ਸੁਖਬੀਰ ਬਾਦਲ ਦੀ ਮਾਫੀ ਤੋਂ ਪੰਥਕ ਜਥੇਬੰਦੀਆਂ ਸੰਤੁਸ਼ਟ ਨਹੀਂ

ਸੁਖਬੀਰ ਬਾਦਲ ਦੀ ਮਾਫੀ ਤੋਂ ਪੰਥਕ ਜਥੇਬੰਦੀਆਂ ਸੰਤੁਸ਼ਟ ਨਹੀਂ

*ਅਕਾਲੀ ਦਲ (ਸੰਯੁਕਤ) ਚਾਰ ਸਾਲ ਵੱਖ ਰਹਿਣ ਮਗਰੋਂ ਮੁੜ  ਬਾਦਲ ਦਲ ’ਚ ਸ਼ਾਮਲ ਹੋਣ ਦੀ ਸੰਭਾਵਨਾ

*ਪੰਜਾਬ ਦੀ ਅਖਬਾਰ ਦਾ ਮਾਲਕ ਭਾਜਪਾ ਨਾਲ ਸਮਝੌਤਾ ਕਰਵਾਉਣ ਵਿਚ ਸਰਗਰਮ

*ਬੀਬੀ ਜਾਗੀਰ ਕੌਰ ਸੁਖਬੀਰ ਬਾਦਲ ਨਾਲ ਨਰਾਜ਼

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੀਆਂ ਘਟਨਾਵਾਂ ਲਈ ਅਕਾਲ  ਤਖਤ ਸਾਹਿਬ ਵਿਖੇ ਮੁਆਫੀ ਮੰਗੇ ਜਾਣ ਮਗਰੋਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੀ ਇੱਕ ਚਰਚਾ ਤਾਂ ਇਹ ਛਿੜੀ ਹੈ ਕਿ ਹੁਣ ਪਾਰਟੀ ਨੂੰ ਛੱਡ ਕੇ ਗਏ ਟਕਸਾਲੀ ਲੀਡਰਾਂ ਦੀ ਅਕਾਲੀ ਦਲ ਵਿੱਚ ਵਾਪਸੀ ਹੋਏਗੀ। ਦੂਜੀ ਚਰਚਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਤੇ ਅਕਾਲੀ ਦਲ ਵਿਚਾਲੇ ਗੱਠਜੋੜ ਹੋ ਸਕਦਾ ਹੈ।ਜਲੰਧਰ ਦੀ ਪ੍ਰਸਿੱਧ ਪੰਜਾਬੀ ਅਖਬਾਰ ਦਾ ਮਾਲਕ ਭਾਜਪਾ ਨਾਲ ਸਮਝੌਤਾ ਕਰਵਾਉਣ ਵਿਚ ਸਰਗਰਮ ਹੈ।ਪਰ ਹਾਲੇ ਤਕ ਭਾਜਪਾ ਹਾਈਕਮਾਂਡ ਨੇ ਹਾਮੀ ਨਹੀਂ ਭਰੀ।ਇਸ ਵੇਲੇ ਗੱਠਜੋੜ ਵਿਚਾਲੇ ਮੁੜ ਅੜਿੱਕਾ ਸੂਬੇ ਦੀਆਂ 13 ਲੋਕ ਸਭਾ ਸੀਟਾਂ ਦੀ ਵੰਡ ਕਾਰਨ ਹੈ। ਭਾਜਪਾ ਸੰਗਰੂਰ ਲੋਕ ਸਭਾ ਸੀਟ ਢੀਂਡਸਾ ਪਰਿਵਾਰ ਨੂੰ ਦੇਣ ਸਮੇਤ ਘੱਟੋ ਘੱਟ ਛੇ ਸੀਟਾਂ ਚਾਹੁੰਦੀ ਹੈ। ਸੁਖਬੀਰ ਬਾਦਲ ਲਈ ਅਜਿਹਾ ਕਰਨਾ ਧਰਮ ਸੰਕਟ ਬਣਿਆ ਹੋਇਆ ਹੈ।ਜੇਕਰ ਉਹ ਭਾਜਪਾ ਦੀ ਇਹ ਮੰਗ ਮੰਨਦਾ ਹੈ ਤਾਂ ਬਾਦਲ ਦਲ ਦਾ ਸਿਆਸੀ ਵਾਜੂਦ ਖਤਰੇ ਵਿਚ ਪੈ ਜਾਂਦਾ ਹੈ।ਸਿਖ ਹਲਕਿਆਂ ਵਿਚ ਉਸਨੂੰ ਸਖਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਬੇਸ਼ੱਕ ਬੀਜੇਪੀ ਤੇ ਅਕਾਲੀ ਦਲ ਵਿਚਾਲੇ ਗੱਠਜੋੜ ਬਾਰੇ ਅਜੇ ਦੋਵਾਂ ਧਿਰਾਂ ਵੱਲੋਂ ਕੁਝ ਵੀ ਨਹੀਂ ਕਿਹਾ ਜਾ ਰਿਹਾ ਪਰ ਟਕਸਾਲੀ ਲੀਡਰਾਂ ਦੀ ਵਾਪਸੀ ਬਾਰੇ ਮੁਹਿੰਮ ਸ਼ੁਰੂ ਹੋ ਗਈ ਹੈ। ਇਸ ਦੀ ਸ਼ੁਰੂਆਤ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠਲੇ  ਅਕਾਲੀ ਦਲ (ਸੰਯੁਕਤ) ਨਾਲ ਹੋ ਸਕਦੀ ਹੈ।ਪੰਜਾਬੀ ਅਖਬਾਰ ਦਾ ਸੰਪਾਦਕ ਇਹ ਏਕਤਾ ਕਰਵਾਉਣ ਲਈ ਸਰਗਰਮ ਹੈ।

ਅੰਗਰੇਜ਼ੀ ਅਖਬਾਰ ‘ਦ ਟ੍ਰਿਬਿਊਨ’ ਦੀ ਖਬਰ ਮੁਤਾਬਕ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਮੰਨਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਦੇ ਮੁੱਦੇ ’ਤੇ ਪਾਰਟੀ ਅੰਦਰ ਚਰਚਾ ਕੀਤੀ ਗਈ ਹੈ। ਢੀਂਡਸਾ ਦਾ ਕਹਿਣਾ ਹੈ ਕਿ ਇਸ ਸਮੇਂ ਦੋ ਵਿਚਾਰ ਸਾਹਮਣੇ ਆ ਰਹੇ ਹਨ। ਇੱਕ ਧੜਾ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਕੀਤੀ ਜਾਵੇ ਤੇ ਦੂਜਾ ਧੜਾ ਇਸ ਵਿਚਾਰ ਦਾ ਵਿਰੋਧ ਕਰ ਰਿਹਾ ਹੈ। ਅਸੀਂ ਇਨ੍ਹਾਂ ਸਾਰੇ ਮੁੱਦਿਆਂ ’ਤੇ ਚਰਚਾ ਕਰਾਂਗੇ ਅਤੇ ਆਉਂਦੇ ਦਿਨਾਂ ਵਿਚ ਕੋਈ ਫ਼ੈਸਲਾ ਲਿਆ ਜਾਵੇਗਾ।ਉਨ੍ਹਾਂ ਨੂੰ ਜਦੋਂ ਬੀਬੀ ਜਗੀਰ ਕੌਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਤੇ ਬੀਬੀ ਜਗੀਰ ਕੌਰ ਜਲਦੀ ਹੀ ਮੁਲਾਕਾਤ ਕਰਕੇ ਇਸ ਮਾਮਲੇ ’ਤੇ ਚਰਚਾ ਕਰਨਗੇ।

ਦੂਜੇ ਪਾਸੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਕਦਮ ਨੂੰ ਅਕਾਲ ਤਖਤ ਤੋਂ ਮੁਆਫੀ ਮੰਗਣਾ ਦਿਖਾਇਆ ਜਾਣਾ ਗਲਤ ਹੈ। ਉਨ੍ਹਾਂ ਕਿਹਾ, ‘ਜੇਕਰ ਕਿਸੇ ਨੇ ਅਕਾਲ ਤਖਤ ਤੋਂ ਮੁਆਫੀ ਮੰਗਣੀ ਹੈ ਤਾਂ ਇਸ ਦੀ ਇੱਕ ਪੂਰੀ ਪ੍ਰਕਿਰਿਆ ਹੈ। ਇਹ ਸਭ ਨੂੰ ਪਤਾ ਹੈ ਕਿ ਇਹ ਮੁਆਫੀ ਅਕਾਲ ਤਖਤ ਤੋਂ ਨਹੀਂ ਮੰਗੀ ਗਈ।’ ਸ਼੍ਰੋਮਣੀ ਅਕਾਲੀ ਦਲ ਨਾਲ ਵਾਪਸ ਜਾਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕਦੀ ਵੀ ਅਕਾਲੀ ਦਲ ਨਹੀਂ ਛੱਡਿਆ। ਉਨ੍ਹਾਂ ਕਿਹਾ, ‘ਮੈਨੂੰ ਪਾਰਟੀ ’ਚੋਂ ਕੱਢਿਆ ਗਿਆ ਸੀ। ਹੁਣ ਦੇਖਦੇ ਹਾਂ ਕਿ ਜਿਨ੍ਹਾਂ ਨੇ ਮੈਨੂੰ ਕੱਢਿਆ ਸੀ ਉਹ ਕੀ ਫ਼ੈਸਲਾ ਲੈਂਦੇ ਹਨ?’

ਯੂਨਾਈਟਿਡ ਅਕਾਲੀ ਦਲ ਦੇ ਮੁਖੀ ਤੇ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਨਾਲ ਭਾਈਵਾਲ ਆਗੂ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਨਾਲ ਕਦੀ ਵੀ ਹੱਥ ਨਹੀਂ ਮਿਲਾਉਣਗੇ ਜੋ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹਨ ਅਤੇ ਜਿਨ੍ਹਾਂ ਉਨ੍ਹਾਂ ਬੁਚੜ ਪੁਲੀਸ ਅਫਸਰਾਂ ਦੀ ਹਮਾਇਤ ਕੀਤੀ ਜਿਨ੍ਹਾਂ ਕਈ ਬੇਕਸੂਰਾਂ ਨੂੰ ਕਤਲ ਕੀਤਾ।

ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ  ਆਪਣੀਆਂ “ਗਲਤੀਆਂ” ਦੀ ਮੁਆਫ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਂ ਵਰਤ ਕੇ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਦਾ ਬਜਰ ਗੁਨਾਹ ਕੀਤਾ ਹੈ ਜਿਸ ਲਈ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਸੱਦ ਕੇ ਤਨਖ਼ਾਹ ਲਾਈ ਜਾਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਨੇ ਸੱਚੇ ਦਿਲੋਂ ਮੁਆਫ਼ੀ ਮੰਗਣੀ ਹੁੰਦੀ ਤਾਂ ਉਹ ਪੰਥਕ ਪ੍ਰੰਪਰਾਵਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੰਜ ਪਿਆਰਿਆਂ ਅੱਗੇ ਪੇਸ਼ ਹੁੰਦੇ ਅਤੇ ਆਪਣੇ ਗੁਨਾਹਾਂ ਨੂੰ ਕਬੂਲ ਕੇ ਖਿਮਾ ਮੰਗਦੇ। ਬਾਜਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਹ ਭੁੱਲ ਜਾਵੇ ਕਿ ਪੰਜਾਬ ਦੇ ਲੋਕ ਉਸ ਨੂੰ ਹੁਣ ਕਦੇ ਰਾਜ ਸੱਤਾ ਸੌਂਪ ਦੇਣਗੇ ਕਿਉਂਕਿ ਉਸ ਨੇ ਸੱਤਾ ਦੇ ਨਸ਼ੇ ਵਿਚ ਗੁਨਾਹ ਹੀ ਐਨੇ ਕੀਤੇ ਹਨ ਕਿ ਉਸ ਨੂੰ ਮੁਆਫ਼ ਕੀਤਾ ਹੀ ਨਹੀਂ ਜਾ ਸਕਦਾ। 

 ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਬਾਰੇ ਮੰਗੀ ਮੁਆਫ਼ੀ 'ਤੇ ਬੋਲਦਿਆਂ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਸੱਚੇ ਦਿਲ ਤੋਂ ਆਪਣੇ ਗੁਨਾਹਾਂ ਦੀ ਮੁਆਫ਼ੀ ਚਾਹੁੰਦੇ ਹੁੰਦੇ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੇ ਗਲ ਵਿੱਚ ਪੱਲਾ ਪਾ ਕੇ ਇੱਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਮਣੇ ਪੇਸ਼ ਹੁੰਦੇ।"

 ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ  ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀਆਂ ਦੇ ਮੁੱਦੇ 'ਤੇ ਮੁਆਫ਼ੀ ਮੰਗਣ ਦਾ ਢੰਗ ਗੁਰੂ ਦੇ ਸਿਧਾਂਤ ਅਨੁਸਾਰ ਹੋਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਸਿਰਫ਼ ਰਾਜਨੀਤੀ ਚਮਕਾਉਣ ਲਈ ਧਾਰਮਿਕ ਸਿਧਾਂਤਾਂ ਨਾਲ ਖਿਲਵਾੜ ਕਰਨਾ ਜਾਂ ਬਿਨਾਂ ਕਿਸੇ ਮਰਿਆਦਾ ਦੇ ਮੁਆਫ਼ੀ ਦੀ ਗੱਲ ਸਿੱਖ ਕੌਮ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੀ।

ਸ਼ੋਸ਼ਲ ਮੀਡੀਆ ਉਪਰ ਸਿਖ ਸੰਗਤ ਦਾ ਮੰਨਣਾ ਹੈ ਕਿ ਸੌਦਾ ਸਾਧ  ਵਲੋਂ  ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦਾ ਕੇਸ ਵਾਪਸ ਲੈਣ, ਤਖ਼ਤਾਂ ਦੇ ਜਥੇਦਾਰ ਸਾਹਿਬਾਨ ਤੋਂ ਸੌਦਾ ਸਾਧ ਨੂੰ ਮੁਆਫ਼ੀ ਦਵਾਉਣ ਤੇ  ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਕਰਾਉਣ ਵਿਚ ਭਾਗੀਦਾਰ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਦੀ ਸਰਕਾਰੀ ਮੱਦਦ ਦੇਣ ਵਰਗੇ ਅਜਿਹੇ ਗੁਨਾਹ ਕੀਤੇ ਹਨ ਇੰਨਾਂ ਨੂੰ ਕਿਹੜਾ ਪੰਜਾਬੀ ਮੁਆਫ਼ ਕਰ ਦੇਵੇਗਾ? ਉਹਨਾਂ ਪੱਛਿਆ ਕਿ ਸੁਖਬੀਰ ਸਿੰਘ ਬਾਦਲ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁਧ ਰੋਸ ਪ੍ਰਗਟ ਕਰ ਰਹੀਆਂ ਸੰਗਤਾਂ ਉਤੇ ਗੋਲੀ ਚਲਾ ਕੇ ਦੋ ਸਿੱਖਾਂ ਦੀ ਕੀਤੀ ਗਈ ਹੱਤਿਆ, ਗੋਲੀ ਚਲਾਉਣ ਵਾਲੇ ਪੁਲੀਸ ਅਧਿਕਾਰੀਆਂ ਦੀ ਪੁਸ਼ਤਪਨਾਹੀ ਤੇ ਬਰਗਾੜੀ ਮੋਰਚੇ ਵਿੱਚ ਇਨਸਾਫ਼ ਲੈਣ ਲਈ ਧਰਨਾ ਦੇ ਰਹੀਆਂ ਸੰਗਤਾਂ ਨੂੰ ਅੱਤਵਾਦੀ, ਨਕਸਲਵਾਦੀ ਅਤੇ ਦੇਸ਼ ਵਿਰੋਧੀ ਦੱਸਣ ਦੇ ਆਪਣੇ ਕਾਲੇ ਕਾਰਨਾਮਿਆਂ ਦਾ ਕੀ ਜਵਾਬ ਹੈ?

 ਸੰਗਤ ਦਾ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਨਾਟਕ ਸਿਰਫ਼ ਤੇ ਸਿਰਫ਼ ਇਸ ਲਈ ਰਚਿਆ ਹੈ ਤਾਂ ਕਿ ਭਾਜਪਾ  ਨਾਲ ਮੁੜ ਸਿਆਸੀ ਗਠਜੋੜ ਕਰ ਕੇ ਆਪਣੇ ਸੌੜੇ ਰਾਜਸੀ ਹਿੱਤ ਅਤੇ ਨਿੱਜੀ ਗਰਜ਼ਾਂ ਪੁਰੀਆਂ ਕੀਤੀਆ ਜਾ ਸਕਣ। ਉਹਨਾਂ ਦਾ ਮੰਨਣਾ ਹੈ ਕਿ ਸਿੱਖ ਨਾ ਤਾਂ ਭਾਜਪਾ ਨੂੰ ਅਤੇ ਨਾ ਹੀ ਉਸ ਦੇ ਕੰਧੇੜਿਆਂ ਉਤੇ ਚੜ੍ਹ ਕੇ ਆੳਣ ਵਾਲੇ ਅਕਾਲੀਆਂ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਉਹਨਾਂ ਨੂੰ ਕਿਸਾਨੀ ਵਿਰੋਧੀ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਦਿੱਤੀਆਂ ਸ਼ਹੀਦੀਆਂ ਨਹੀਂ ਭੁੱਲੀਆਂ।ਮੋਗਾ ਕਾਨਫਰੰਸ ਵਿਚ ਤਾਂ ਅਕਾਲੀ ਦਲ ਤੇ ਅਨੰਦਪੁਰ ਦੇ ਮਤੇ ਦਾ ਭੋਗ ਪਾਉਣ ਵਾਲੇ ਸਵਾਰਥੀ ਬਾਦਲ ਪਰਿਵਾਰ ਉਪਰ ਹੁਣ ਵਿਸ਼ਵਾਸ ਕਰਨਾ ਔਖਾ ਹੈ।ਪੰਥਕ ਬੋਧਿਕ ਹਲਕਿਆਂ ਦਾ ਮੰਨਣਾ ਹੈ ਕਿ ਅਕਾਲੀ ਦਲ ਦੀ ਪੁਨਰ ਸੁਰਜੀਤੀ ਬਗੈਰ ਹੋਰ ਕੋਈ ਰਾਹ ਨਹੀ।ਸੁਖਬੀਰ ਬਾਦਲ ਨੂੰ ਇਸ ਮਾਫੀ ਕਾਰਣ ਪੰਥਕ ਹਲਕਿਆਂ ਵਿਚ ਮਾਨਤਾ ਮਿਲਣੀ ਮੁਸ਼ਕਲ ਹੈ।