ਅਮਰੀਕਾ ਦੀ ਫੁੱਟਬਾਲ ਟੀਮ ਨੇ ਜਰਸੀ ‘ਤੇ ਲਗਾਈ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ

ਅਮਰੀਕਾ ਦੀ ਫੁੱਟਬਾਲ ਟੀਮ ਨੇ ਜਰਸੀ ‘ਤੇ ਲਗਾਈ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਿਊਯਾਰਕ-ਅਮਰੀਕਾ ਵਿੱਚ ਇੱਕ ਵਾਰ ਫਿਰ ਸਿਖ ਪੰਥ ਦਾ ਮਾਣ ਵਧਿਆ ਹੈ। ਦਰਅਸਲ, ਅਮਰੀਕਾ ਵਿੱਚ ਸ਼ੁਰੂ ਹੋਈ ਨੈਸ਼ਨਲ ਫੁੱਟਬਾਲ ਲੀਗ ਵਿੱਚ ਮਸ਼ਹੂਰ ਟੀਮ ਡਲਾਸ ਕਾਉ-ਬੁਆਏਜ਼ ਦੀ ਟੀਮ ਹਿੱਸਾ ਲੈ ਰਹੀ ਹੈ। ਇਸ ਟੀਮ ਨੇ ਆਪਣੀ ਜਰਸੀ ’ਤੇ ਸਿੱਖ ਯੋਧੇ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ ਲਗਾਈ ਹੈ। ਇਸ ਦੇ ਨਾਲ ਹੀ ਟੀਮ ਦੇ ਥੀਮ ਪੋਸਟਰ ਵਿੱਚ ਹਰੀ ਸਿੰਘ ਨਲਵਾ ਦੀ ਤਸਵੀਰ ਵੀ ਦਿਖਾਈ ਦਿਤੀ ਹੈ।ਡੈਲਸ ਕਾਓਬੁਆਇਜ਼ ਦੇ ਮੁੱਖ ਕੋਚ ਮਾਈਕ ਮੈਕਕਾਰਥੀ ਦਾ ਕਹਿਣਾ ਹੈ ਕਿ ਇਸ ਤਸਵੀਰ ਤੇ ਇਹ ਵਿਚਾਰ ਟੀਮ ਦੇ ਲੀਗ ਵਿਚਲੇ ਸਫ਼ਰ ਦਾ ਆਦਰਸ਼ ਹੋਵੇਗਾ।

ਟੀਮ ਦੇ ਥੀਮ ਪੋਸਟਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਟੀਮ ਦਾ ਥੀਮ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਟੀਮ ਦਾ ਥੀਮ ‘ਕਾਰਪੇ ਓਮਨੀਆ’ ਹੈ, ਜਿਸ ਦਾ ਅਰਥ ਹੈ ‘ਸਭ ਕੁਝ ਜ਼ਬਤ ਕਰਨਾ’ ਭਾਵ ਸਭ ਕੁਝ ਜਿੱਤ ਲੈਣਾ।” ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ ਵਾਲੀਆਂ ਹੁੱਡੀਆਂ ਵਿੱਚ ਖਿਡਾਰੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।ਇਕ ਪਾਸੇ ਸਿੱਖ ਭਾਈਚਾਰੇ ਦੇ ਲੋਕ ਇਸ ਸੰਬੰਧੀ ਖੁਸ਼ੁ ਮਨਾ ਰਹੇ ਹਨ ਤੇ ਦੂਜੇ ਪਾਸੇ ਗੈਰ-ਸਿੱਖ ਪੋਸਟਰ ਵਿੱਚ ਲੱਗੀ ਸਿੱਖ ਯੋਧੇ ਦੀ ਤਸਵੀਰ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਣਨ ਦੇ ਇਛੁੱਕ ਨਜ਼ਰ ਆਉਂਦੇ ਹਨ।

ਨੈਸ਼ਨਲ ਫੁੱਟਬਾਲ ਲੀਗ ਕੀ ਹੈ?

ਨੈਸ਼ਨਲ ਫੁੱਟਬਾਲ ਲੀਗ (ਐੱਨਐੱਫਐੱਲ) ਇੱਕ ਪੇਸ਼ੇਵਰ ਅਮਰੀਕੀ ਫੁੱਟਬਾਲ ਲੀਗ ਹੈ, ਜਿਸ ਵਿੱਚ 32 ਟੀਮਾਂ ਹੁੰਦੀਆਂ ਹਨ, ਜੋ ਅਮਰੀਕਨ ਫੁੱਟਬਾਲ ਕਾਨਫਰੰਸ (ਏਐੱਫ਼ਸੀ) ਅਤੇ ਨੈਸ਼ਨਲ ਫੁੱਟਬਾਲ ਕਾਨਫ਼ਰੰਸ (ਐੱਨਐੱਫਸੀ) ਵਿਚਕਾਰ ਬਰਾਬਰ ਵੰਡੀਆਂ ਜਾਂਦੀਆਂ ਹਨ।ਐੱਨਐੱਫਐੱਲ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿੱਚ ਪ੍ਰਮੁੱਖ ਪੇਸ਼ੇਵਰ ਖੇਡ ਲੀਗਾਂ ਵਿੱਚੋਂ ਇੱਕ ਹੈ।ਇਸ ਲੀਗ ਦਾ ਮੁੱਖ ਦਫ਼ਤਰ ਨਿਊਯਾਰਕ ਸਿਟੀ ਵਿੱਚ ਹੈ।

ਨੈਸ਼ਨਲ ਫੁੱਟਬਾਲ ਲੀਗ (ਐੱਨਐੱਫਐੱਲ) ਦੀ ਸਥਾਪਨਾ 1920 ਵਿੱਚ ਅਮਰੀਕਨ ਪ੍ਰੋਫੈਸ਼ਨਲ ਫੁੱਟਬਾਲ ਐਸੋਸੀਏਸ਼ਨ (ਏਪੀਐੱਫਏ) ਦੇ ਰੂਪ ਵਿੱਚ ਚਾਰ ਰਾਜਾਂ ਦੀਆਂ ਦੱਸ ਟੀਮਾਂ ਨਾਲ ਕੀਤੀ ਗਈ ਸੀ।ਇਹ ਸਾਰੀਆਂ ਟੀਮਾਂ ਆਪੋ-ਆਪਣੇ ਖੇਤਰਾਂ ਵਿੱਚ ਖੇਤਰੀ ਲੀਗਾਂ ਦੇ ਹਿੱਸੇਦਾਰਾਂ ਵਜੋਂ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਸਨ। ਲੀਗ ਨੇ ਆਪਣਾ ਮੌਜੂਦਾ ਨਾਮ 1922 ਵਿੱਚ ਲਿਆ।

ਕੋਣ ਹੈ ਹਰੀ ਸਿੰਘ ਨਲਵਾ

ਹਰੀ ਸਿੰਘ ਨਲਵਾ ਦਾ ਜਨਮ 1791 ਵਿਚ ਸਰਦਾਰ ਗੁਰਦਿਆਲ ਸਿੰਘ ਉੱਪਲ ਅਤੇ ਮਾਤਾ ਧਰਮ ਕੌਰ ਦੇ ਘਰ ਗੁਜਰਾਂਵਾਲਾ (ਪਾਕਿਸਤਾਨ) ਵਿਚ ਹੋਇਆ। ਹਰੀ ਸਿੰਘ ਦੇ ਪਿਤਾ ਅਤੇ ਦਾਦਾ ਹਰੀਦਾਸ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਅਤੇ ਦਾਦਾ ਚੜ੍ਹਤ ਸਿੰਘ ਦੀ ਫ਼ੌਜ ਵਿਚ ਰਹਿਣ ਦਾ ਮਾਣ ਹਾਸਲ ਸੀ। ਮਹਿਜ਼ 15 ਸਾਲ ਦੀ ਉਮਰ ਵਿਚ ਹਰੀ ਸਿੰਘ ਨਲੂਆ ਦੁਆਰਾ ਲਾਹੌਰ ਦੇ ਇਕ ਮੈਦਾਨ ਵਿਚ ਵਿਖਾਏ ਜੰਗੀ ਕਰਤੱਬਾਂ ਤੋਂ ਮੁਤਾਸਿਰ ਹੋ ਕੇ ਸ਼ੇਰ-ਏ-ਪੰਜਾਬ ਨੇ ਉਸ ਨੂੰ ਆਪਣੀ ਫ਼ੌਜ ਵਿਚ ਭਰਤੀ ਕਰ ਲਿਆ।

ਇਕ ਦਿਨ ਹਰੀ ਸਿੰਘ ਨਲਵਾ ਨੂੰ ਨਾਲ ਲੈ ਕੇ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡਣ ਜੰਗਲ ਵਿਚ ਗਏ ਤਾਂ ਅਚਾਨਕ ਇਕ ਆਦਮਖੋਰ ਸ਼ੇਰ ਨੇ ਹਰੀ ਸਿੰਘ ਨਲਵਾ ’ਤੇ ਹਮਲਾ ਕਰ ਦਿੱਤਾ। ਹਰੀ ਸਿੰਘ ਨੂੰ ਤਲਵਾਰ ਕੱਢਣ ਦਾ ਵੀ ਮੌਕਾ ਨਾ ਮਿਲਿਆ ਤਾਂ ਉਸ ਨੇ ਆਪਣੇ ਹੱਥਾਂ ਨਾਲ ਹੀ ਸ਼ੇਰ ਦੇ ਖੁੱਲ੍ਹੇ ਜਬਾੜੇ ਨੂੰ ਫੜ ਕੇ ਅਜਿਹਾ ਝਟਕਾ ਦਿੱਤਾ ਕਿ ਉਹ ਧਰਤੀ ’ਤੇ ਡਿੱਗ ਪਿਆ। ਬੜੀ ਫੁਰਤੀ ਨਾਲ ਕੀਤੇ ਤਲਵਾਰ ਦੇ ਇੱਕੋ ਵਾਰ ਨਾਲ ਸ਼ੇਰ ਦੀ ਗਰਦਨ ਧੜ ਨਾਲੋਂ ਜੁਦਾ ਹੋ ਗਈ। ਹਰੀ ਸਿੰਘ ਦੀ ਇਸ ਬਹਾਦਰੀ ਤੋਂ ਖੁਸ਼ ਹੋ ਕੇ ਮਹਾਰਾਜਾ ਨੇ ਹਰੀ ਸਿੰਘ ਨੂੰ ‘ਨਲੂਆ’ ਦਾ ਖਿਤਾਬ ਬਖਸ਼ਿਆ ਅਤੇ ਆਪਣੀ ਰੈਜੀਮੈਂਟ ਦਾ ਜਰਨੈਲ ਥਾਪ ਦਿੱਤਾ।

ਪਹਿਲਾਂ ਸਿਆਲਕੋਟ, ਫਿਰ ਮੁਲਤਾਨ, ਅਟਕ, ਕਸ਼ਮੀਰ ਅਤੇ ਪਿਸ਼ਾਵਰ ਇਕ ਤੋਂ ਬਾਅਦ ਇਕ ਇਲਾਕੇ ਫ਼ਤਹਿ ਕਰ ਕੇ ਹਰੀ ਸਿੰਘ ਨੇ ਖਾਲਸਾ ਰਾਜ ਦਾ ਝੰਡਾ ਅਫਗਾਨਿਸਤਾਨ ਤੱਕ ਲਹਿਰਾ ਦਿੱਤਾ। ਅਫਗਾਨਾਂ ਵਿਚ ਹਰੀ ਸਿੰਘ ਨਲੂਏ ਦਾ ਖੌਫ਼ ਇਸ ਕਦਰ ਵੱਧਦਾ ਗਿਆ ਕਿ ਅਫਗਾਨ ਲੋਕ ਕਥਾਵਾਂ ਵਿਚ ਵੀ ਹਰੀ ਸਿੰਘ ਨਲੂਏ ਦਾ ਜ਼ਿਕਰ ਹੋਣ ਲੱਗਿਆ। ਮਹਾਨ ਦਾਨੀ ਅਤੇ ਸੂਰਬੀਰ ਯੋਧਾ ਹੋਣ ਦੇ ਨਾਲ-ਨਾਲ ਹਰੀ ਸਿੰਘ ਵਿਚ ਪ੍ਰਸ਼ਾਸਕੀ ਖੂਬੀਆਂ ਵੀ ਮੌਜੂਦ ਸਨ, ਜਿਸ ਦੀ ਮਿਸਾਲ ਉਸ ਵੱਲੋਂ ਕਸ਼ਮੀਰ ਵਿਚ ਬਤੌਰ ਗਵਰਨਰ ਚਲਾਏ ਰਾਜ-ਪ੍ਰਬੰਧ ਨੂੰ ਵੇਖਦਿਆਂ ਮਿਲਦੀ ਹੈ। ਅਫਗਾਨਾਂ ਨੇ ਕਸ਼ਮੀਰ ਵਿਚ ਕਈ ਰਮਣੀਕ ਸਨਾਤਨੀ ਮੰਦਰਾਂ ਨੂੰ ਢਾਹ ਕੇ ਮਜ਼ਾਰਾਂ ਤੇ ਮਕਬਰੇ ਉਸਾਰੇ ਹੋਏ ਸਨ, ਜਿਨ੍ਹਾਂ ਨੂੰ ਹਰੀ ਸਿੰਘ ਨਲਵਾ ਨੇ ਸਥਾਨਕ ਸਨਾਤਨੀ ਲੋਕਾਂ ਨਾਲ ਮਿਲ ਕੇ ਮੁੜ ਆਪਣੇ ਪੁਰਾਣੇ ਰੂਪ ਵਿਚ ਉਸਾਰਨ ਦਾ ਮਨ ਬਣਾਇਆ ਪਰ ਅਫਗਾਨਾਂ ਦੇ ਡਰ ਕਾਰਨ ਸਨਾਤਨੀ ਲੋਕ ਇਸ ਲਈ ਰਜ਼ਾਮੰਦ ਨਾ ਹੋਏ, ਜਿਸ ਕਾਰਨ ਉਹ ਮਕਬਰੇ ਤੇ ਮਜ਼ਾਰਾਂ ਉਸੇ ਤਰ੍ਹਾਂ ਕਾਇਮ ਰਹੀਆਂ। ਅਫਗਾਨੀ ਰਾਜ ਦੌਰਾਨ ਹਿੰਦੂਆਂ ਨੂੰ ਸਿਰ ’ਤੇ ਪਗੜੀ ਬੰਨ੍ਹਣ ਅਤੇ ਪੈਰੀਂ ਜੁੱਤੀ ਪਾਉਣ ਦੀ ਇਜਾਜ਼ਤ ਨਹੀਂ ਸੀ। ਹਰੀ ਸਿੰਘ ਨੇ ਆਉਂਦਿਆਂ ਹੀ ਅਜਿਹੇ ਵਿਤਕਰੇ ਖ਼ਤਮ ਕਰ ਦਿੱਤੇ ਅਤੇ ਆਪਣੇੇ ਰਾਜ ਵਿਚ ਹਰ ਧਰਮ ਦੇ ਲੋਕਾਂ ਨੂੰ ਇਕਸਾਰ ਸਹੂਲਤਾਂ ਦਿੱਤੀਆਂ। ਔਰੰਗਜ਼ੇਬ ਦੇ ਸਮੇਂ ਤੋਂ ਹਿੰਦੂਆਂ ਤੋਂ ਵਸੂਲਿਆ ਜਾਣ ਵਾਲਾ ਜਜ਼ੀਆ ਵੀ ਹਰੀ ਸਿੰਘ ਨੇ ਖਤਮ ਕਰ ਦਿੱਤਾ। ਕਸ਼ਮੀਰ ’ਚੋਂ ਡਰ-ਭੈਅ ਕਾਰਨ ਹਿਜਰਤ ਕਰ ਚੁੱਕੇ ਕਈ ਕਸ਼ਮੀਰੀ ਪੰਡਿਤ ਉਸ ਦੇ ਸ਼ਾਸਨ ਦੌਰਾਨ ਵਾਪਸ ਕਸ਼ਮੀਰ ਆ ਵਸੇ। ਕਸ਼ਮੀਰੀ ਸ਼ਾਲਾਂ, ਪਸ਼ਮੀਨਾ ਅਤੇ ਰੇਸ਼ਮ ਆਦਿ ਦੀ ਦਸਤਕਾਰੀ ਜੋ ਅਫਗਾਨੀ ਰਾਜ ਦੌਰਾਨ ਖ਼ਤਮ ਹੋਣ ਕਿਨਾਰੇ ਪਹੁੰਚ ਚੁੱਕੀ ਸੀ, ਉਸ ਨੂੰ ਹਰੀ ਸਿੰਘ ਨੇ ਮੁੜ ਸੁਰਜੀਤ ਕੀਤਾ। ਪਹਿਲੇ ਪਾਤਸ਼ਾਹ ਨਾਲ ਸਬੰਧਤ ਗੁਰਦੁਆਰਾ ਪੰਜਾ ਸਾਹਿਬ ਦੀ ਸੇਵਾ ਵੀ ਹਰੀ ਸਿੰਘ ਦੇ ਹਿੱਸੇ ਆਈ। ਉਸ ਨੇ ਇਸ ਪਵਿੱਤਰ ਅਸਥਾਨ ’ਤੇ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਸਰੋਵਰ ਅਤੇ ਯਾਤਰੀਆਂ ਦੇ ਰਹਿਣ ਲਈ ਸਰਾਂ ਦੀ ਉਸਾਰੀ ਵੀ ਕਰਵਾਈ। ਕਸ਼ਮੀਰ ਵਿਚ ਉਸ ਨੇ ਮਹਾਰਾਜਾ ਦੇ ਕਹਿਣ ’ਤੇ ਆਪਣੇ ਨਾਂ ਦੇ ਚਾਂਦੀ ਅਤੇ ਤਾਂਬੇ ਦੇ ਦੋ ਸਿੱਕੇ ਵੀ ਚਲਾਏ, ਜਿਸ ਦੇ ਇਕ ਪਾਸੇ ‘ਸ੍ਰੀ ਅਕਾਲ ਸਹਾਇ’ ਅਤੇ ਦੂਜੇ ਪਾਸੇ ਹਰੀ ਸਿੰਘ ਦਾ ਨਾਂ ਅੰਕਿਤ ਸੀ। ਸਥਾਨਕ ਲੋਕ ਇਸ ਨੂੰ ਹਰੀ ਸਿੰਘੀਆ ਪੈਸਾ ਆਖਦੇ ਸਨ।

ਹਰੀ ਸਿੰਘ ਨੇ ਦੱਰਾ ਖ਼ੈਬਰ ’ਤੇ ਪਹਿਲਾਂ ਬਣੀ ਇਕ ਕੱਚੀ ਗੜ੍ਹੀ ਨੂੰ ਮਜ਼ਬੂਤ ਕਿਲ੍ਹੇ ਦਾ ਰੂਪ ਦਿੱਤਾ, ਜੋ ਮਗਰੋਂ ਜਮਰੌਦ ਦੇ ਕਿਲ੍ਹੇ ਦੇ ਨਾਂ ਨਾਲ ਮਸ਼ਹੂਰ ਹੋਇਆ। ਇਸ ਤੋਂ ਇਲਾਵਾ ਇਸ ਇਲਾਕੇ ਵਿਚ ਹਰੀ ਸਿੰਘ ਨੇ ਸੁਰੱਖਿਆ ਦੇ ਮੱਦੇਨਜ਼ਰ ਕਈ ਹੋਰ ਕਿਲ੍ਹੇ ਵੀ ਬਣਵਾਏ, ਜਿਸ ਨਾਲ ਕਾਬਲ ਤੋਂ ਅਫਗਾਨੀਆਂ ਦੀ ਘੁਸਪੈਠ ਬਿਲਕੁਲ ਬੰਦ ਹੋ ਗਈ। ਇਨ੍ਹਾਂ ਕਿਲ੍ਹਿਆਂ ਨੂੰ ਜੰਗ ਦੀ ਤਿਆਰੀ ਸਮਝ ਕੇ ਘਬਰਾਇਆ ਅਫਗਾਨ ਸ਼ਾਸਕ ਮੁਹੰਮਦ ਖਾਨ ਕਿਸੇ ਖਾਸ ਮੌਕੇ ਦੀ ਤਲਾਸ਼ ਵਿਚ ਸੀ। ਅਪਰੈਲ 1837 ਨੂੰ ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਵਿਚ ਅੰਗਰੇਜ਼ ਫੌਜ ਦੇ ਕਮਾਂਡਰ-ਇਨ-ਚੀਫ਼ ਨੂੰ ਖਾਲਸਾਈ ਫੌਜ ਦੀ ਸ਼ਾਨੋ-ਸ਼ੌਕਤ ਅਤੇ ਤਾਕਤ ਦਿਖਾਉਣ ਦੇ ਮਕਸਦ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਦੀ ਫ਼ੌਜ ਦਾ ਇਕ ਵੱਡਾ ਹਿੱਸਾ ਲਾਹੌਰ ਮੰਗਵਾ ਲਿਆ। ਉੱਧਰ ਪਿਸ਼ਾਵਰ ਦੇ ਕਿਲ੍ਹੇ ਵਿਚ ਮੌਜੂਦ ਹਰੀ ਸਿੰਘ ਤੇਜ਼ ਬੁਖਾਰ ਨਾਲ ਬਿਸਤਰੇ ’ਤੇ ਪੈ ਗਿਆ ਅਤੇ ਵੈਦਾਂ ਨੇ ਮੁਕੰਮਲ ਆਰਾਮ ਦਾ ਮਸ਼ਵਰਾ ਦਿੱਤਾ। ਅਜਿਹੇ ਸੁਨਹਿਰੀ ਸਮੇਂ ਨੂੰ ਭਾਂਪਦਿਆਂ 15 ਅਪਰੈਲ 1837 ਨੂੰ ਮੁਹੰਮਦ ਖਾਨ ਦੀਆਂ ਵੱਡੀਆਂ ਤੋਪਾਂ ਅਤੇ ਹਥਿਆਰਾਂ ਨਾਲ ਲੈਸ 30 ਹਜ਼ਾਰ ਦੇ ਕਰੀਬ ਫ਼ੌਜ ਨੇ ਦੱਰਾ ਖ਼ੈਬਰ ਰਾਹੀਂ ਜਮਰੌਦ ਦੇ ਕਿਲ੍ਹੇ ’ਤੇ ਹੱਲਾ ਬੋਲ ਦਿੱਤਾ।

ਸਿੱਖ ਫ਼ੌਜਾਂ ਤੇ ਅਫਗਾਨਾਂ ਵਿਚ ਘਮਸਾਨ ਯੁੱਧ ਸ਼ੁਰੂ ਹੋ ਚੁੱਕਿਆ ਸੀ। ਕਿਲ੍ਹੇਦਾਰ ਮਹਾਂ ਸਿੰਘ ਨੇ ਬੀਬੀ ਹਰਸ਼ਰਨ ਕੌਰ ਹੱਥੀਂ ਹਰੀ ਸਿੰਘ ਨਲੂਆ ਕੋਲ ਮਦਦ ਲਈ ਸੁਨੇਹਾ ਭੇਜਿਆ। ਸੁਨੇਹਾ ਮਿਲਦੇ ਹੀ ਹਰੀ ਸਿੰਘ ਤੇਜ਼ ਬੁਖਾਰ ਦੀ ਪਰਵਾਹ ਨਾ ਕਰਦਿਆਂ ਆਪਣੇ ਸਾਥੀਆਂ ਨਿਧਾਨ ਸਿੰਘ ਪੰਜਹੱਥਾ ਅਤੇ ਅਮਰ ਸਿੰਘ ਮਜੀਠੀਆ ਨੂੰ ਨਾਲ ਲੈ ਕੇ ਜਮਰੌਦ ਵੱਲ ਕੂਚ ਕਰ ਗਿਆ। ਉਸ ਨੇ ਇਸ ਹਮਲੇ ਦੀ ਸੂਚਨਾ ਮਹਾਰਾਜਾ ਕੋਲ ਭੇਜ ਕੇ ਆਪਣੀ ਫ਼ੌਜ ਵਾਪਸ ਮੰਗਵਾਈ ਪਰ ਰਾਜਾ ਧਿਆਨ ਸਿੰਘ ਨੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਵਿਚ ਰੁੱਝੇ ਮਹਾਰਾਜੇ ਨੂੰ ਇਹ ਸੂਚਨਾ ਸਮੇਂ ’ਤੇ ਨਾ ਦਿੱਤੀ। ਉੱਧਰ ਹਰੀ ਸਿੰਘ ਦੇ ਆਉਣ ਦੀ ਖਬਰ ਮਿਲਦਿਆਂ ਹੀ ਸਿੰਘਾਂ ਦੇ ਜਜ਼ਬੇ ਬੁਲੰਦ ਹੋ ਗਏ ਅਤੇ ਅਫਗਾਨਾਂ ਦੀਆਂ ਚੂਲਾਂ ਹਿੱਲ ਗਈਆਂ। ਹਰੀ ਸਿੰਘ ਨਲਵਾ ਨੇ ਆਉਂਦਿਆਂ ਹੀ ਅਫਗਾਨ ਫ਼ੌਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਅਤੇ ਉਹ ਮੈਦਾਨ ਛੱਡ ਕੇ ਦੱਰਾ ਖ਼ੈਬਰ ਵੱਲ ਵਾਪਸ ਭੱਜਣ ਲੱਗੇ। ਹਰੀ ਸਿੰਘ ਦੇ ਵਿਰੋਧ ਕਰਨ ਦੇ ਬਾਵਜੂਦ ਵੀ ਨਿਧਾਨ ਸਿੰਘ ਪੰਜਹੱਥਾ ਜੋਸ਼ ਵਿਚ ਆ ਕੇ ਆਪਣੀ ਫੌਜੀ ਟੁਕੜੀ ਸਮੇਤ ਅਫਗਾਨ ਫ਼ੌਜਾਂ ਦਾ ਪਿੱਛਾ ਕਰਦਿਆਂ ਖ਼ੈਬਰ ਦੱਰੇ ਦੇ ਕਾਫੀ ਅੰਦਰ ਤੱਕ ਚਲਿਆ ਗਿਆ, ਜਿਸ ਦੀ ਸਹਾਇਤਾ ਲਈ ਹਰੀ ਸਿੰਘ ਨੂੰ ਵੀ ਉਸ ਦੇ ਪਿੱਛੇ ਜਾਣਾ ਪਿਆ। ਉੱਥੇ ਇਕ ਗੁਫ਼ਾ ਅੰਦਰ ਲੁਕੇ ਹੋਏ ਕੁੱਝ ਗਾਜ਼ੀਆਂ ਨੇ ਨਲੂਏ ਦੀ ਛਾਤੀ ਅਤੇ ਵੱਖੀ ਵਿਚ ਗੋਲੀਆਂ ਦਾਗ ਦਿੱਤੀਆਂ। ਜੰਗ ਦੇ ਅਜਿਹੇ ਸਮੇਂ ਹਰੀ ਸਿੰਘ ਨੇ ਆਪਣੇ ਜ਼ਖ਼ਮੀ ਹੋਣ ਦੀ ਕਿਸੇ ਨੂੰ ਭਿਣਕ ਵੀ ਨਾ ਪੈਣ ਦਿੱਤੀ ਅਤੇ ਅਮਰ ਸਿੰਘ ਮਜੀਠੀਆ ਨੂੰ ਨਿਧਾਨ ਸਿੰਘ ਪੰਜਹੱਥਾ ਦੀ ਮਦਦ ਲਈ ਤੋਰ ਕੇ ਆਪ ਵਾਪਸ ਜਮਰੌਦ ਦੇ ਕਿਲ੍ਹੇ ਵਿਚ ਆ ਗਿਆ। ਉਸ ਦੇ ਜ਼ਖ਼ਮਾਂ ਦੀ ਹਾਲਤ ਵੇਖ ਕੇ ਸਭ ਘਬਰਾ ਗਏ। ਇਲਾਜ ਹੋਇਆ ਪਰ ਲਹੂ ਬਹੁਤ ਵਗਣ ਕਾਰਨ ਹਾਲਤ ਬੇਹੱਦ ਗੰਭੀਰ ਹੋ ਗਈ। ਉੱਧਰ ਸਿੱਖ ਫ਼ੌਜਾਂ ਅਫਗਾਨਾਂ ਨੂੰ ਹਰਾ ਕੇ ਉਨ੍ਹਾਂ ਦਾ ਬਹੁਤ ਸਾਰਾ ਜੰਗੀ ਸਾਮਾਨ ਆਪਣੇ ਕਬਜ਼ੇ ਵਿਚ ਲੈ ਕੇ ਵਾਪਸ ਜਮਰੌਦ ਦਾਖਲ ਹੋ ਗਈਆਂ। ਬੁਰੀ ਤਰ੍ਹਾਂ ਜ਼ਖ਼ਮੀ ਹਰੀ ਸਿੰਘ ਨਿਢਾਲ ਪਿਆ ਸੀ। ਅਫਗਾਨੀ ਫ਼ੌਜਾਂ ਦੇ ਮੁੜ ਹਮਲੇ ਦੇ ਖ਼ਤਰੇ ਕਾਰਨ ਲਾਹੌਰ ਤੋਂ ਖਾਲਸਾ ਫੌਜ ਆਉਣ ਤੱਕ ਹਰੀ ਸਿੰਘ ਨੇ ਆਪਣੇ ਜ਼ਖ਼ਮੀ ਹੋਣ ਦੀ ਖਬਰ ਕਿਲ੍ਹੇ ਤੋਂ ਬਾਹਰ ਨਾ ਨਿਕਲਣ ਦਿੱਤੀ। ਅਖੀਰ ਖਾਲਸਾ ਫੌਜਾਂ ਤਾਂ ਪਹੁੰਚ ਗਈਆਂ ਪਰ ਖਾਲਸਾ ਫੌਜ ਦਾ ਮਹਾਨ ਯੋਧਾ 30 ਅਪਰੈਲ 1837 ਨੂੰ ਸਦਾ ਲਈ ਅੱਖਾਂ ਮੀਚ ਗਿਆ। ਮਹਾਰਾਜਾ ਰਣਜੀਤ ਸਿੰਘ ਲਈ ਇਹ ਖਬਰ ਅਸਹਿ ਸੀ। ਉਨ੍ਹਾਂ ਦੇ ਕਹਿਣ ਮੁਤਾਬਕ ਖਾਲਸਾ ਰਾਜ ਦਾ ਇਕ ਵੱਡਾ ਬੁਰਜ ਗਿਰ ਗਿਆ ਸੀ।

ਕੁੱਝ ਸਾਲ ਪਹਿਲਾਂ ਆਸਟ੍ਰੇਲੀਆ ਦੇ ਬਿਲੀਅਨਇਰਜ਼ ਮੈਗਜ਼ੀਨ ਵੱਲੋਂ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂ ਜਰਨੈਲਾਂ ਦੀ ਜਾਰੀ ਸੂਚੀ ਵਿਚ ਹਰੀ ਸਿੰਘ ਨਲੂਏ ਨੂੰ ਪਹਿਲੇ ਸਥਾਨ ’ਤੇ ਰੱਖਿਆ ਗਿਆ ਹੈ।