ਮਨੀਪੁਰ ਦੀਆਂ ਦੋ ਔਰਤਾਂ ਦੀ ਨਗਨ ਪਰੇਡ ਘਟਨਾ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਏ ਮੋਦੀ ਸਰਕਾਰ
ਅਮਰੀਕਾ,ਇੰਗਲੈਂਡ ਨੇ ਮਨੀਪੁਰ ਦੀਆਂ ਘਟਨਾਵਾਂ ਬਾਰੇ ਮਨੀਪੁਰ ਪ੍ਰਸ਼ਾਸਨ ਨੂੰ ਕੰਟਰੋਲ ਕਰਨ ਲਈ ਕਿਹਾ
ਸੁਪਰੀਮ ਕੋਰਟ ਨੇ ਕਿਹਾ ਕਿ ਹਿੰਸਾ ਰੋਕੋ ,ਨਹੀਂ ਤਾਂ ਅਸੀਂ ਕਾਰਵਾਈ ਕਰਾਂਗੇ,ਮਾਮਲੇ ਦੀ ਅਗਲੀ ਸੁਣਵਾਈ 28 ਜੁਲਾਈ ਨੂੰ
-ਮਨੀਪੁਰ ’ਵਿਚ ਦੋ ਔਰਤਾਂ ਦੀ ਨਗਨ ਪਰੇਡ ਦੀ ਘਟਨਾ ਦੋ ਮਹੀਨੇ ਪਹਿਲਾਂ ਰਾਜਧਾਨੀ ਇੰਫਾਲ ਤੋਂ ਕਰੀਬ 35 ਕਿਲੋਮੀਟਰ ਦੂਰ ਕੰਗਪੋਕਪੀ ਜ਼ਿਲ੍ਹੇ ਵਿੱਚ 4 ਮਈ ਨੂੰ ਵਾਪਰੀ ਸੀ। ਪਰ ਪਿਛਲੇ ਹਫ਼ਤੇ ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ 19 ਜੁਲਾਈ ਨੂੰ ਵਾਇਰਲ ਹੋਣ ਮਗਰੋਂ ਇਹ ਕੌਮੀ ਤੇ ਕੌਮਾਂਤਰੀ ਮਸਲਾ ਬਣ ਗਿਆ ਹੈ।ਇਸ ਘਟਨਾ ਦੇ ਵਿਰੋਧ ‘ਚ ਵੀਰਵਾਰ (21 ਜੁਲਾਈ) ਸਵੇਰੇ ਮਣੀਪੁਰ ਦੇ ਚੂਰਾਚੰਦਪੁਰ ਵਿਚ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਦੋਵੇ ਸੰਸਦ ਠਪ ਹੋ ਗਏ ਸਨ,ਕਿਉਂਕਿ ਵਿਰੋਧੀ ਧਿਰ ਨੂੰ ਇਸ ਬਾਰੇ ਅਵਾਜ਼ ਉਠਾਉਣ ਦੀ ਇਜ਼ਾਜਤ ਨਹੀਂ ਦਿਤੀ ਗਈ।ਮਣੀਪੁਰ ਵਿਚ ਹਜ਼ਾਰਾਂ ਲੋਕਾਂ ਨੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਕੁਝ ਵਹਿਸ਼ੀ ਲੋਕ ਦੋ ਔਰਤਾਂ ਨੂੰ ਨੰਗਾ ਕਰਕੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰ ਰਹੇ ਹਨ।ਇਸ ਮਾਮਲੇ ਵਿੱਚ ਹੁਣ ਤੱਕ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦ ਕਿ ਵਹਿਸ਼ੀ ਭੀੜ ਸੈਂਕੜਿਆਂ ਵਿਚ ਸੀ। ਮੁੱਖ ਮੰਤਰੀ ਐਨ.ਬੀਰੇਨ ਸਿੰਘ ਨੇ ਅਸਤੀਫਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਸਰਕਾਰ ਸਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।ਸੁਪਰੀਮ ਕੋਰਟ ਦੇ ਸੀਜੇਆਈ ਡੀਵਾਈ ਚੰਦਰਚੂੜ ਨੇ ਕਿਹਾ ਸੀ-ਵੀਡੀਓ ਦੇਖ ਕੇ ਅਸੀਂ ਬਹੁਤ ਪਰੇਸ਼ਾਨ ਹਾਂ। ਅਸੀਂ ਸਰਕਾਰ ਨੂੰ ਕਦਮ ਚੁੱਕਣ ਲਈ ਸਮਾਂ ਦਿੰਦੇ ਹਾਂ। ਸਰਕਾਰ ਕਦਮ ਚੁੱਕੇ, ਨਹੀਂ ਤਾਂ ਅਸੀਂ ਚੁੱਕਾਂਗੇ।ਇਹ ਸੰਵਿਧਾਨ ਦਾ ਸਭ ਤੋਂ ਘਿਨਾਉਣਾ ਅਪਮਾਨ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਜੁਲਾਈ ਨੂੰ ਹੋਵੇਗੀ।ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ,ਸ਼ਿਵ ਸੈਨਾ (ਠਾਕਰੇ ਧੜੇ) ਦੇ ਨੇਤਾ ਆਦਿਤਿਆ ਠਾਕਰੇ,ਸਪਾ ਸਾਂਸਦ ਡਿੰਪਲ ਯਾਦਵ ਨੇ ਵੱਖ ਵੱਖ ਬਿਆਨਾਂ ਵਿਚ ਕਿਹਾ ਕਿ ਘਟਨਾ ਬਹੁਤ ਮੰਦਭਾਗੀ ਹੈ। ਮਣੀਪੁਰ ਸਰਕਾਰ ਨੂੰ ਭੰਗ ਕਰਕੇ ਉੱਥੇ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਣਾ ਚਾਹੀਦਾ ਹੈ।ਭਾਜਪਾ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਿਉਂ ਨਹੀਂ ਕਰ ਰਹੀ?
ਜਦ ਕਿ ਇਹ ਮਾਮਲਾ ਮੋਦੀ ਤੇ ਰਾਜ ਸਰਕਾਰ ਵਲੋਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸੇ ਦੌਰਾਨ ਅਮਰੀਕਾ,ਇੰਗਲੈਂਡ ਨੇ ਮਨੀਪੁਰ ਦੀਆਂ ਘਟਨਾਵਾਂ ਬਾਰੇ ਮਨੀਪੁਰ ਪ੍ਰਸ਼ਾਸਨ ਤੇ ਭਾਰਤ ਸਰਕਾਰ ਨੂੰ ਕੰਟਰੋਲ ਕਰਨ ਲਈ ਕਿਹਾ ।
ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇਸ ਘਟਨਾ ਨੂੰ ‘ਵਹਿਸ਼ੀਆਨਾ’ ਤੇ ‘ਖ਼ੌਫ਼ਨਾਕ’ ਕਰਾਰ ਦਿੰਦਿਆਂ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਭਾਰਤ ਨੂੰ ਮਨੀਪੁਰ ਹਿੰਸਾ ਦਾ ਹੱਲ ਸ਼ਾਂਤੀਪੂਰਨ ਢੰਗ ਨਾਲ ਤੇ ਗੱਲਬਾਤ ਰਾਹੀਂ ਕੱਢਣ ਲਈ ਕਿਹਾ ਹੈ ਅਤੇ ਅਧਿਕਾਰੀਆਂ ਨੂੰ ਸਾਰੇ ਵਰਗਾਂ, ਘਰਾਂ ਅਤੇ ਧਾਰਮਿਕ ਥਾਵਾਂ ਦੀ ਸੁਰੱਖਿਆ ਕਰਦਿਆਂ ਮਨੁੱਖੀ ਜ਼ਰੂਰਤਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।‘
ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਵਿਸ਼ੇਸ਼ ਦੂਤ ਤੇ ਸੰਸਦ ਮੈਂਬਰ ਫਿਓਨਾ ਬਰੂਸ ਨੇ ਮਨੀਪੁਰ ਦਾ ਮੁੱਦਾ ਹਾਊਸ ਆਫ ਕਾਮਨਜ਼ ਵਿਚ ਚੁੱਕਦਿਆਂ ਕਿਹਾ ਕਿ ਮਨੀਪੁਰ ਹਿੰਸਾ ਪਹਿਲਾਂ ਤੋਂ ਤੈਅ ਤੇ ਪੂਰੀ ਤਰ੍ਹਾਂ ਯੋਜਨਾਬੱਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਨੀਪੁਰ ਵਿਚ ਹੁਣ ਤੱਕ ਸੈਂਕੜੇ ਚਰਚ ਸਾੜੇ ਜਾ ਚੁੱਕੇ ਹਨ ਤੇ ਇਸ ਮੁੱਦੇ ਦੀ ਖੁੱਲ੍ਹ ਕੇ ਰਿਪੋਰਟਿੰਗ ਨਹੀਂ ਹੋ ਰਹੀ। ਉਨ੍ਹਾਂ ਬੀਬੀਸੀ ਦੇ ਸਾਬਕਾ ਰਿਪੋਰਟਰ ਡੇਵਿਡ ਕੈਂਪਾਨੇਲ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਮਨੀਪੁਰ ਵਿਚ ਸੈਂਕੜੇ ਚਰਚ ਸਾੜੇ ਜਾਣ ਤੋਂ ਇਲਾਵਾ ਸੌ ਤੋਂ ਵੱਧ ਲੋਕ ਕਤਲ ਕੀਤੇ ਜਾ ਚੁੱਕੇ ਹਨ ਤੇ 50 ਹਜ਼ਾਰ ਤੋਂ ਵੱਧ ਲੋਕ ਬੇਘਰੇ ਹੋਏ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਤੇ ਮਦਰੱਸਿਆਂ ਨੂੰ ਵੀ ਮਿੱਥ ਕੇ ਤੇ ਯੋਜਨਾਬੰਧ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਦੌਰਾਨ ਚਰਚ ਕਮਿਸ਼ਨਰਜ਼ ਦੇ ਨੁਮਾਇੰਦੇ ਤੇ ਸੰਸਦ ਮੈਂਬਰ ਐਂਡ੍ਰਿਊ ਸੇਲੌਸ ਨੇ ਕਿਹਾ ਕਿ ਇਹ ਰਿਪੋਰਟ ਆਰਚਬਿਸ਼ਪ ਦੇ ਧਿਆਨ ਵਿਚ ਲਿਆਂਦੀ ਜਾਵੇਗੀ
ਸਪੱਸ਼ਟ ਤੌਰ ’ਤੇ ਦੇਖਿਆ ਜਾਵੇ ਤਾਂ ਭਾਜਪਾ ਸਰਕਾਰ ਮਨੀਪੁਰ ਵਿੱਚ ਮੋਦੀ ਦੇ ਗੁਜਰਾਤ ਮਾਡਲ ਨੂੰ ਹੀ ਦੁਹਰਾ ਰਹੀ ਹੈ। ਗੁਜਰਾਤ ਵਿੱਚ ਮੁਸਲਮਾਨ ਨਿਸ਼ਾਨੇ ਉੱਤੇ ਸਨ ਤੇ ਮਨੀਪੁਰ ਵਿੱਚ ਈਸਾਈ ਭਾਈਚਾਰਾ। ਗੁਜਰਾਤ ਵਿੱਚ ਮਸਜਿਦਾਂ ਜਲਾਈਆਂ ਗਈਆਂ ਸਨ ਤੇ ਮਨੀਪੁਰ ਵਿੱਚ 250 ਤੋਂ ਵੱਧ ਚਰਚ ਜਲਾ ਦਿੱਤੇ ਗਏ ਹਨ। ਮੁਸਲਮਾਨ ਔਰਤਾਂ ਦੇ ਬਲਾਤਕਾਰ ਦਾ ਜਿਹੜਾ ਪੈਟਰਨ ਗੁਜਰਾਤ ਵਿੱਚ ਲਾਗੂ ਕੀਤਾ ਗਿਆ ਸੀ, ਉਹੀ ਮਨੀਪੁਰ ਵਿੱਚ ਜਾਰੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਰਿਹਾ ਕਿ ਮਨੀਪੁਰ ਦੀ ਹਿੰਸਾ ਗੁਜਰਾਤ ਵਾਂਗ ਹੀ ਸਰਕਾਰ ਦੀ ਸਰਪ੍ਰਸਤੀ ਹੇਠ ਚਲ ਰਹੀ ਹੈ। ਸਰਕਾਰੀ ਅਸਲਾਖਾਨੇ ਮੈਤੇਈ ਗੁੰਡਾ ਗਰੋਹਾਂ ਲਈ ਖੋਲ੍ਹ ਦਿੱਤੇ ਗਏ ਸਨ। ਇਸ ਅਣਮਨੁੱਖੀ ਕਾਰੇ ਦੀ ਇੱਕ ਪੀੜਤ ਨੇ ਬਿਆਨ ਦਿੱਤਾ ਹੈ ਕਿ ਪੁਲਸ ਨੇ ਉਨ੍ਹਾਂ ਨੂੰ ਜੰਗਲ ਵਿੱਚੋਂ ਫੜ ਕੇ ਮੈਤੇਈ ਭੀੜ ਦੇ ਹਵਾਲੇ ਕੀਤਾ ਸੀ। ਇਹੋ ਨਹੀਂ 4 ਮਈ ਨੂੰ ਵਾਪਰੇ ਇਸ ਘਿਨੌਣੇ ਕਾਂਡ ਉੱਤੇ ਸਰਕਾਰ ਤੇ ਪ੍ਰਸ਼ਾਸਨ ਨੇ 75 ਦਿਨ ਪਰਦਾ ਪਾਈ ਰੱਖਿਆ ਤੇ ਕਿਸੇ ਵੀ ਦੋਸ਼ੀ ਨੂੰ ਗਿ੍ਰਫ਼ਤਾਰ ਨਾ ਕੀਤਾ। ਤੇ ਜਦੋਂ ਵੀਡੀਓ ਵਾਇਰਲ ਹੋ ਗਈ ਤਦ ਦੋਸ਼ੀ ਝੱਟ ਗਿ੍ਰਫ਼ਤਾਰ ਕੀਤੇ ਗਏ। ਵੈੱਬਸਾਈਟ ਨਿਊਜ਼ਲਾਂਡਰੀ ਨੇ ਇੰਕਸ਼ਾਫ਼ ਕੀਤਾ ਸੀ ਕਿ ਇਸ ਘਟਨਾ ਬਾਰੇ ਦੋ ਮਨੀਪੁਰੀ ਔਰਤਾਂ ਨੇ ਕੌਮੀ ਮਹਿਲਾ ਕਮਿਸ਼ਨ ਨੂੰ 12 ਜੂਨ ਨੂੰ ਹੀ ਸ਼ਿਕਾਇਤ ਕਰ ਦਿੱਤੀ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।
ਦੁਨੀਆ ਭਰ ਵਿੱਚ ਮਨੀਪੁਰ ਦੀਆਂ ਘਟਨਾਵਾਂ ਕਾਰਨ ਹੋ ਰਹੀ ਬਦਨਾਮੀ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਚੁੱਪ ਵੱਟੀ ਰੱਖੀ।
ਹੁਣ ਜਦੋਂ ਮਨੀਪੁਰ ਕਾਂਡ ਨੇ ਸਾਰੇ ਦੇਸ਼ ਨੂੰ ਦਹਿਲਾ ਦਿੱਤਾ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਵਿੱਚ ਸੱਚ ਦਾ ਸਾਹਮਣਾ ਕਰਨ ਦੀ ਥਾਂ ਪ੍ਰੈੱਸ ਕਾਨਫ਼ਰੰਸ ਵਿੱਚ ਗੋਂਗਲੂਆਂ ਤੋਂ ਮਿੱਟੀ ਝਾੜਨ ਵਰਗਾ ਬਿਆਨ ਦੇ ਦਿੱਤਾ ਹੈ। ਮਨੀਪੁਰ ਦੇ ਨਾਲ ਕਾਂਗਰਸ ਸ਼ਾਸਤ ਦੋ ਰਾਜਾਂ ਰਾਜਸਥਾਨ ਤੇ ਛੱਤੀਸਗੜ੍ਹ ਦਾ ਨਾਂਅ ਨਾਲ ਜੋੜ ਕੇ ਮਨੀਪੁਰ ਦੀ ਭਾਜਪਾ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਜਦਕਿ ਮਨੀਪੁਰ ਵਿਚ ਦੋ ਔਰਤਾਂ ਨਾਲ ਛੇੜਛਾੜ ਦੀ ਸ਼ਰਮਨਾਕ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੇਸ਼ ਭਰ ਵਿੱਚ ਇਸ ਘਟਨਾ ਦੀ ਕਾਫੀ ਆਲੋਚਨਾ ਹੋ ਰਹੀ ਹੈ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਘਟਨਾ ਬੀਜੇਪੀ ਲਈ ਖਤਰੇ ਦੀ ਘੰਟੀ ਹਨ, ਕਿਉਂਕਿ ਮਨੀਪੁਰ ਤੇ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਇਸ ਸ਼ਰਮਨਾਕ ਘਟਨਾ ਲਈ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।
ਕਾਰਗਿਲ ਦੀ ਲੜਾਈ ਲੜਨ ਵਾਲੇ ਫੌਜੀ ਅਫਸਰ ਦੀ ਪਤਨੀ ਨਾਲ ਬਲਾਤਕਾਰ
ਮਨੀਪੁਰ ਵਿਚ ਭੀੜ ਨੇ ਜਿਨ੍ਹਾਂ ਦੋ ਔਰਤਾਂ ਨੂੰ ਨਿਰਵਸਤਰ ਘੁਮਾਇਆ ਅਤੇ ਜਿਨਸੀ ਤਸੀਹੇ ਦਿੱਤੇ, ਉਨ੍ਹਾਂ ਵਿੱਚੋਂ ਇਕ ਦੇ ਪਤੀ ਨੇ ਕਾਰਗਿਲ ਦੀ ਲੜਾਈ ਲੜੀ ਸੀ । ਫੌਜ ਵਿਚ ਆਸਾਮ ਰੈਜੀਮੈਂਟ ਦੇ ਸੂਬੇਦਾਰ ਰਹੇ ਪਤੀ ਨੇ ਕਿਹਾ-ਮੈਂ ਕਾਰਗਿਲ ਜੰਗ ਵਿਚ ਦੇਸ਼ ਖਾਤਰ ਲੜਿਆ ਅਤੇ ਸ੍ਰੀਲੰਕਾ ਵਿਚ ਭਾਰਤੀ ਅਮਨ ਬਹਾਲੀ ਬਲ ਦਾ ਹਿੱਸਾ ਵੀ ਰਿਹਾ । ਮੈਂ ਰਾਸ਼ਟਰ ਦੀ ਰਾਖੀ ਕੀਤੀ ਪਰ ਦੁਖੀ ਹਾਂ ਕਿ ਰਿਟਾਇਰਮੈਂਟ ਤੋਂ ਬਾਅਦ ਆਪਣੇ ਘਰ, ਪਤਨੀ ਤੇ ਸਾਥੀ ਪਿੰਡ ਵਾਸੀਆਂ ਦੀ ਰਾਖੀ ਨਹੀਂ ਕਰ ਸਕਿਆ । ਮੈਂ ਦੁਖੀ ਹਾਂ ।ਉਸ ਨੇ ਕਿਹਾ ਸੀ-ਚਾਰ ਮਈ ਦੇ ਸਵੇਰ ਭੀੜ ਨੇ ਪਿੰਡ ਦੇ ਕਈ ਘਰ ਸਾੜ ਦਿੱਤੇ, ਦੋ ਔਰਤਾਂ ਨੂੰ ਲੋਕਾਂ ਦੇ ਸਾਹਮਣੇ ਨਿਰਵਸਤਰ ਘੁਮਾਇਆ । ਪੁਲਸ ਮੌਜੂਦ ਸੀ, ਪਰ ਉਸ ਨੇ ਕੁਝ ਨਹੀਂ ਕੀਤਾ । ਮੈਂ ਚਾਹੁੰਦਾ ਹਾਂ ਕਿ ਘਰ ਸਾੜਨ ਵਾਲਿਆਂ ਤੇ ਔਰਤਾਂ ਨੂੰ ਬੇਇੱਜ਼ਤ ਕਰਨ ਵਾਲਿਆਂ ਨੂੰ ਇਬਰਤਨਾਕ ਸਜ਼ਾ ਮਿਲੇ
ਕੁਕੀ ਦੀਆਂ ਔਰਤਾਂ ਨਾਲ ਸ਼ਰੇਆਮ ਅਸ਼ਲੀਲ ਹਰਕਤਾਂ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਫੈਲੀ ਗੁੱਸੇ ਦੀ ਲਹਿਰ ਨੂੰ ਸ਼ਾਂਤ ਕਰਨ ਲਈ ਪ੍ਰਧਾਨ ਮੰਤਰੀ ਨੇ ਕਰੀਬ 30 ਸੈਕਿੰਡ ਦੇ ਆਪਣੇ ਲੰਬੇ ਬਿਆਨ ਵਿੱਚ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਸਾਰੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਮਨੀਪੁਰ ਤੋਂ ਪਹਿਲਾਂ ਉਸ ਨੇ ਰਾਜਸਥਾਨ ਅਤੇ ਛੱਤੀਸਗੜ੍ਹ ਦਾ ਨਾਂ ਲਿਆ। ਪ੍ਰਧਾਨ ਮੰਤਰੀ ਦੇ ਬਿਆਨ ਦਾ ਮਤਲਬ ਇਹ ਹੈ ਕਿ ਜੋ ਤੁਸੀਂ ਦੇਖ ਰਹੇ ਹੋ, ਉਸ ਵਿੱਚ ਕੁਝ ਖਾਸ ਨਹੀਂ ਹੈ, ਦੂਜੇ ਰਾਜਾਂ ਵਿੱਚ ਵੀ ਅਜਿਹਾ ਹੋ ਰਿਹਾ ਹੈ।ਖਾਸ ਕਰਕੇ ਵਿਰੋਧੀ ਸਰਕਾਰਾਂ ਵਾਲੇ ਰਾਜਾਂ ਵਿੱਚ।
ਇਸ ਬਿਆਨ ਵਿੱਚ ਇੱਕ ਇਸ਼ਾਰਾ ਸੀ ਅਤੇ ਇਸਨੂੰ ਭਾਜਪਾ ਨੇਤਾਵਾਂ ਅਤੇ ਮੀਡੀਆ ਨੇ ਸਮਝ ਲਿਆ ਸੀ। ਭਾਜਪਾ ਨੇਤਾ ਸ਼ੋਸ਼ਲ ਮੀਡੀਆ ਤੇ ਟੈਲੀ ਮੀਡੀਆ ਉਪਰ ਪੁੱਛਣ ਲੱਗੇ ਕਿ ਇਹ ਵੀਡੀਓ ਹੁਣੇ ਹੀ ਕਿਉਂ ਪ੍ਰਸਾਰਿਤ ਕੀਤੀ ਗਈ ਹੈ। ਕੁਝ ਭਾਜਪਾਈ ਲੀਡਰ ਇਹ ਵੀ ਕਹਿ ਰਹੇ ਹਨ ਕਿ ਵਿਰੋਧੀ ਧਿਰ ਨੂੰ ਇਸ ਵੀਡੀਓ ਬਾਰੇ ਪਹਿਲਾਂ ਹੀ ਪਤਾ ਸੀ। ਇਸ ਪਿੱਛੇ ਜ਼ਰੂਰ ਕੋਈ ਸਾਜ਼ਿਸ਼ ਹੈ ਕਿ ਵਿਰੋਧੀ ਧਿਰ ਇਸ ਬਹਾਨੇ ਮਣੀਪੁਰ ਨੂੰ ਸੰਸਦ ਵਿੱਚ ਬਹਿਸ ਦਾ ਮੁੱਦਾ ਬਣਾਉਣ ਅਤੇ ਸਰਕਾਰ ਨੂੰ ਲੋੜੀਂਦਾ ਕੰਮ ਨਾ ਕਰਨ ਦੇਣ।
ਗੋਦੀ ਮੀਡੀਆ ਤੇ ਭਾਜਪਾ ਵਲੋਂ ਇਹ ਬਹਿਸ ਦੂਜੇ ਰਾਜਾਂ ਵਿੱਚ ਔਰਤਾਂ ਵਿਰੁੱਧ ਹਿੰਸਾ ਵੱਲ ਕੇਂਦਰਿਤ ਕਰ ਦਿਤੀ ਗਈ । ਸਿਰਫ਼ ਭਾਜਪਾ ਆਗੂ ਹੀ ਨਹੀਂ ,ਗੋਦੀ ਮੀਡੀਆ ਵੀ ਹੁਣ ਮਨੀਪੁਰ ਤੋਂ ਇਲਾਵਾ ਹੋਰ ਰਾਜਾਂ ਵਿੱਚ ਔਰਤਾਂ ਖ਼ਿਲਾਫ਼ ਹਿੰਸਾ ਦੇ ਅੰਕੜੇ ਦਿਖਾ ਰਿਹਾ ਹੈ। ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਸਿਰਫ਼ ਮਣੀਪੁਰ ਦਾ ਨਹੀਂ ਹੈ ,ਵਿਰੋਧੀ ਧਿਰਾਂ ਦੀਆਂ ਸਰਕਾਰਾਂ ਬੰਗਾਲ, ਰਾਜਸਥਾਨ ਵਿਚ ਇਹੀ ਵਾਪਰ ਰਿਹਾ ਹੈ। ਫਿਰ ਇਸ ਦੀ ਗੱਲ ਵਿਰੋਧੀ ਧਿਰਾਂ ਕਿਉਂ ਨਹੀਂ ਕਰ ਰਹੀਆਂ, ਸਿਰਫ ਮਨੀਪੁਰ ਹਿੰਸਾ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ?
ਭਾਜਪਾ ਸਰਕਾਰ ਵਲੋਂ ਟਵਿਟਰ ਨੂੰ ਕਿਹਾ ਗਿਆ ਹੈ ਕਿ ਉਹ ਅਜਿਹੀ ਸਮੱਗਰੀ ਨੂੰ ਪ੍ਰਸਾਰਿਤ ਕਰਨ ਦੀ ਇਜਾਜ਼ਤ ਨਾ ਦੇਣ। ਮਨੀਪੁਰ ਦੇ ਮੁੱਖ ਮੰਤਰੀ ਨੇ ਅਫਸੋਸ ਜਤਾਇਆ ਹੈ ਕਿ ਇਸ ਵੀਡੀਓ ਨੇ ਮਨੀਪੁਰ ਵਰਗੇ ਰਾਜ ਦੀ ਅਕਸ ਨੂੰ ਖਰਾਬ ਕੀਤਾ ਹੈ ਜਿੱਥੇ ਲੋਕ ਔਰਤਾਂ ਨੂੰ ਮਾਵਾਂ ਸਮਝਦੇ ਹਨ। ਯਾਨੀ ਸਾਰਾ ਕਸੂਰ ਇਸ ਵੀਡੀਓ ਦਾ ਹੈ। ਚਿੰਤਾ ਮਣੀਪੁਰ ਦੇ ਅਕਸ ਨੂੰ ਲੈ ਕੇ ਹੈ। ਪਰ ਔਰਤਾਂ ਦੀ ਇਜ਼ਤ ਤੇ ਨਿਆਂ ਦੇ ਕੋਈ ਅਰਥ ਨਹੀਂ।ਪਰ ਮਨੀਪੁਰ ਦੀ ਬਦਨਾਮੀ ਨਹੀਂ ਹੋਣੀ ਚਾਹੀਦੀ, ਦੁਨੀਆ ਵਿੱਚ ਭਾਰਤ ਦੀ ਇੱਜ਼ਤ ਬਣੀ ਰਹੇ।
ਮਾਮਲਾ ਸਿਰਫ਼ ਦੋ ਔਰਤਾਂ 'ਤੇ ਹੋਈ ਇਸ ਘਿਨਾਉਣੀ ਹਿੰਸਾ ਦਾ ਨਹੀਂ ਹੈ, ਇਹ ਹਜ਼ਾਰਾਂ ਕੁਕੀ ਲੋਕਾਂ ਬਾਰੇ ਭੜਕਾਈ ਸਰਕਾਰੀ ਹਿੰਸਾ ਦਾ ਹੈ। ਇਹ ਸਿਰਫ ਦੋ ਔਰਤਾਂ ਹੀ ਨਹੀਂ, ਕਈ ਔਰਤਾਂ ਨੂੰ ਇਸ ਵਿੱਚ ਜਿਨਸੀ ਹਿੰਸਾ ਦਾ ਸ਼ਿਕਾਰ ਹਨ। ਸੈਂਕੜੇ ਕੂਕੀਜ਼ ਮਾਰੇ ਗਏ ਹਨ। ਹਿੰਸਕ ਭਗਵੇਂ ਗਰੋਹਾਂ ਨੂੰ ਹਥਿਆਰ ਲੁੱਟਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਅਸਲ ਵਿੱਚ ਭਾਜਪਾ ਸਰਕਾਰ ਦੁਆਰਾ ਉਤਸ਼ਾਹਿਤ ਕੀਤੀ ਜਾ ਰਹੀ ਹਿੰਸਾ ਹੈ, ਜੋ ਬਹੁਗਿਣਤੀਵਾਦ ਵਿੱਚ ਵਿਸ਼ਵਾਸ ਰੱਖਦੀ ਹੈ, ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ।ਇਸ ਹਿੰਸਾ ਨੂੰ ਜਾਰੀ ਰੱਖਣ ਦੇਣਾ ਭਾਜਪਾ ਦੀ ਰਾਜਨੀਤੀ ਦੇ ਫਾਇਦੇ ਵਿੱਚ ਹੈ ਕਿਉਂਕਿ ਇਹ ਹਿੰਸਾ ਬਹੁਗਿਣਤੀਵਾਦ ਤੇ ਹਿੰਦੂ ਰਾਸ਼ਟਰਵਾਦ ਨੂੰ ਮਜ਼ਬੂਤ ਕਰਦੀ ਹੈ।
Comments (0)