ਕੇਂਦਰ ਨੇ ਗੈਂਗਸਟਰਾਂ ਨੂੰ ਭਾਰਤ ਵਿਚ ਲਿਆਉਣ ਦੀ ਸਰਗਰਮੀ ਵਿੱਢੀ

ਕੇਂਦਰ ਨੇ ਗੈਂਗਸਟਰਾਂ ਨੂੰ ਭਾਰਤ ਵਿਚ ਲਿਆਉਣ ਦੀ ਸਰਗਰਮੀ ਵਿੱਢੀ

ਗੈਂਗਸਟਰਾਂ ਦੇ ਅੱਡੇ ਪਾਕਿਸਤਾਨ ,ਮਲੇਸ਼ੀਆ, ਹਾਂਗਕਾਂਗ ਤੋਂ ਲੈ ਕੇ ਆਸਟ੍ਰੇਲੀਆ ਤੱਕ ਮੌਜੂਦ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ -ਐਨਆਈਏ ਭਾਰਤ ਦੀਆਂ ਹੋਰ ਏਜੰਸੀਆਂ ਨਾਲ ਮਿਲ ਕੇ ਗੈਂਗਸਟਰਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਇਸ ਸੰਬੰਧ ਵਿਚ ਉਸ ਨੇ ਆਪਰੇਸ਼ਨ ਡਿਮੋਲਿਸ਼ ਵੀ ਚਲਾਇਆ ਹੋਇਆ ਹੈ। ਇਸ ਦੇ ਬਾਵਜੂਦ 28 ਗੈਂਗਸਟਰ ਅਜਿਹੇ ਹਨ ਜੋ ਵਿਦੇਸ਼ਾਂ ਵਿੱਚ ਫਰਾਰ ਹੋਣ ਕਾਰਨ ਐਨਆਈਏ ਦੀ ਪਹੁੰਚ ਤੋਂ ਬਾਹਰ ਹਨ।ਇਹ ਗੈਂਗਸਟਰ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਤੋਂ ਲੈ ਕੇ ਪਾਕਿਸਤਾਨ ਦੀ ਖੁਫੀਆ ਏਜੰਸੀ ਲਈ ਕੰਮ ਕਰਨ ਵਾਲੇ ਰਿੰਦਾ ਤੱਕ ਸ਼ਾਮਲ ਹਨ। ਇਹ ਗੈਂਗਸਟਰ ਦੂਜੇ ਦੇਸ਼ਾਂ ਵਿੱਚ ਰਹਿ ਕੇ ਵੀ ਆਪਣੇ ਗੈਂਗ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੇ ਹਨ। ਲੋੜੀਂਦੇ ਗੈਂਗਸਟਰਾਂ ਵਿੱਚੋਂ ਸਭ ਤੋਂ ਵੱਧ 9 ਕੈਨੇਡਾ ਵਿੱਚ ਲੁਕੇ ਹੋਏ ਹਨ। ਉਸ ਤੋਂ ਬਾਅਦ 5 ਅਮਰੀਕਾ ਵਿੱਚ ਵੀ ਹਨ। ਇੱਕ ਪਾਕਿਸਤਾਨ ਵਿੱਚ ਆਈਐਸਆਈ ਦੀ ਸੁਰੱਖਿਆ ਵਿੱਚ ਹੈ।

ਐਨਆਈਏ ਵੱਲੋਂ ਲੋੜੀਂਦੇ ਗੈਂਗਸਟਰਾਂ ਦੀ ਸੂਚੀ ਹੁਣੇ ਜਿਹੇ ਗ੍ਰਹਿ ਮੰਤਰਾਲੇ ਨੂੰ ਸੌਂਪੀ ਸੀ, ਤਾਂ ਜੋ ਭਾਰਤ ਸਰਕਾਰ ਹੋਰ ਦੇਸਾਂ ਨਾਲ ਸੰਪਰਕ ਕਰਕੇ ਦੇ ਉਹਨਾਂ ਨੂੰ ਗਿ੍ਫਤਾਰ ਕਰ ਸਕੇ। ਸੂਤਰਾਂ ਦਾ ਕਹਿਣਾ ਹੈ ਕਿ ਗ੍ਰਹਿ ਮੰਤਰਾਲੇ ਨੇ ਇਸ ਸਬੰਧ ਵਿਚ ਵਿਦੇਸ਼ ਮੰਤਰਾਲੇ ਨੂੰ ਰਿਪੋਰਟ ਭੇਜ ਦਿੱਤੀ ਹੈ। ਇਸ ਤੋਂ ਬਾਅਦ ਵਿਦੇਸ਼ ਮੰਤਰਾਲਾ ਉਨ੍ਹਾਂ ਦੀ ਗ੍ਰਿਫਤਾਰੀ ਲਈ ਸਰਗਰਮ ਹੋ ਗਿਆ ਹੈ।

ਗੋਲਡੀ ਬਰਾੜ ਮੂਸੇਵਾਲਾ ਕਤਲ ਕਾਂਡ ਦਾ ਮਾਸਟਰ ਮਾਈਂਡ

ਗੋਲਡੀ ਬਰਾੜ ਦਾ ਅਸਲ ਨਾਂ ਸਤਿੰਦਰ ਜੀਤ ਸਿੰਘ ਹੈ। ਅਮਰੀਕਾ ਵਿੱਚ ਲੁਕਿਆ ਹੋਇਆ ਹੈ। ਗੋਲਡੀ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰ ਮਾਈਂਡ ਹੈ।

ਅਨਮੋਲ ਬਿਸ਼ਨੋਈ: ਅਨਮੋਲ ਬਿਸ਼ਨੋਈ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਭਰਾ ਹੈ। ਲਾਰੈਂਸ ਨੇ ਅਮਰੀਕਾ ਵਿੱਚ ਇਸਨੂੰ ਭਜਾ ਦਿਤਾ ਸੀ। ਇਹ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦਾ ਸੀ।

ਹਰਜੋਤ ਸਿੰਘ ਗਿੱਲ:ਹਰਜੋਤ ਸਿੰਘ ਗਿੱਲ ਗੋਲਡੀ ਨਾਲ ਅਮਰੀਕਾ ਵਿੱਚ ਲੁਕਿਆ ਹੋਇਆ ਹੈ। ਗੋਲਡੀ ਦੇ ਇਸ਼ਾਰੇ 'ਤੇ, ਉਸ ਦੇ ਗੁੰਡੇ ਧਮਕੀਆਂ ਦੇਕੇ ਭਾਰਤ ਵਿੱਚ ਫਿਰੌਤੀ ਮੰਗਦੇ ਹਨ।

ਦਰਨ ਕਾਹਲੋ:ਦਰਨ ਕਾਹਲੋ ਦਾ ਅਸਲੀ ਨਾਮ ਦਰਮਨਜੀਤ ਸਿੰਘ ਹੈ। ਇਸ ਦਾ ਸਬੰਧ ਮੂਸੇਵਾਲਾ ਕਤਲ ਕਾਂਡ ਨਾਲ ਵੀ ਹੈ। ਇਹ ਅਮਰੀਕਾ ਵਿੱਚ ਲੁਕਿਆ ਹੋਇਆ ਹੈ।

ਅੰਮ੍ਰਿਤ ਬਲ:ਅੰਮ੍ਰਿਤ ਬਲ ਭਾਰਤ ਵਿੱਚ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਹੈ। ਇਹ ਅਮਰੀਕਾ ਵਿੱਚ ਲੁਕਿਆ ਹੋਇਆ ਹੈ।

ਖੁੱਖਾ ਦੁੱਨੇਕੇ: ਖੁੱਖਾ ਦੁੱਨੇਕੇ ਦਾ ਅਸਲੀ ਨਾਮ ਸੁਖਦੁਲ ਸਿੰਘ ਹੈ। ਇਹ ਕੈਨੇਡਾ ਵਿੱਚ ਅਰਸ਼ ਡੱਲਾ ਲਈ ਕੰਮ ਕਰਦਾ ਹੈ।

ਬਾਬਾ ਡੱਲਾ:ਬਾਬਾ ਡੱਲਾ ਦਾ ਅਸਲੀ ਨਾਮ ਗੁਰਵਿੰਦਰ ਸਿੰਘ ਹੈ। ਇਹ ਕੈਨੇਡਾ ਵਿੱਚ ਰਹਿੰਦਾ ਹੈ। ਇਸ ਉਪਰ ਟਾਰਗੇਟ ਕਿਲਿੰਗ ਦੇ ਦੋਸ਼ ਹਨ।

ਸੈਮ:ਸੈਮ ਦਾ ਅਸਲੀ ਨਾਂ ਸਤਵਿੰਦਰ ਸਿੰਘ ਹੈ ਜੋ ਕਿ ਕੈਨੇਡਾ ਰਹਿੰਦਾ ਹੈ। ਇਹ ਲਾਰੈਂਸ ਦਾ ਸ਼ਾਰਪ ਸ਼ੂਟਰ ਹੈ।

ਸਨੋਵਰ ਢਿੱਲੋਂ: ਸਨੋਵਰ ਢਿੱਲੋਂ ਦਾ ਕਬੱਡੀ ਖਿਡਾਰੀ ਸੰਦੀਪ ਨੰਗਲ ਦੇ ਕਤਲ ਵਿੱਚ ਹੱਥ ਸੀ। ਕਤਲ ਕਰਨ ਤੋਂ ਬਾਅਦ ਉਹ ਕੈਨੇਡਾ ਭੱਜ ਗਿਆ ਸੀ। ਉਹ ਫੋਨ ਰਾਹੀਂ ਪੰਜਾਬ ਅਤੇ ਹਰਿਆਣਾ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ।

ਲਖਵੀਰ ਸਿੰਘ: ਲਖਵੀਰ ਸਿੰਘ ਦਾ ਉਪਨਾਮ ਲੰਡਾ ਭਾਈ ਹੈ। ਭਾਰਤੀ ਖੁਫੀਆ ਏਜੰਸੀ ਅਨੁਸਾਰ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਲਈ ਕੈਨੇਡਾ ਤੋਂ ਕੰਮ ਕਰਦਾ ਹੈ। ਪਰ ਬੱਬਰ ਖਾਲਸਾ ਨੇ ਇਸ ਬਾਰੇ ਕੋਈ ਦਾਅਵਾ ਨਹੀਂ ਕੀਤਾ।

ਅਰਸ਼ ਡੱਲਾ : ਅਰਸ਼ ਡੱਲਾ ਦਾ ਪੂਰਾ ਨਾਮ ਅਰਸ਼ਦੀਪ ਸਿੰਘ ਅਰਸ਼ ਹੈ ਜੋ ਕਿ ਕੈਨੇਡਾ ਵਿੱਚ ਹੈ। ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਅਤੇ ਟਾਰਗੇਟ ਕਿਲਿੰਗ ਦੇ ਉਸ ਉਪਰ ਦੋਸ਼ ਹਨ।

ਰਿੰਕੂ ਬੀਹਲਾ , ਗਗਨਾ ਉਰਫ਼ ਗਗਨਦੀਪ,ਦੀਪਨ ਵਾਂਸ਼ਹਿਰ ਤੇ ਰਮਨ ਜੱਜ ਕੈਨੇਡਾ 'ਵਿਚ ਹੀ ਲੁਕੇ ਹੋਏ ਹਨ ਜੋ ਕਿ ਪੰਜਾਬ ਵਿੱਚ ਫਿਰੌਤੀ ਦਾ ਰੈਕੇਟ ਚਲਾਉਂਦੇ ਹਨ।ਉਹਨਾਂ ਉਪਰ ਟਾਰਗੇਟਿੰਗ ਕਿਲਿੰਗ ਦੇ ਦੋਸ਼ ਹਨ।ਵਿੱਕੀ ਬਰਾੜਾ ਯੂਏਈ ਤੋਂ ਗੈਂਗ ਚਲਾ ਰਿਹਾ ਹੈ।ਰੋਹਿਤ ਗੋਦਾਰਾ ਰਾਜਸਥਾਨ ਦਾ ਰਹਿਣ ਵਾਲਾ ਹੈ। ਯੂਰਪ ਵਿੱਚ ਲੁਕਿਆ ਹੋਇਆ ਹੈ।ਲੱਕੀ ਪਟਿਆਲ ਅਰਮੇਨੀਆ ਵਿੱਚ ਹੈ।ਸਚਿਨ ਥਾਪਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਸੀ। ਅਜ਼ਰਬੈਜਾਨ ਵਿੱਚ ਲੁਕਿਆ ਹੋਇਆ ਹੈ।ਜਗਜੀਤ ਸਿੰਘ ਉਰਫ ਗਾਂਧੀ ਤੇ ਲਾਲੀ ਧਾਰੀਵਾਲ ਮਲੇਸ਼ੀਆ ਵਿੱਚ ਲੁਕਿਆ ਹੋਇਆ ਹੈ।

ਹਰਵਿੰਦਰ ਸਿੰਘ ਰਿੰਦਾ ਭਾਰਤ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ। ਪਾਕਿਸਤਾਨ ਵਿੱਚ ਆਈਐਸਆਈ ਦੀ ਸੁਰੱਖਿਆ ਹੇਠ ਰਹਿ ਰਿਹਾ ਹੈ।ਸੋਨੂੰ ਖੱਤਰੀ ਬ੍ਰਾਜ਼ੀਲ ਵਿੱਚ ਹੈ, ਸੰਦੀਪ ਗਰੇਵਾਲ ਇੰਡੋਨੇਸ਼ੀਆ ਵਿੱਚ ਲੁਕਿਆ ਹੋਇਆ ਹੈ।ਮਨਪ੍ਰੀਤ ਸਿੰਘ ਉਰਫ਼ ਪੀਤਾ ਅਰਸ਼ ਡੱਲਾ ਦਾ ਸੱਜਾ ਹੱਥ ਹੈ। ਫਿਲੀਪੀਨਜ਼ ਵਿੱਚ ਲੁਕਿਆ ਹੋਇਆ ਹੈ।ਹੈਰੀ ਚੱਢਾ ਜਰਮਨੀ ਤੋਂ ਵਸੂਲੀ ਕਰਦਾ ਹੈ।ਜੰਟਾ ਆਸਟਰੇਲੀਆ ਤੇ ਰੋਮੀ ਹਾਂਗਕਾਂਗ ਵਿਚ ਲੁਕਿਆ ਹੋਇਆ ਹੈ।