਰਾਂ ਨੂੰ ਨਜ਼ਾਇਜ਼ ਕਬਜ਼ਿਆਂ ਤੋਂ ਆਜ਼ਾਦ ਕਰਵਾਉਣ ਅਤੇ ਗੁਰੂ ਮਰਿਆਦਾ ਲਾਗੂ ਕਰਨ ।

ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਕਿਹਾ ਕਿ ਇਸ ਸਬੰਧੀ ਭਾਰਤ ਸਰਕਾਰ ਨੂੰ ਪਾਕਿਸਤਾਨ ਵਿਚਲੇ ਗੁਰਧਾਮਾਂ ‘ਤੇ ਕੀਤੇ ਕਬਜ਼ੇ ਛੁਡਾਉਣ ਲਈ ਪੱਤਰ ਲਿਖਿਆ ਜਾਵੇ।