ਮੱਧ ਪ੍ਰਦੇਸ਼ 'ਵਿਚ ਟਰੈਕਟਰ 'ਤੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਲਗਾਉਣ 'ਤੇ ਸਿਖ ਗਭਰੂ ਗਿ੍ਫ਼ਤਾਰ

ਮੱਧ ਪ੍ਰਦੇਸ਼ 'ਵਿਚ ਟਰੈਕਟਰ 'ਤੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਲਗਾਉਣ 'ਤੇ ਸਿਖ ਗਭਰੂ ਗਿ੍ਫ਼ਤਾਰ

ਸਿੱਖ ਨੌਜਵਾਨ 'ਤੇ ਕੀਤਾ ਪਰਚਾ ਰੱਦ ਹੋਵੇ-ਸ੍ਰੋਮਣੀ ਕਮੇਟੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਬਲਪੁਰ-ਮੱਧ ਪ੍ਰਦੇਸ਼ ਦੇ ਜਬਲਪੁਰ 'ਵਿਚ ਨਗਰ ਕੀਰਤਨ ਦੌਰਾਨ ਟਰੈਕਟਰ 'ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲਗਾਉਣ ਦੇ ਦੋਸ਼ 'ਵਿਚ ਬੀਤੇ ਦਿਨੀਂ ਇਥੇ ਇਕ 21 ਸਾਲਾ ਸਿੱਖ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਸੀ। ਪੁਲਿਸ ਸੁਪਰਡੈਂਟ ਸਿਧਾਰਥ ਬਹੁਗੁਣਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਂਝੀ ਇਲਾਕੇ 'ਵਿਚ ਨਗਰ ਕੀਰਤਨ ਸਜਾਇਆ ਗਿਆ ਸੀ । ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਅਤੇ ਨੌਜਵਾਨ ਨੂੰ ਧਾਰਾ 505 (ਜਨਤਕ ਸ਼ਰਾਰਤ) ਅਤੇ 153 (ਦੰਗਾ ਭੜਕਾਉਣ ਦੇ ਇਰਾਦੇ ਨਾਲ ਉਕਸਾਉਣਾ) ਤਹਿਤ ਗਿ੍ਫ਼ਤਾਰ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸਿੱਖ ਨੌਜਵਾਨ 'ਤੇ ਕੇਸ ਪਾਉਣ ਅਤੇ ਉਸ ਨੂੰ ਗਿ੍ਫ਼ਤਾਰ ਕਰਨ ਦੀ ਕਰੜੀ ਨਿੰਦਾ ਕਰਦਿਆਂ ਆਖਿਆ ਕਿ ਪੁਲਿਸ ਵਲੋਂ ਕੀਤੀ ਕਾਰਵਾਈ ਘੱਟ ਗਿਣਤੀ ਸਿੱਖਾਂ ਨਾਲ ਵੱਡੀ ਬੇਇਨਸਾਫੀ ਤੇ ਧੱਕਾ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਸੱਟ ਵੱਜੀ ਹੈ ।ਉਨ੍ਹਾਂ ਕਿਹਾ ਕਿ ਸੰਤ ਭਿੰਡਰਾਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਹਨ, ਜਿਨ੍ਹਾਂ ਨੇ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਵਿਰੁੱਧ ਸੰਘਰਸ਼ ਕਰਦਿਆਂ ਸ਼ਹਾਦਤ ਪ੍ਰਾਪਤ ਕੀਤੀ ਸੀ।  ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਗ੍ਰਹਿ ਮੰਤਰੀ ਸ੍ਰੀ ਨਰੋਤਮ ਮਿਸ਼ਰਾ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਦਖਲ ਦੇ ਕੇ ਬੇਕਸੂਰ ਸਿੱਖ ਨੌਜਵਾਨ ਵਿਰੁੱਧ ਦਰਜ ਕੀਤੇ ਪਰਚੇ ਨੂੰ ਰੱਦ ਕਰਨ ਦੇ ਨਿਰਦੇਸ਼ ਜਾਰੀ ਕਰਨ ।