ਆਪ ਸਰਕਾਰ ਮਨੁੱਖੀ ਅਧਿਕਾਰਾਂ ਤੇ ਸਿਖ ਵਿਰੋਧੀ ਨੀਤੀ ਤਿਆਗੇ--ਸਿੰਘ ਸਾਹਿਬ ਰੋਡੇ

ਕਿਹਾ ਕਿ ਸਿਖ ਨੌਜਵਾਨਾਂ ਉਪਰ ਝੂਠੇ ਮੁਕੱਦਮੇ ਦਰਜ ਕਰਕੇ 'ਆਪ' ਸਰਕਾਰ ਕਰ ਰਹੀ ਹੈ ਮਨੁੱਖੀ ਅਧਿਕਾਰਾਂ ਦਾ ਘਾਣ
ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ-ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆਪ ਸਰਕਾਰ ਮਨੁੱਖੀ ਅਧਿਕਾਰਾਂ ਤੇ ਸਿਖ ਵਿਰੋਧੀ ਨੀਤੀ ਤਿਆਗਣੀ ਚਾਹੀਦੀ ਹੈ। 'ਆਪ' ਸਰਕਾਰ ਸਿੱਖ ਨੌਜਵਾਨਾਂ 'ਤੇ ਝੂਠੇ ਕੇਸ ਦਰਜ ਕਰ ਰਹੀ ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ,ਮੁਲਾਜ਼ਮਾਂ ਦੇ ਜਮਹੂਰੀ ਹੱਕਾਂ ਨੂੰ ਵੀ ਕੁਚਲ ਰਹੀ ਹੈ ।ਉਨ੍ਹਾਂ ਬੀਤੇ ਫਰਵਰੀ ਮਹੀਨੇ ਵਿਚ ਅਜਨਾਲਾ ਥਾਣੇ ਵਿਚ ਵਾਪਰੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 'ਆਪ' ਸਰਕਾਰ ਨੇ ਇਸ ਮਾਮਲੇ ਵਿਚ ਵਾਰਿਸ ਪੰਜਾਬ ਦੇ ਮੁਖੀ ਅੰਮਿ੍ਤਪਾਲ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ (ਐਨ. ਐਸ. ਏ.) ਵਰਗੀਆਂ ਸਖਤ ਧਾਰਾਵਾਂ ਲਗਾ ਕੇ ਉਨ੍ਹਾਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਕਰਕੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਹੈ |।ਉਨ੍ਹਾਂ ਕਿਹਾ ਕਿ ਫੜ੍ਹੇ ਗਏ ਇਨ੍ਹਾਂ ਨੌਜਵਾਨਾਂ ਵਿਚੋਂ ਬਹੁਤਿਆਂ ਨੂੰ ਤਾਂ ਐਨ. ਐਸ. ਏ. ਦਾ ਮਤਲਬ ਤੱਕ ਨਹੀਂ ਪਤਾ ਤੇ ਨਾ ਹੀ ਉਨ੍ਹਾਂ ਕੋਲੋਂ ਕੋਈ ਗੈਰ-ਕਾਨੂੰਨੀ ਹਥਿਆਰ ਹੀ ਬਰਾਮਦ ਹੋਇਆ ਅਤੇ ਨਾ ਹੀ ਉਨ੍ਹਾਂ ਦੇ ਕਿਸੇ ਵਿਦੇਸ਼ੀ ਤਾਕਤ ਨਾਲ ਸੰਬੰਧ ਹੀ ਸਾਬਤ ਹੋਏ ਹਨ ।ਉਨ੍ਹਾਂ ਕਿਹਾ ਕਿ ਸਾਧਾਰਨ ਨੌਜਵਾਨਾਂ ਨੂੰ ਸਖ਼ਤ ਧਾਰਾਵਾਂ ਲਗਾ ਕੇ ਪੰਜਾਬ ਤੋਂ ਬਾਹਰਲੀਆਂ ਜੇਲ੍ਹਾਂ 'ਚ ਡੱਕਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ । ਇਸ ਦੇ ਨਾਲ ਹੀ ਭਾਈ ਰੋਡੇ ਨੇ ਕਿਹਾ ਕਿ 'ਆਪ' ਸਰਕਾਰ ਨੇ ਅਜਨਾਲਾ ਮਾਮਲੇ ਵਿਚ ਕਈ ਅਜਿਹੇ ਨੌਜਵਾਨਾਂ 'ਤੇ ਵੀ ਧਾਰਾ 307 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਅੰਦਰ ਕੀਤਾ ਹੋਇਆ ਹੈ, ਜੋ ਘਟਨਾ ਵਾਲੇ ਦਿਨ ਮੌਕੇ 'ਤੇ ਮੌਜੂਦ ਵੀ ਨਹੀਂ ਸੀ ।ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀਆਂ ਜ਼ਿਆਦਤੀਆਂ ਇਥੇ ਹੀ ਨਹੀਂ ਰੁਕਦੀਆਂ ਸਗੋਂ ਦੋ ਕਦਮ ਹੋਰ ਅੱਗੇ ਤੱਕ ਜਾਂਦੀਆਂ ਹਨ ਤੇ ਪੁਲਿਸ ਵਲੋਂ ਕਈ ਨੌਜਵਾਨਾਂ ਦੇ ਪਰਿਵਾਰਕਾਂ ਮੈਂਬਰਾਂ ਨੂੰ ਵੀ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਭਾਈ ਰੋਡੇ ਨੇ ਕਿਹਾ ਕਿ 'ਆਪ' ਸਰਕਾਰ ਵਲੋਂ ਮੀਡੀਆ ਦਾ ਗਲਾ ਘੁੱਟਣ ਵਿਚ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ।
ਉਨ੍ਹਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਬੇਅਦਬੀਆਂ ਤੇ ਹੋਰਨਾਂ ਮਸਲਿਆਂ 'ਤੇ ਲਏ ਗਏ ਗਲਤ ਫੈਸਲਿਆਂ ਦੀ ਉਨ੍ਹਾਂ ਨੂੰ ਬਿਨਾਂ ਕਿਸੇ ਝਿਜਕ ਦੇ ਸਿੱਧੇ ਤੌਰ 'ਤੇ ਕੌਮ ਕੋਲੋਂ ਮੁਆਫੀ ਮੰਗ ਲੈਣੀ ਚਾਹੀਦੀ ਹੈ ਅਤੇ ਅਜਿਹਾ ਕਰਨ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕਦਾ ਹੈ । ਇਸ ਮੌਕੇ ਭਾਈ ਰੋਡੇ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਨ ਮੌਕੇ 2 ਜੂਨ ਨੂੰ ਸੰਤਾਂ ਦੇ ਜੱਦੀ ਪਿੰਡ ਰੋਡੇ ਵਿਖੇ ਇਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸੰਤ ਸਮਾਜ, ਨਿਰਮਲੇ ਸੰਤ, ਨਿਹੰਗ ਸਿੰਘ ਜਥੇਬੰਦੀਆਂ, ਸਿੰਘ ਸਭਾਵਾਂ, ਸੰਤ ਮਹਾਂਪੁਰਸ਼, ਇਲਾਕੇ ਦੀਆਂ ਪ੍ਰਮੁੱਖ ਤੇ ਕਈ ਹੋਰ ਧਾਰਮਿਕ ਸ਼ਖਸੀਅਤਾਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨਗੀਆਂ ।
Comments (0)