ਭਾਰਤੀ ਰਾਸ਼ਟਰਵਾਦੀਆਂ ਦੀ ਧਮਕੀ ਅੱਗੇ ਝੁਕਿਆ ਕਲਾਕਾਰ ਦਿਲਜੀਤ

ਭਾਰਤੀ ਰਾਸ਼ਟਰਵਾਦੀਆਂ ਦੀ ਧਮਕੀ ਅੱਗੇ ਝੁਕਿਆ ਕਲਾਕਾਰ ਦਿਲਜੀਤ
ਦਿਲਜੀਤ

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅਮਰੀਕਾ ਦੇ ਸ਼ਹਿਰ ਹੋਸਟਨ ਵਿੱਚ ਹੋਣ ਵਾਲਾ ਆਪਣਾ ਇੱਕ ਪ੍ਰੋਗਰਾਮ ਭਾਰਤੀ ਰਾਸ਼ਟਰਵਾਦੀਆਂ ਵੱਲੋਂ ਦਿੱਤੀ ਧਮਕੀ ਤੋਂ ਬਾਅਦ ਰੱਦ ਕਰਦਿਆਂ ਅੱਗੇ ਪਾ ਦਿੱਤਾ ਹੈ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਾਈਨ ਇੰਪਲੋਈਜ਼ ਨੇ ਦਿਲਜੀਤ ਨੂੰ ਇਹ ਕਹਿੰਦਿਆਂ ਪ੍ਰੋਗਰਾਮ ਰੱਦ ਕਰਨ ਲਈ ਧਮਕੀ ਦਿੱਤੀ ਸੀ ਕਿ ਇਸ ਪ੍ਰੋਗਰਾਮ ਦਾ ਪ੍ਰਮੋਟਰ ਇੱਕ ਪਾਕਿਸਤਾਨੀ ਨਾਗਰਿਕ ਰੇਹਾਨ ਸਿੱਦੀਕੀ ਹੈ। 

ਭਾਰਤੀ ਰਾਸ਼ਟਰਵਾਦੀਆਂ ਦੀ ਇਸ ਧਮਕੀ ਅੱਗੇ ਝੁਕਦਿਆਂ ਦਿਲਜੀਤ ਨੇ ਟਵਿੱਟਰ 'ਤੇ ਸਪਸ਼ਟੀਕਰਨ ਦਿੱਤਾ ਅਤੇ ਕਿਹਾ ਕਿ ਉਹ 21 ਸਤੰਬਰ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਨੂੰ ਮੁਲਤਵੀ ਕਰਦਾ ਹੈ। ਦਿਲਜੀਤ ਨੇ ਸਪਸ਼ਟੀਕਰਨ ਦਿੱਤਾ ਕਿ ਉਸਦਾ ਪ੍ਰੋਗਰਾਮਾਂ ਸਬੰਧੀ ਕਰਾਰ ਸਿਰਫ "ਸ਼੍ਰੀ ਬਾਲਾਜੀ ਇੰਟਰਟੇਨਮੈਂਟ" ਨਾਲ ਹੀ ਹੋਇਆ ਹੈ। 

ਦਿਲਜੀਤ ਨੇ ਕਿਹਾ ਕਿ ਉਸਨੂੰ ਫੈਡਰੇਸ਼ਨ ਦੇ ਬਿਆਨ ਬਾਰੇ ਮੁੰਬਈ ਮਿਰਰ 'ਤੇ ਛਪੀ ਖਬਰ ਤੋਂ ਹੀ ਜਾਣਕਾਰੀ ਮਿਲੀ। ਦਿਲਜੀਤ ਨੇ ਫੇਰ ਆਪਣੀ ਦੇਸ਼ਭਗਤੀ ਸਾਬਤ ਕਰਨ ਲਈ ਆਪਣੇ ਸਪਸ਼ਟੀਕਰਨ ਵਿੱਚ ਖਾਸ ਤੌਰ 'ਤੇ ਲਿਖਿਆ, "ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ ਅਤੇ ਹਮੇਸ਼ਾ ਭਾਰਤ ਦੇ ਵਧੇਰੇ ਹਿੱਤਾਂ ਲਈ ਖੜ੍ਹਾਂਗਾ।"