ਅਮਰੀਕਾ ਵਲੋਂ ਯੂਕਰੇਨ ਨੂੰ ਕਲਸਟਰ ਬੰਬ ਦੇਣ ਦੇ ਫੈਸਲੇ 'ਤੇ ਰੂਸ ਔਖਾ

ਅਮਰੀਕਾ ਵਲੋਂ ਯੂਕਰੇਨ ਨੂੰ ਕਲਸਟਰ ਬੰਬ ਦੇਣ ਦੇ  ਫੈਸਲੇ 'ਤੇ ਰੂਸ ਔਖਾ

ਦਮਿਤਰੀ ਮੇਦਵੇਦੇਵ ਨੇ ਅਮਰੀਕਾ ਨੂੰ ਪ੍ਰਮਾਣੂ ਯੁੱਧ ਦੀ ਦਿੱਤੀ ਚੇਤਾਵਨੀ, ਕਿਹਾ - ਨਤੀਜੇ ਭੁਗਤਣੇ ਪੈਣਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਮਾਸਕੋ:ਅਮਰੀਕਾ ਵਲੋਂ ਯੂਕਰੇਨ ਨੂੰ ਕਲਸਟਰ ਬੰਬ ਦੇਣ ਦੇ ਫੈਸਲੇ ਤੋਂ ਰੂਸ ਗੁੱਸੇ ਵਿੱਚ ਹੈ। ਕ੍ਰੇਮਲਿਨ ਪਹਿਲਾਂ ਹੀ ਅਮਰੀਕਾ ਦੇ ਫੈਸਲੇ ਦੀ ਆਲੋਚਨਾ ਕਰ ਚੁੱਕਾ ਹੈ।ਉਸ ਨੇ ਇਸ ਫੈਸਲੇ ਨੂੰ ਅੱਗ ਵਿਚ ਪਟਰੋਲ ਪਾਉਣ ਵਾਲਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਸਾਬਕਾ ਰੂਸੀ ਰਾਸ਼ਟਰਪਤੀ ਅਤੇ ਨੇਤਾ ਨੰਬਰ ਦੋ ਦਿਮਿਤਰੀ ਮੇਦਵੇਦੇਵ ਨੇ ਅਮਰੀਕਾ ਦੇ ਫੈਸਲੇ ਨੂੰ ਲੈ ਕੇ ਬਿਡੇਨ ਨੂੰ ਤਾਅਨਾ ਮਾਰਿਆ ਕਿ ਬਿਡੇਨ ਪ੍ਰਮਾਣੂ ਯੁੱਧ ਨੂੰ ਭੜਕਾ ਕੇ ਅੱਧੀ ਮਨੁੱਖਤਾ ਨੂੰ ਆਪਣੇ ਨਾਲ ਅਗਲੀ ਦੁਨੀਆ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ। ਅਮਰੀਕਾ ਨੇ ਹੁਣੇ ਜਿਹੇ ਐਲਾਨ ਕੀਤਾ ਸੀ ਕਿ ਉਹ ਕਾਬਜ਼ ਰੂਸੀ ਫੌਜਾਂ ਦੇ ਖਿਲਾਫ ਬਦਲਾ ਲੈਣ ਲਈ ਯੂਕਰੇਨ ਨੂੰ ਵਿਆਪਕ ਤੌਰ 'ਤੇ ਪਾਬੰਦੀਸ਼ੁਦਾ ਕਲੱਸਟਰ ਹਥਿਆਰਾਂ ਦੀ ਸਪਲਾਈ ਕਰੇਗਾ।

ਮੇਦਵੇਦੇਵ ਨੇ ਹੁਣ ਚੇਤਾਵਨੀ ਦਿੱਤੀ ਹੈ ਕਿ ਯੂਕਰੇਨ ਨੂੰ ਕਲੱਸਟਰ ਬੰਬਾਂ ਦੀ ਅਮਰੀਕਾ ਵਲੋਂ ਸਪਲਾਈ ਦੁਨੀਆ ਨੂੰ ਖਤਰਨਾਕ ਸਥਾਨ 'ਤੇ ਲਿਜਾ ਰਹੀ ਹੈ। ਉਸਨੇ ਬਿਡੇਨ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਮਰਨ ਵਾਲੇ ਦਾਦਾ ਜੀ, ਬਿਮਾਰ ਕਲਪਨਾਵਾਂ ਦਾ ਸ਼ਿਕਾਰ ਹੋਕੇ, ਪਰਮਾਣੂ ਯੁਧ ਨੂੰ ਭੜਕਾ ਕੇ ਅੱਧੀ ਮਨੁੱਖਤਾ ਨੂੰ ਆਪਣੇ ਨਾਲ ਅਗਲੀ ਦੁਨੀਆ ਵਿੱਚ ਲਿਜਾਣ ਦਾ ਫੈਸਲਾ ਕਰ ਚੁਕੇ ਹਨ। ਮੇਦਵੇਦੇਵ ਨੇ ਅਮਰੀਕਾ ਦੇ ਫੈਸਲੇ ਦੇ ਖਿਲਾਫ ਸਖਤ ਜਵਾਬੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਹਰ ਫੈਸਲਾ ਯੂਕਰੇਨ ਵਿੱਚ ਚੱਲ ਰਹੀ ਜੰਗ ਨੂੰ ਹੋਰ ਭੜਕਾਏਗਾ।

ਸੰਯੁਕਤ ਰਾਸ਼ਟਰ ਨੇ ਅਮਰੀਕਾ ਦੇ ਫੈਸਲੇ 'ਤੇ ਸਵਾਲ ਉਠਾਏ 

ਦੂਜੇ ਪਾਸੇ ਯੂਕਰੇਨ ਨੂੰ ਕਲਸਟਰ ਬੰਬ ਸਪਲਾਈ ਕਰਨ ਦੇ ਅਮਰੀਕਾ ਦੇ ਫੈਸਲੇ 'ਤੇ ਕਈ ਮਨੁੱਖੀ ਅਧਿਕਾਰ ਸਮੂਹਾਂ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਸਵਾਲ ਚੁੱਕੇ ਹਨ। ਅਮਰੀਕਾ ਦਾ ਇਹ ਐਲਾਨ ਯੂਕਰੇਨ ਨੂੰ $800 ਮਿਲੀਅਨ ਦੇ ਸੁਰੱਖਿਆ ਪੈਕੇਜ ਦਾ ਹਿੱਸਾ ਹੈ। ਫਰਵਰੀ 2022 ਵਿੱਚ ਰੂਸ ਦੇ ਹਮਲੇ ਤੋਂ ਬਾਅਦ, ਅਮਰੀਕਾ ਨੇ ਯੂਕਰੇਨ ਨੂੰ 40 ਬਿਲੀਅਨ ਡਾਲਰ ਤੋਂ ਵੱਧ ਦੀ ਫੌਜੀ ਸਹਾਇਤਾ ਦਿੱਤੀ ਹੈ। ਪੈਂਟਾਗਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਲੱਸਟਰ ਬੰਬ ਇੱਕ ਸਮਾਂ ਸੀਮਾ ਵਿੱਚ ਦਿਤੇ ਜਾਣਗੇ ਜੋ ਜਵਾਬੀ ਹਮਲੇ ਲਈ ਪ੍ਰਸੰਗਿਕ ਹਨ।

100 ਦੇਸ਼ਾਂ 'ਚ ਕਲੱਸਟਰ ਬੰਬ 'ਤੇ ਪਾਬੰਦੀ

ਹਾਲਾਂਕਿ 100 ਤੋਂ ਵੱਧ ਦੇਸ਼ਾਂ ਵਿੱਚ ਕਲੱਸਟਰ ਬੰਬਾਂ 'ਤੇ ਪਾਬੰਦੀ ਹੈ। ਰੂਸ, ਯੂਕਰੇਨ ਅਤੇ ਅਮਰੀਕਾ ਨੇ ਕਲੱਸਟਰ ਯੁਧ ਸਮਗਰੀ ਬਾਰੇ ਕਨਵੈਨਸ਼ਨ 'ਤੇ ਦਸਤਖਤ ਨਹੀਂ ਕੀਤੇ ਹਨ, ਜੋ ਹਥਿਆਰਾਂ ਦੇ ਉਤਪਾਦਨ, ਭੰਡਾਰਨ, ਵਰਤੋਂ ਅਤੇ ਟ੍ਰਾਂਸਫਰ 'ਤੇ ਪਾਬੰਦੀ ਲਗਾਉਂਦੇ ਹਨ। ਉਹ ਆਮ ਤੌਰ 'ਤੇ ਵੱਡੀ ਗਿਣਤੀ ਵਿਚ ਛੋਟੇ ਬੰਬ ਛੱਡਦੇ ਹਨ ਜੋ ਆਕਸੀਜਨ ਦੇ ਸੰਪਰਕ ਵਿਚ ਆਉਣ ਦੇ ਬਾਅਦ ਚਲਦੇ ਹਨ। ਉਹ ਬਹੁਤ ਜ਼ਿਆਦਾ ਗਰਮੀ ਅਤੇ ਚਿੱਟਾ ਧੂੰਆਂ ਛੱਡਦੇ ਹਨ। ਇਸ ਦੇ ਸੰਪਰਕ ਵਿੱਚ ਆਉਣ ਵਾਲਾ ਕੋਈ ਵੀ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਸਕਦਾ ਹੈ। ਕਈ ਵਾਰ ਤਾਂ ਉਸ ਦੀ ਮੌਤ ਵੀ ਹੋ ਜਾਂਦੀ ਹੈ।

ਕਲੱਸਟਰ ਬੰਬ ਖ਼ਤਰਨਾਕ ਕਿਉਂ ਹੈ?

ਕਲੱਸਟਰ ਬੰਬ ਦੇ ਟੁਕੜੇ ਸਰੀਰ ਦੇ ਅੰਦਰ ਧਸ ਸਕਦੇ ਹਨ। ਅਜਿਹੇ 'ਚ ਗੰਭੀਰ ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਸਕਦੀ ਹੈ। ਕਿਉਂਕਿ ਉਨ੍ਹਾਂ ਦੇ ਸਰੀਰ ਵਿਚ ਧਸੇ ਹੋਏ ਟੁਕੜਿਆਂ ਨੂੰ ਹਟਾਉਣ ਦੌਰਾਨ, ਉਹ ਹਵਾ ਦੇ ਸੰਪਰਕ ਵਿਚ ਆਉਣ 'ਤੇ ਦੁਬਾਰਾ ਜਲ ਉਠਦੇ ਹਨ। ਅਜਿਹੇ ਵਿਚ ਜ਼ਖਮੀ ਦੀ ਇਲਾਜ ਦੇ ਬਾਵਜੂਦ ਮੌਤ ਹੋ ਜਾਂਦੀ ਹੈ। ਕਲੱਸਟਰ ਬੰਬ ਜੋ ਬਿਨਾਂ ਵਿਸਫੋਟ ਦੇ ਪਏ ਰਹਿੰਦੇ ਹਨ ਉਹ ਸੰਘਰਸ਼ ਦੇ ਅੰਤ ਤੋਂ ਬਾਅਦ ਦਹਾਕਿਆਂ ਤੱਕ ਖ਼ਤਰਾ ਬਣੇ ਰਹਿੰਦੇ ਹਨ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕਿਹਾ ਕਿ ਯੂਕਰੇਨ ਨੇ ਲਿਖਤੀ ਭਰੋਸਾ ਦਿੱਤਾ ਹੈ ਕਿ ਉਹ ਨਾਗਰਿਕਾਂ ਨੂੰ ਹੋਣ ਵਾਲੇ ਖਤਰੇ ਨੂੰ ਘੱਟ ਕਰਨ ਲਈ ਉਨ੍ਹਾਂ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰੇਗਾ।