ਉੱਤਰ-ਪੂਰਬ ਵਿਚ ਭਾਜਪਾ ਨੂੰ ਆਪਣੇ ਦੱਸੇ ਗਏ ਰਸਤੇ 'ਤੇ ਚਲਾਉਣ ਵਿਚ ਸੰਘ ਹੋਇਆ ਨਾਕਾਮ
ਰਾਸ਼ਟਰੀ ਸੋਇਮ ਸੇਵਕ ਸੰਘ ਦੇ ਇਕ ਵੱਡੇ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਇਕ ਕੌਮੀ ਅਖ਼ਬਾਰ ਨੂੰ ਕਿਹਾ ਹੈ ਕਿ ਮਨੀਪੁਰ 'ਚ ਮੈਤੇਈਆਂ ਅਤੇ ਕੁਕੀਆਂ ਵਿਚ ਹੋਣ ਵਾਲੇ ਸੰਘਰਸ਼ ਨੂੰ ਹਿੰਦੂ ਬਨਾਮ ਇਸਾਈ ਦੀ ਲੜਾਈ ਦੇ ਰੂਪ ਵਿਚ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ।
ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਮੈਤੇਈਆਂ ਅਤੇ ਕੁਕੀਆਂ ਵਿਚਾਲੇ ਟਕਰਾਅ ਦਾ ਇਤਿਹਾਸ ਇਸ ਘਟਨਾ ਤੋਂ ਪਹਿਲਾਂ ਦਾ ਨਹੀਂ ਰਿਹਾ, ਮੋਟੇ ਤੌਰ 'ਤੇ ਸੰਘ ਦੇ ਇਸ ਅਧਿਕਾਰੀ ਦੀ ਗੱਲ ਸਹੀ ਹੈ। ਪਰ ਨਾ ਤਾਂ ਉਨ੍ਹਾਂ ਖ਼ੁਦ ਦੱਸਿਆ ਅਤੇ ਨਾ ਹੀ ਉਸ ਅਖ਼ਬਾਰ ਦੇ ਪ੍ਰਤੀਨਿਧੀ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਮਨੀਪੁਰ ਦੀ ਭਾਜਪਾ ਸਰਕਾਰ ਨੇ ਅਜਿਹਾ ਕੀ ਕੀਤਾ ਹੈ, ਜਿਸ ਕਾਰਨ ਮੈਤੇਈਆਂ ਦੀ ਹਿੰਦੂ ਪਛਾਣ ਹਿੰਸਕ ਹੋ ਕੇ ਕੁਕੀਆਂ ਦੀ ਇਸਾਈ ਪਛਾਣ ਦੇ ਖ਼ਿਲਾਫ਼ ਖੜ੍ਹੀ ਹੋ ਗਈ ਹੈ? ਜਿਸ ਹਿੰਸਾ ਦਾ ਕੋਈ ਇਤਿਹਾਸ ਨਹੀਂ ਮਿਲਦਾ, ਉਹ ਕਿੱਥੋਂ ਅਤੇ ਕਿਵੇਂ ਪ੍ਰਗਟ ਹੋ ਗਈ? ਉਨ੍ਹਾਂ ਨੇ ਇਹ ਵੀ ਨਹੀਂ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਇਸ ਘਟਨਾਕ੍ਰਮ ਦੇ ਹਿੰਸਕ ਸਿੱਟਿਆਂ ਦਾ ਸਮਾਂ ਰਹਿੰਦਿਆਂ ਪਹਿਲਾਂ ਅਨੁਮਾਨ ਕਿਉਂ ਨਹੀਂ ਲਗਾ ਸਕੀ? ਜੇਕਰ ਉਹ ਪਹਿਲਾਂ ਅੰਦਾਜ਼ਾ ਨਹੀਂ ਵੀ ਲਗਾ ਸਕੀ ਸੀ ਤਾਂ ਜਦੋਂ ਹਿੰਸਾ ਸ਼ੁਰੂ ਹੋਈ ਤਾਂ ਫਿਰ ਮਨੀਪੁਰ ਦੇ ਮੁੱਖ ਮੰਤਰੀ ਨੂੰ ਸ਼ਾਂਤੀ ਬਹਾਲ ਕਰਨ ਲਈ ਮਜਬੂਰ ਕਿਉਂ ਨਹੀਂ ਕਰ ਸਕੀ? ਦਰਅਸਲ ਮਨੀਪੁਰ ਦੀ ਜਾਤੀ ਹਿੰਸਾ ਭਾਜਪਾ ਦੀ ਹੀ ਅਸਫ਼ਲਤਾ ਨਹੀਂ ਹੈ, ਸਗੋਂ ਇਹ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਵੀ ਅਸਫ਼ਲਤਾ ਹੈ ਅਤੇ ਇਕ ਖ਼ਾਸ ਸੰਦਰਭ ਵਿਚ ਦੇਖੀਏ ਤਾਂ ਇਹ ਅਸਫ਼ਲਤਾ ਸੰਘ ਦੀ ਜ਼ਿਆਦਾ ਵੱਡੀ ਹੈ। ਕਾਰਨ ਇਹ ਹੈ ਕਿ ਸੰਘ ਉੱਤਰ-ਪੂਰਬ 'ਚ ਭਾਜਪਾ ਨੂੰ ਆਪਣੇ ਦੱਸੇ ਗਏ ਰਸਤੇ 'ਤੇ ਚਲਾਉਣ 'ਚ ਨਾਕਾਮ ਹੋ ਚੁੱਕਾ ਹੈ। ਇਸੇ ਸ਼ਰਮ ਤੇ ਸੰਕੋਚ ਦਾ ਨਤੀਜਾ ਹੈ ਕਿ ਉਸ ਦੇ ਨੇਤਾ ਆਪਣੀ ਗੱਲ ਤਾਂ ਕਹਿ ਰਹੇ ਹਨ ਪਰ ਨਾਂਅ ਦੱਸਣ ਲਈ ਤਿਆਰ ਨਹੀਂ ਹਨ।
ਉੱਤਰ-ਪੂਰਬ 'ਤੇ ਨਜ਼ਰ ਰੱਖਣ ਵਾਲੇ ਮਾਹਿਰ ਜਾਣਦੇ ਹਨ ਕਿ ਜੇਕਰ ਸੰਘ ਦੀ ਚੱਲਦੀ ਤਾਂ ਮਨੀਪੁਰ ਦੇ ਮੁੱਖ ਮੰਤਰੀ ਐਨ. ਬਿਰੇਨ ਸਿੰਘ ਨੂੰ ਹਿੰਸਕ ਹਿੰਦੂ ਰਾਸ਼ਟਰਵਾਦ ਦੀ ਰਾਹ 'ਤੇ ਚੱਲਣ ਤੋਂ ਰੋਕ ਦਿੱਤਾ ਜਾਂਦਾ। ਸੰਘ ਉੱਤਰ-ਪੂਰਬ ਦੇ ਮਾਮਲੇ 'ਚ ਬਹੁਤ ਫ਼ੂਕ-ਫ਼ੂਕ ਕੇ ਕਦਮ ਰੱਖਣ ਦਾ ਹਾਮੀ ਸੀ। ਗਊ ਮਾਸ ਖਾਣ ਦੇ ਸਵਾਲ 'ਤੇ ਉਸ ਨੇ ਉੱਥੋਂ ਕਦਮ ਪਿੱਛੇ ਖਿੱਚ ਲਏ ਸਨ। ਇਸੇ ਤਰ੍ਹਾਂ ਅੰਗਰੇਜ਼ੀ ਅਤੇ ਇਸਾਈਅਤ ਦੇ ਸਵਾਲ 'ਤੇ ਵੀ ਉਹ ਉੱਤਰ-ਪੂਰਬ 'ਚ ਮੈਦਾਨੀ ਇਲਾਕਿਆਂ ਵਰਗੀ ਰਾਜਨੀਤੀ ਕਰਨ ਦੇ ਪੱਖ 'ਚ ਨਹੀਂ ਸਨ। ਸੰਘ ਨੂੰ ਇਹ ਵੀ ਪਤਾ ਸੀ ਕਿ ਉੱਤਰ-ਪੂਰਬ ਨੂੰ ਉਸ ਦੇ ਕੋਲ ਆਪਣੀ ਵਿਚਾਰਧਾਰਾ 'ਚ ਪ੍ਰਨਾਏ ਨੇਤਾਵਾਂ ਦੀ ਬਹੁਤ ਘਾਟ ਹੈ। ਅਸਾਮ ਦੇ ਮੁੱਖ ਮੰਤਰੀ ਸਾਰੀ ਜ਼ਿੰਦਗੀ ਕਾਂਗਰਸ 'ਚ ਰਹੇ ਹਨ। ਮਨੀਪੁਰ ਦੇ ਮੁੱਖ ਮੰਤਰੀ ਵੀ ਕਾਂਗਰਸ ਦੀਆਂ ਕਤਾਰਾਂ 'ਚੋਂ ਆਉਂਦੇ ਹਨ। ਤ੍ਰਿਪੁਰਾ ਦੀ ਭਾਜਪਾ ਦਾ ਇਕ ਬਹੁਤ ਵੱਡਾ ਹਿੱਸਾ ਕਾਂਗਰਸ 'ਚੋਂ ਦਲ ਬਦਲੀ ਕਰ ਕੇ ਆਇਆ ਹੈ। ਭਾਵ ਉੱਤਰ-ਪੂਰਬ ਦੇਸ਼ ਦੇ ਦੂਜੇ ਭਾਜਪਾ ਦੇ ਪ੍ਰਭਾਵ ਵਾਲੇ ਇਲਾਕਿਆਂ ਨਾਲੋਂ ਵੱਖਰੀ ਤਰ੍ਹਾਂ ਦਾ ਹੈ। ਇਸ ਤਰ੍ਹਾਂ ਪੂਰੀ ਸਮਝ ਅਤੇ ਸਾਵਧਾਨੀ ਨਾਲ ਚੱਲਣ ਦੇ ਬਾਵਜੂਦ ਅੱਜ ਹਾਲਾਤ ਇਹ ਹਨ ਕਿ ਮਨੀਪੁਰ ਸੜ ਰਿਹਾ ਹੈ ਅਤੇ ਉਸ ਦਾ ਪ੍ਰਭਾਵ ਪੂਰੇ ਉੱਤਰ-ਪੂਰਬ 'ਤੇ ਪੈਣ ਦੀ ਸੰਭਾਵਨਾ ਹੈ। ਸੰਘ ਨੂੰ ਮਜਬੂਰਨ ਮੂੰਹ ਛਿਪਾ ਕੇ ਬਿਆਨ ਦੇਣੇ ਪੈ ਰਹੇ ਹਨ।
ਕੀ ਇਹ ਇਕ ਹੋਰ ਇਸ ਤਰ੍ਹਾਂ ਦੀ ਉਦਾਹਰਨ ਨਹੀਂ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਸੰਘ ਦੇ ਹੱਥ 'ਚੋਂ ਨਿਕਲਦੀ ਜਾ ਰਹੀ ਹੈ। ਮੈਨੂੰ ਯਾਦ ਹੈ ਕਿ ਮੋਦੀ ਦੀ ਚੋਣ ਸਮੇਂ ਸੰਘ ਦੇ ਅੰਦਰ ਖ਼ੁਸ਼ੀ ਦੇ ਨਾਲ-ਨਾਲ ਸ਼ੰਕਾਵਾਂ ਦਾ ਅਹਿਸਾਸ ਵੀ ਸੀ। ਮੈਨੂੰ ਯਾਦ ਹੈ ਕਿ ਜਿਸ ਸਮੇਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਰਹੇ ਸਨ ਅਤੇ ਭਾਜਪਾ ਤੇਜ਼ੀ ਨਾਲ ਬਹੁਮਤ ਵੱਲ ਵਧ ਰਹੀ ਸੀ, ਉਸ ਸਮੇਂ ਏ.ਬੀ.ਪੀ. ਚੈਨਲ 'ਤੇ ਮੇਰੇ ਨਾਲ ਬੈਠੇ ਹੋਏ ਸੰਘ ਦੇ ਇਕ 'ਵਿਚਾਰਕ' (ਟੀ.ਵੀ. 'ਤੇ ਆਉਣ ਵਾਲੇ ਸੰਘ ਦੇ ਸਾਰੇ ਸਮਰਥਕਾਂ ਦੀ ਜਾਣ-ਪਛਾਣ ਬੜੇ ਅਜੀਬ ਤਰ੍ਹਾਂ ਨਾਲ ਵਿਚਾਰਕ ਵਜੋਂ ਹੀ ਕਰਵਾਈ ਜਾਂਦੀ ਹੈ) ਨੇ ਝਿਜਕਦੇ ਹੋਏ ਇਕ ਨੁਕਰ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ ਕਿ ਇਹ ਆਦਮੀ ਸਾਨੂੰ ਉੱਥੇ ਖੜ੍ਹਾ ਕਰ ਦੇਵੇਗਾ। ਜ਼ਾਹਿਰ ਹੈ ਕਿ ਉਸ ਸਮੇਂ ਸੰਘ ਦੇ ਮਨ 'ਚ ਮੋਦੀ ਨੂੰ ਆਪਣੇ ਕਾਬੂ ਵਿਚ ਰੱਖ ਸਕਣ ਜਾਂ ਨਾ ਰੱਖ ਸਕਣ ਨਾਲ ਜੁੜੀਆਂ ਚਿੰਤਾਵਾਂ ਸਨ। ਸੰਘ ਇਹ ਨਹੀਂ ਭੁੱਲ ਸਕਦਾ ਸੀ ਕਿ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ 'ਚ ਮੋਦੀ ਨੇ ਉਸ ਦੇ ਨਿਰਦੇਸ਼ਾਂ ਨੂੰ ਸਪੱਸ਼ਟ ਤੌਰ 'ਤੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ ਸੰਘ ਵਲੋਂ ਭਾਜਪਾ ਦੀ ਅੰਦਰੂਨੀ ਰਾਜਨੀਤੀ 'ਚ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਵਿਰੋਧ ਕੀਤਾ ਗਿਆ ਸੀ। ਬਾਅਦ ਵਿਚ ਵਰਕਰਾਂ ਵਿਚ ਮੋਦੀ ਪ੍ਰਤੀ ਬੇਮਿਸਾਲ ਉਤਸ਼ਾਹ ਦੇਖ ਕੇ ਸੰਘ ਨੇ ਉਨ੍ਹਾਂ ਨੂੰ ਮਜਬੂਰੀ 'ਚ ਹੀ ਸਵੀਕਾਰ ਕੀਤਾ ਸੀ।
ਅਟਲ-ਅਡਵਾਨੀ ਦੇ ਜ਼ਮਾਨੇ ਵਿਚ ਅਜਿਹਾ ਨਹੀਂ ਸੀ। ਉਸ ਸਰਕਾਰ ਵਿਚ ਸੰਘ ਦੇ ਪਸੰਦੀਦਾ ਵਿਅਕਤੀ ਲਾਲ ਕ੍ਰਿਸ਼ਨ ਅਡਵਾਨੀ ਸੱਤਾ 'ਚ ਬਰਾਬਰ ਤੋਂ ਕੁਝ ਘੱਟ ਦੇ ਹੀ ਹਿੱਸੇਦਾਰ ਸਨ ਅਤੇ ਉਸ ਸਮੇਂ ਵੀ ਭਾਰਤੀ ਜਨਤਾ ਪਾਰਟੀ 'ਤੇ ਸੰਘ ਦੇ ਜੀਵਨਦਾਨੀ ਪ੍ਰਚਾਰਕਾਂ ਦੀ ਸੰਗਠਨ ਮੰਤਰੀਆਂ ਵਜੋਂ ਮਜ਼ਬੂਤ ਪਕੜ ਸੀ। ਅੱਜ ਇਹ ਦੇਖ ਕੇ ਥੋੜ੍ਹੀ ਹੈਰਾਨੀ ਹੁੰਦੀ ਹੈ ਕਿ ਉਸ ਸਮੇਂ ਵਾਜਪਾਈ ਅਤੇ ਅਡਵਾਨੀ ਦੀ ਭਾਸ਼ਾ ਅਤੇ ਕਾਰਜਸ਼ੈਲੀ ਖ਼ੁਦ ਪ੍ਰੇਰਿਤ ਸੰਜਮ ਦੇ ਬੰਧਨਾਂ 'ਚ ਬੱਝੀ ਰਹਿੰਦੀ ਸੀ। ਦੋ ਗੱਲਾਂ ਸਨ ਜੋ ਉਨ੍ਹਾਂ ਨੂੰ ਹੱਦਾਂ ਤੋੜਨ ਤੋਂ ਰੋਕਦੀਆਂ ਸਨ : ਪਹਿਲੀ, ਬਹੁਮਤ ਲਈ ਭਾਜਪਾ ਦੀ ਕੌਮੀ ਜਮਹੂਰੀ ਗੱਠਜੋੜ ਦੇ ਭਾਈਵਾਲ ਸੰਗਠਨਾਂ 'ਤੇ ਨਿਰਭਰਤਾ ਅਤੇ ਰਾਸ਼ਟਰਵਾਦ ਗਾਂਧੀ-ਨਹਿਰੂ ਵਿਰਾਸਤ ਦੇ ਦਬਦਬੇ ਦੇ ਜਾਰੀ ਰਹਿਣ ਕਾਰਨ ਸੰਕੋਚ। 2004 ਅਤੇ ਫਿਰ 2009 'ਚ ਚੋਣਾਂ ਹਾਰਨ ਨਾਲ ਭਾਜਪਾ ਨੂੰ ਦੁੱਖ ਤਾਂ ਬਹੁਤ ਹੋਇਆ ਹੋਵੇਗਾ, ਪਰ ਉਸ ਨੂੰ ਕੀ ਪਤਾ ਸੀ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਦਸ ਸਾਲ ਦੇ ਕੁਸ਼ਾਸਨ ਕਾਲ 'ਚ ਕਾਂਗਰਸ ਨਾ ਸਿਰਫ਼ ਉਸ ਦੀ ਵਾਪਸੀ ਲਈ ਰਾਹ ਸਾਫ਼ ਕਰੇਗੀ, ਸਗੋਂ ਉਹ ਧਰਮਨਿਰਪੱਖਤਾ ਦੀ ਵਿਵਹਾਰਕ ਰਾਜਨੀਤੀ ਨੂੰ ਏਨਾ ਖੋਖਲਾ ਕਰ ਦੇਵੇਗੀ ਕਿ ਰਾਸ਼ਟਰਵਾਦ ਦੀ ਗਾਂਧੀ-ਨਹਿਰੂ ਵਿਰਾਸਤ ਦੇ ਦਬਦਬੇ 'ਤੇ ਹੀ ਸਵਾਲੀਆ ਨਿਸ਼ਾਨ ਲੱਗ ਜਾਵੇਗਾ। ਅੱਜ ਉਹ ਵਿਰਾਸਤ ਪ੍ਰਭਾਵਹੀਣ ਹੋ ਚੁੱਕੀ ਹੈ। ਪਰ, ਉਸ ਦੇ ਨਾਲ-ਨਾਲ ਇਕ ਨਵੀਂ ਘਟਨਾ ਵੀ ਵਾਪਰੀ ਹੈ। ਸੰਘ ਦੀ ਆਪਣੀ ਸੰਗਠਨਾਤਮਕ ਵਿਰਾਸਤ ਅਤੇ ਭਾਜਪਾ 'ਤੇ ਕੰਟਰੋਲ ਰੱਖਣ ਦੀ ਉਸ ਦੀ ਪਰੰਪਰਾ ਪਹਿਲਾਂ ਵਾਂਗ ਪ੍ਰਭਾਵੀ ਨਹੀਂ ਰਹਿ ਗਈ।
ਇੰਜ ਜਾਪਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੰਘ ਦੇ ਕੰਟਰੋਲ 'ਚ ਰਹਿਣ ਤੋਂ ਇਨਕਾਰ ਕਰ ਦਿੱਤਾ ਹੈ। ਸੰਘ ਨੂੰ ਆਪਣਾ ਦਾਇਰਾ ਪਤਾ ਲੱਗ ਚੁੱਕਾ ਹੈ। ਸਮਝਿਆ ਜਾ ਸਕਦਾ ਹੈ ਕਿ ਸਾਧਵੀਆਂ ਅਤੇ ਸਾਧੂਆਂ ਦੇ ਘੱਟ-ਗਿਣਤੀਆਂ ਵਿਰੋਧੀ ਬਿਆਨਾਂ ਦੇ ਨਾਲ-ਨਾਲ ਲਵ ਜਿਹਾਦ, ਘਰ ਵਾਪਸੀ ਅਤੇ ਗਊ ਰੱਖਿਆ ਦੀਆਂ ਮੁਹਿੰਮਾਂ ਸੰਘ ਦੇ ਦਾਇਰੇ ਦੀਆਂ ਗੱਲਾਂ ਹਨ, ਜਿਨ੍ਹਾਂ 'ਚ ਮੋਦੀ ਕੋਈ ਦਖ਼ਲ ਨਹੀਂ ਦਿੰਦੇ। ਨਵਉਦਾਰਤਾਵਾਦੀ ਆਰਥਿਕ ਨੀਤੀਆਂ ਮੋਦੀ ਦੇ ਦਾਇਰੇ 'ਚ ਆਉਂਦੀਆਂ ਹਨ, ਜਿਨ੍ਹਾਂ 'ਤੇ ਸੰਘ ਕੁਝ ਨਹੀਂ ਕਹਿੰਦਾ। ਇਸ ਤਾਲਮੇਲ ਦੀ ਸਭ ਤੋਂ ਬਿਹਤਰ ਉਦਾਹਰਨ ਹੈਦਰਾਬਾਦ ਯੂਨੀਵਰਸਿਟੀ 'ਚ ਵਾਪਰੇ ਰੋਹਿਤ ਵੇਮੁਲਾ ਘਟਨਾਕ੍ਰਮ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਵਾਪਰੀ ਘਟਨਾ ਦੇ ਤੌਰ 'ਤੇ ਸਾਹਮਣੇ ਆ ਚੁੱਕੀ ਹੈ, ਜਿਸ 'ਚ ਸੰਘ ਪਰਿਵਾਰ ਦੇ ਸੰਗਠਨ 'ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ' ਦੇ ਕਹਿਣ 'ਤੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਨੇ ਕਾਰਵਾਈ ਕੀਤੀ ਸੀ। ਦੂਜੇ ਪਾਸੇ ਵਿਦੇਸ਼ੀ ਪੂੰਜੀ ਲਈ ਭਾਰਤੀ ਅਰਥ-ਵਿਵਸਥਾ ਦੇ ਦਰਵਾਜ਼ੇ ਲਗਾਤਾਰ ਖੋਲ੍ਹਦੇ ਚਲੇ ਜਾਣ ਅਤੇ ਹਰ ਕਿਸਮ ਦੀਆਂ ਮਜ਼ਦੂਰ-ਕਿਸਾਨ ਵਿਰੋਧੀ ਨੀਤੀਆਂ ਦੇ ਬਾਵਜੂਦ ਸੰਘ ਨੇ ਸਵਦੇਸ਼ੀ ਜਾਗਰਣ ਮੰਚ, ਭਾਰਤੀ ਕਿਸਾਨ ਸੰਘ ਅਤੇ ਭਾਰਤੀ ਮਜ਼ਦੂਰ ਸੰਘ ਵਲੋਂ ਕੋਈ ਖ਼ਾਸ ਇਤਰਾਜ਼ ਨਹੀਂ ਹੋਣ ਦਿੱਤਾ ਸੀ।
ਇਸ ਵੰਡ ਦੇ ਸਿੱਟੇ ਵਜੋਂ ਸੰਘ ਨੂੰ ਕਾਫ਼ੀ ਕੁਝ ਗੁਆਉਣਾ ਪਿਆ ਹੈ। ਸ਼ੁਰੂ-ਸ਼ੁਰੂ 'ਚ ਹੁੰਦਾ ਇਹ ਸੀ ਕਿ ਕਾਂਗਰਸ ਜਾਂ ਹੋਰ ਪਾਰਟੀਆਂ 'ਚੋਂ ਆਉਣ ਵਾਲੇ ਨੇਤਾਵਾਂ ਨੂੰ ਭਾਜਪਾ ਦੇ ਨਾਲ ਕੀਤੀਆਂ ਗਈਆਂ ਸੌਦੇਬਾਜ਼ੀਆਂ 'ਚ ਜ਼ਿਆਦਾ ਕੁਝ ਨਹੀਂ ਸੀ ਮਿਲਦਾ। ਕਹਾਵਤ ਇਹ ਸੀ ਕਿ ਭਾਜਪਾ 'ਚ ਇਕ ਬਹੁਤ ਵੱਡੀ 'ਫਰੀਜ਼ਰ' ਹੈ, ਜਿਸ 'ਚ ਦਲਬਦਲੀ ਕਰ ਕੇ ਆਏ ਨੇਤਾ ਨੂੰ ਸੁੱਟ ਦਿੱਤਾ ਜਾਂਦਾ ਹੈ। ਉਹ ਉੱਥੇ ਕਈ ਸਾਲਾਂ ਤੱਕ ਪਿਆ ਰਹਿੰਦਾ ਹੈ ਅਤੇ ਸੰਘ ਵਲੋਂ ਭੇਜੇ ਗਏ ਪ੍ਰਚਾਰਕ ਸੰਗਠਨ ਮੰਤਰੀ ਵਜੋਂ ਭਾਜਪਾ ਨੂੰ ਚਲਾਉਂਦੇ ਰਹਿੰਦੇ ਹਨ। ਹੁਣ ਇਹ ਸਥਿਤੀ ਨਹੀਂ ਰਹਿ ਗਈ ਹੈ।
ਭਾਜਪਾ 'ਚ ਸੰਗਠਨ ਦੇ ਵੱਡੇ-ਵੱਡੇ ਅਹੁਦੇ, ਸਰਕਾਰ 'ਚ ਮੰਤਰੀ ਪਦ ਅਤੇ ਮੁੱਖ ਮੰਤਰੀ ਪਦ ਤੱਕ ਦਲਬਦਲੀ ਕਰਕੇ ਆਏ ਲੋਕਾਂ ਨੂੰ ਮਿਲਣ ਲੱਗੇ ਹਨ। ਜ਼ਾਹਿਰ ਹੈ ਕਿ ਇਹ ਭਾਜਪਾ ਉਹ ਨਹੀਂ ਹੈ, ਜਿਸ ਬਾਰੇ ਕਦੇ ਗੁਰੂ ਗੋਲਵਲਕਰ ਨੇ ਕਿਹਾ ਸੀ ਕਿ ਜਨਸੰਘ ਤਾਂ ਗਾਜਰ ਦੀ ਪੁੰਗੀ ਹੈ, ਜਦੋਂ ਤੱਕ ਵਜੇਗੀ, ਉਦੋਂ ਤੱਕ ਵਜਾਵਾਂਗੇ, ਨਹੀਂ ਵਜੇਗੀ ਤਾਂ ਖਾ ਜਾਵਾਂਗੇ। ਭਾਵ ਉਨ੍ਹਾਂ ਦੇ ਕੋਲ ਭਾਜਪਾ ਦੇ ਪੁਰਾਣੇ ਰੂਪ ਜਨਸੰਘ ਨੂੰ ਭੰਗ ਕਰਨ ਦਾ ਬਦਲ ਸੀ। ਅੱਜ ਮੋਹਨ ਭਾਗਵਤ ਕੋਲ ਨਰਿੰਦਰ ਮੋਦੀ ਵਾਲੀ ਭਾਜਪਾ ਨੂੰ ਭੰਗ ਕਰਨ ਦਾ ਬਦਲ ਨਹੀਂ ਰਹਿ ਗਿਆ।
ਪ੍ਰੋਫੈਸਰ ਅਭੈ ਕੁਮਾਰ
-ਲੇਖਕ ਅੰਬੇਡਕਰ ਵਿਸ਼ਵ ਯੂਨੀਵਰਸਿਟੀ, ਦਿੱਲੀ 'ਚ ਪ੍ਰੋਫੈਸਰ
Comments (0)