ਰੂਸ ਭਾਰਤ ਦੇ ਦੁਸ਼ਮਣ ਪਾਕਿਸਤਾਨ ਨਾਲ ਦੋਸਤੀ ਬਣਾਉਣ ਲਗਾ

ਰੂਸ ਭਾਰਤ ਦੇ ਦੁਸ਼ਮਣ ਪਾਕਿਸਤਾਨ ਨਾਲ ਦੋਸਤੀ ਬਣਾਉਣ ਲਗਾ

ਪੁਤਿਨ ਦੇ ਵਿਦੇਸ਼ ਮੰਤਰੀ ਨੇ ਕਿਹਾ, ਪਾਕਿ -ਰੂਸ ਦੋਸਤੀ ਜ਼ਿੰਦਾਬਾਦ

*ਹਾਲ ਹੀ ਵਿਚ ਰੂਸ ਤੋਂ ਤੇਲ ਦੀ ਇਕ ਖੇਪ ਪਾਕਿਸਤਾਨ ਦੇ ਕਰਾਚੀ ਬੰਦਰਗਾਹ 'ਤੇ ਪਹੁੰਚੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਮਾਸਕੋ: ਹਾਲ ਹੀ ਵਿੱਚ ਰੂਸ ਤੋਂ ਤੇਲ ਦੀ ਇੱਕ ਖੇਪ ਪਾਕਿਸਤਾਨ ਦੀ ਕਰਾਚੀ ਬੰਦਰਗਾਹ ਪਹੁੰਚੀ ਹੈ। ਹੁਣ ਇਸ ਦੇ ਪਾਕਿਸਤਾਨ ਪਹੁੰਚਣ ਤੋਂ ਬਾਅਦ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਪਾਕਿਸਤਾਨ ਨਾਲ ਮਜ਼ਬੂਤ ਅਤੇ ਗੂੜੇ ਸਬੰਧ ਚਾਹੁੰਦਾ ਹੈ। ਲਾਵਰੋਵ ਦਾ ਇਹ ਬਿਆਨ ਸੋਮਵਾਰ ਨੂੰ ਰੂਸ-ਪਾਕਿਸਤਾਨ ਸਬੰਧਾਂ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ ਦਿਤਾ ਉਸ ਨੇ ਇਕ ਵੀਡੀਓ ਰਾਹੀਂ ਜੋ ਕਿਹਾ, ਉਸ ਦੀ ਪਾਕਿਸਤਾਨ ਦੇ ਮੀਡੀਆ ਵਿਚ ਕਾਫੀ ਚਰਚਾ ਹੋਈ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਵੀ ਅਲ ਜਜ਼ੀਰਾ ਨੂੰ ਦਿੱਤੇ ਇੰਟਰਵਿਊ ਵਿਚ ਰੂਸ ਦੀ ਦੋਸਤੀ ਦੀ ਤਾਰੀਫ਼ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਸ਼ੀਤ ਯੁੱਧ ਦੇ ਸਮੇਂ ਤੋਂ ਹੀ ਦੋਵਾਂ ਦੇਸ਼ਾਂ ਦੇ ਸਬੰਧ ਬਹੁਤ ਖਰਾਬ ਸਨ।

ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਅਤੇ ਰੂਸ ਦੇ ਸਬੰਧਾਂ ਵਿੱਚ ਕਾਫੀ ਸਕਾਰਾਤਮਕ ਬਦਲਾਅ ਆਇਆ ਹੈ। ਦੋਵਾਂ ਦੇਸ਼ਾਂ ਵੱਲੋਂ ਬਿਹਤਰ ਸਬੰਧਾਂ ਦੀ ਗੱਲ ਅਕਸਰ ਦੁਹਰਾਈ ਜਾਂਦੀ ਹੈ। ਦੋਵੇਂ ਦੇਸ਼ ਹੁਣ ਆਪਣੀ ਸਾਲਾਂ ਦੀ ਸ਼ਾਂਤ ਕੂਟਨੀਤੀ ਨੂੰ ਨਤੀਜਿਆਂ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਅਪ੍ਰੈਲ ਵਿਚ ਦੋਹਾਂ ਦੇਸ਼ਾਂ ਨੇ ਇਤਿਹਾਸਕ ਸਮਝੌਤੇ 'ਤੇ ਦਸਤਖਤ ਕੀਤੇ ਸਨ। ਇਸ ਸਮਝੌਤੇ ਤੋਂ ਬਾਅਦ ਹੀ ਰੂਸ ਤੋਂ ਤੇਲ ਦੀ ਪਹਿਲੀ ਖੇਪ ਪਾਕਿਸਤਾਨ ਪਹੁੰਚੀ ਹੈ।ਰੂਸ ਨੇ ਪਾਕਿਸਤਾਨ ਨੂੰ ਇਹ ਪਹਿਲੀ ਖੇਪ ਬਹੁਤ ਰਿਆਇਤੀ ਦਰਾਂ 'ਤੇ ਦਿੱਤੀ ਹੈ। ਲਾਵਰੋਵ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, “ਅਸੀਂ ਰੂਸ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਈ ਪਾਕਿਸਤਾਨੀ ਲੋਕਾਂ ਦੀ ਦਿਲਚਸਪੀ ਅਤੇ ਸਨਮਾਨ ਤੋਂ ਜਾਣੂ ਹਾਂ। ਅਸੀਂ ਵੀ ਇਸ ਦੀ ਬਹੁਤ ਕਦਰ ਕਰਦੇ ਹਾਂ।ਉਹਨਾਂ ਅੱਗੇ ਕਿਹਾ ਕਿ ਇੱਕ ਸਦੀ ਦੇ ਪਿਛਲੇ ਤਿੰਨ ਚੌਥਾਈ ਸਾਲਾਂ ਵਿੱਚ ਦੁਵੱਲੇ ਸਬੰਧਾਂ ਵਿੱਚ ਕਈ ਉਤਰਾਅ-ਚੜ੍ਹਾਅ ਆਏ ਹਨ। ਪਰ ਇਸ ਤੋਂ ਬਾਅਦ ਉਹਨਾਂ ਕਿਹਾ ਕਿ ਰੂਸ ਹਮੇਸ਼ਾ ਪਾਕਿਸਤਾਨ ਨਾਲ ਸਹਿਯੋਗ ਵਧਾਉਣ ਦਾ ਇੱਛੁਕ ਰਿਹਾ ਹੈ। ਉਸਨੇ ਕਿਸੇ ਵੀ ਹਾਲਤ ਵਿੱਚ ਆਪਣੇ ਵਚਨਬੱਧਤਾ ਨੂੰ ਨਹੀਂ ਛੱਡਿਆ। ਲਾਵਰੋਵ ਦੇ ਸ਼ਬਦਾਂ ਵਿਚ, '1980 ਦੇ ਦਹਾਕੇ ਵਿਚ ਅਫਗਾਨਿਸਤਾਨ ਵਿਚ ਸੰਘਰਸ਼ ਤੋਂ ਬਾਅਦ ਵੀ, ਸੋਵੀਅਤ ਮਾਹਿਰ ਕਰਾਚੀ ਵਿਚ ਸਭ ਤੋਂ ਵੱਡੀ ਸਟੀਲ ਮਿੱਲ (ਹੁਣ ਪਾਕਿਸਤਾਨ ਸਟੀਲ ਮਿੱਲ ਕਹਿੰਦੇ ਹਨ) ਦੇ ਨਿਰਮਾਣ ਵਿਚ ਸ਼ਾਮਲ ਸਨ।' ਲਾਵਰੋਵ ਨੇ ਯਾਦ ਦਿਵਾਇਆ ਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਗੁੱਡੂ ਥਰਮਲ ਪਾਵਰ ਪਲਾਂਟ ਵੀ ਰੂਸ ਦੇ ਸਹਿਯੋਗ ਕਾਰਣ ਚਾਲੂ ਹੋਇਆ ਸੀ ।

'ਪਾਕਿਸਤਾਨ-ਰੂਸ ਦੋਸਤੀ ਜ਼ਿੰਦਾਬਾਦ'

ਲਾਵਰੋਵ ਦੇ ਅਨੁਸਾਰ, ਰੂਸ ਲੋਕਾਂ ਦੀ ਸੱਭਿਆਚਾਰਕ ਅਤੇ ਸਭਿਅਤਾਤਮਕ ਵਿਭਿੰਨਤਾ ਦਾ ਸਨਮਾਨ ਕਰਦਾ ਹੈ ਅਤੇ ਉਹਨਾਂ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਵਿਕਾਸ ਦੇ ਰਸਤੇ ਨੂੰ ਆਪਣੇ ਲਈ ਨਿਰਧਾਰਤ ਕਰਨ ਦੇ ਉਹਨਾਂ ਦੇ ਅਧਿਕਾਰ ਦਾ ਸਨਮਾਨ ਕਰਦਾ ਹੈ। ਲਾਵਰੋਵ ਮੁਤਾਬਕ ਰੂਸ ਉਨ੍ਹਾਂ ਨੈਤਿਕ ਕਦਰਾਂ-ਕੀਮਤਾਂ ਨੂੰ ਸਮਝਦਾ ਹੈ ਜੋ ਮੁਹੰਮਦ ਅਲੀ ਜਿਨਾਹ ਦੇ ਵਿਸ਼ਵਾਸ, ਏਕਤਾ ਅਤੇ ਅਨੁਸ਼ਾਸਨ ਦੇ ਸਿਧਾਂਤਾਂ ਦੇ ਅਨੁਰੂਪ ਹਨ। ਉਨ੍ਹਾਂ ਮੁਤਾਬਕ ਰੂਸ ਅੰਤਰਰਾਸ਼ਟਰੀ ਮੰਚਾਂ 'ਤੇ ਪਾਕਿਸਤਾਨ ਨਾਲ ਰਚਨਾਤਮਕ ਸਹਿਯੋਗ ਨੂੰ ਬਹੁਤ ਮਹੱਤਵ ਦਿੰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਰੂਸ ਪਾਕਿਸਤਾਨ ਅਤੇ ਇਸ ਦੇ ਲੋਕਾਂ ਦੇ ਨਾਲ ਹੋਰ ਸਬੰਧਾਂ 'ਤੇ ਮਿਲ ਕੇ ਕੰਮ ਕਰਨ ਦਾ ਇੱਛੁਕ ਹੈ। ਉਸ ਨੇ 'ਪਾਕਿਸਤਾਨ-ਰੂਸ ਦੋਸਤੀ ਜ਼ਿੰਦਾਬਾਦ' ਦੇ ਨਾਅਰੇ 'ਤੇ ਆਪਣਾ ਵੀਡੀਓ ਖਤਮ ਕੀਤਾ।