ਸਾਹਿਬਜਾਦਿਆਂ ਨੇ ਛੋਟੀਆਂ ਜਿੰਦਾਂ ਹੋਣ ਦੇ ਬਾਵਜੂਦ ਵੀ ਹੌਸਲੇ ਛੋਟੇ ਨਹੀਂ ਹੋਣ ਦਿਤੇ: ਇੰਦਰਪ੍ਰੀਤ ਸਿੰਘ ਕੌਛੜ

ਸਾਹਿਬਜਾਦਿਆਂ ਨੇ ਛੋਟੀਆਂ ਜਿੰਦਾਂ ਹੋਣ ਦੇ ਬਾਵਜੂਦ ਵੀ ਹੌਸਲੇ ਛੋਟੇ ਨਹੀਂ ਹੋਣ ਦਿਤੇ: ਇੰਦਰਪ੍ਰੀਤ ਸਿੰਘ ਕੌਛੜ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 23 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਲਾਲ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੇ ਲਾਸਾਨੀ ਸ਼ਹਾਦਤ ਨੂੰ ਮੁੱਖ ਰਖਦੇ ਹੋਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਨਾਂ ਅੰਦਰ ਹੀ ਨਹੀਂ ਜਦੋ ਵੀ ਸਮਾਂ ਲੱਗੇ ਸਾਨੂੰ ਵੱਧ ਤੋਂ ਵੱਧ ਪਾਠ ਅਤੇ ਘਟ ਤੋ ਘਟ ਦਸ ਪੰਦਰਾਂ ਮਿੰਟ ਸਿਮਰਨ ਹਰ ਰੋਜ ਕੀਤਾ ਜਾਣਾ ਚਾਹੀਦਾ ਹੈ । ਦਿੱਲੀ ਗੁਰਦੁਆਰਾ ਕਮੇਟੀ ਦੇ ਨੌਜੁਆਨ ਮੈਂਬਰ ਅਤੇ ਸਮਾਜਿਕ ਸੇਵਾਦਾਰ ਇੰਦਰਪ੍ਰੀਤ ਸਿੰਘ ਮੌਂਟੀ ਕੌਛੜ ਨੇ ਕਿਹਾ ਕਿ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤਾਂ ਵਿਚੋਂ ਸਾਨੂੰ ਸਿਖਿਆ ਅਤੇ ਪ੍ਰੇਰਨਾ ਕੀ ਮਿਲਦੀ ਹੈ.? ਇਹ ਵਿਚਾਰਣ ਯੋਗ ਹੈ ਅੱਜ ਸਾਡੀ ਕੌਮ ਦੇ ਅੰਦਰ ਜੋ ਦਰਦਨਾਕ ਹਾਲਾਤ ਪੈਦਾ ਕੀਤੇ ਗਏ ਨੇ ਇਨ੍ਹਾਂ ਹਾਲਾਤਾਂ ਵਿਚ ਸਾਡੀ ਜ਼ਿਮੇਵਾਰੀ ਕੀ ਬਣ ਜਾਂਦੀ ਹੈ ? ਇਸ ਸ਼ਹੀਦੀ ਸਾਕੇ ਦੀ ਗਾਥਾ ਜਿਸਦਾ ਅੱਖਰ-ਅੱਖਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜ਼ੁਲਮ ਸਾਹਮਣੇ ਸੀਸ ਝੁਕਾਉਣਾ ਅਣਖੀ ਲੋਕਾਂ ਦਾ ਕੰਮ ਨਹੀਂ ਅਤੇ ਨਾਲ ਹੀ ਇਹ ਸਾਕਾ ਇਸ ਗੱਲ ਦਾ ਪ੍ਰਤੀਕ ਹੈ ਕਿ ਮੌਤ ਨੂੰ ਅਤੇ ਉਮਰ ਨੂੰ ਮਾਪਣ ਦੀ ਕੋਈ ਜਰੂਰਤ ਨਹੀਂ ਰਹਿ ਜਾਂਦੀ ਜਦੋਂ ਕੋਈ ਮੌਤ 'ਸੁੱਤੇ ਹੋਏ ਲੋਕਾਂ ਨੂੰ ਜਗਾਉਣ ਲਈ' ਜਾਂ 'ਜ਼ੁਲਮ ਰਾਜ ਦੇ ਤਖਤਾਂ-ਤਾਜਾਂ ਨੂੰ ਹਿਲਾਉਣ ਲਈ ਹੋਈ ਹੋਵੇ।

ਉਨ੍ਹਾਂ ਨੇ ਕਿਹਾ ਕਿ ਮਾਸੂਮ ਜਿੰਦਾਂ ਦੀ ਸ਼ਹਾਦਤ ਵਿਚੋਂ ਇਕ ਗਲ ਪਰਤਖ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਛੋਟੀਆਂ ਜਿੰਦਾਂ ਹੋਣ ਦੇ ਬਾਵਜੂਦ ਵੀ ਹੌਸਲੇ ਛੋਟੇ ਨਹੀਂ ਹੋਣ ਦਿਤੇ। ਦਾਦੀ ਮਾਂ ਦੀ ਗੋਦ ਵਿਚੋਂ ਪ੍ਰਾਪਤ ਹੋਈ ਗੁਰਬਾਣੀ ਦੀ ਸਿਖਿਆ ਕਿ -“ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” ਨਾ ਕਿਸੇ ਨੂੰ ਡਰਾਉਣਾਂ ਅਤੇ ਨਾਹੀ ਡਰਕੇ ਕਿਸੇ ਦੀ ਈਨ ਮੰਨਣੀ ਬਲਕਿ ਆਪਣੇ ਇਸ ਸਚੇ ਇਰਾਦੇ ਨੂੰ ਜ਼ਿੰਦਾ ਰਖਣ ਲਈ ਆਪਣੀ ਸ਼ਹਾਦਤ ਦੇਣੀ ਪਰਵਾਣ ਕਰ ਲੈਣੀ।

ਕਿਸੇ ਲੋਭ ਲਾਲਚ ਵਿਚ ਆਪਣੇ ਸੱਚ ਦੇ ਆਸੂਲਾਂ ਨੂੰ ਨਹੀਂ ਛਡਣਾ ਅਤੇ ਸਮੇਂ ਅਨੁਸਾਰ ਆਪਣੀ ਜ਼ਿਮੇਵਾਰੀ ਤੋਂ ਮੂੰਹ ਨਹੀਂ ਮੋੜਨਾ ਚਾਹੇ ਉਹ ਪਰਵਾਰਕ ਹੋਵੇ, ਸਮਾਜਕ ਹੋਵੇ, ਧਾਰਮਕ ਜਾਂ ਰਾਜਨੀਤਕ। ਜਿਸ ਪ੍ਰਕਾਰ ਛੋਟੇ ਸਾਹਿਬਜ਼ਾਦਿਆਂ ਦੀ ਸੱਚ ਰੂਪੀ ਆਵਾਜ਼ ਨੂੰ ਬੰਦ ਕਰਣ ਲਈ ਵਖਤ ਦੇ ਹਾਕਮਾਂ ਅਤੇ ਮੌਲਵੀਆਂ ਨੇ ਝੂਠੇ ਫ੍ਹਤਵੇ ਜਾਰੀ ਕਰ ਉਨ੍ਹਾਂ ਮਾਸੂਮ ਜਿੰਦਾਂ ਨੂੰ ਦੀਵਾਰਾਂ ਵਿਚ ਜ਼ਿੰਦਾ ਚਿਣ ਕੇ ਸ਼ਹੀਦ ਕਰ ਦਿਤਾ ਗਿਆ। ਇਸੇ ਪ੍ਰਕਾਰ ਅੱਜ ਰਾਜਨੀਤਕ ਲੋਗਾਂ ਦੀ ਸ਼ਹਿ ਤੇ ਫਿਰ ਸੱਚ ਦੀ ਆਵਾਜ਼ ਨੂੰ ਬੰਦ ਕਰਣ ਲਈ ਹੰਭਲੇ ਮਾਰੇ ਜਾ ਰਹੇ ਹਨ । ਪਰ ਅੱਜ ਸਾਡਾ ਦੁਖਾਂਤ ਇਹੀ ਹੈ ਕਿ ਅਸੀਂ ਸਾਰੇ ਹੀ ਆਪੋ ਆਪਣੀਆਂ ਜ਼ਿਮੇਵਾਰੀਆਂ ਤੌ ਮੂੰਹ ਮੋੜੀ ਬੈਠੇ ਹਾਂ ਕਿਉਂਕਿ ਸਾਡੀਆਂ ਜ਼ਮੀਰਾਂ ਖ਼ਤਮ ਹੋ ਚੁਕੀਆਂ ਹਨ।