ਗੁਰਦੁਆਰਾ ਸੁਧਾਰ ਲਹਿਰ ਵਿਚ  ਨਨਕਾਣਾ ਸਾਹਿਬ ਦਾ ਸਾਕਾ ਨਿਸ਼ਕਾਮ ਕੁਰਬਾਨੀ ਦੀ ਅਦੁੱਤੀ ਮਿਸਾਲ- ਜਥੇਦਾਰ ਹਰਪ੍ਰੀਤ ਸਿੰਘ

ਗੁਰਦੁਆਰਾ ਸੁਧਾਰ ਲਹਿਰ ਵਿਚ  ਨਨਕਾਣਾ ਸਾਹਿਬ ਦਾ ਸਾਕਾ ਨਿਸ਼ਕਾਮ ਕੁਰਬਾਨੀ ਦੀ ਅਦੁੱਤੀ ਮਿਸਾਲ- ਜਥੇਦਾਰ ਹਰਪ੍ਰੀਤ ਸਿੰਘ

ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਵਲੋਂ ਸ਼ਹੀਦਾਂ ਨੂੰ ਸਮਰਪਿਤ ਸਮਾਗਮ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ-ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ 'ਤੇ ਮਨਾਏ ਤਿੰਨ ਦਿਨਾਂ ਸਮਾਗਮ ਦੀ ਸਮਾਪਤੀ ਮੌਕੇ ਵਿਸ਼ੇਸ਼ ਸੱਦੇ 'ਤੇ ਪਾਕਿ ਪਹੁੰਚੇ  ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਲਈ ਸਾਕਾ  ਨਨਕਾਣਾ ਸਾਹਿਬ ਬਹੁਤ ਵੱਡਾ ਤੇ ਮਹੱਤਵਪੂਰਨ ਦਿਹਾੜਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ 'ਚ ਸ੍ਰੀ ਨਨਕਾਣਾ ਸਾਹਿਬ ਦਾ ਸਾਕਾ ਆਪਾ-ਵਾਰਨ ਤੇ ਨਿਸ਼ਕਾਮ ਕੁਰਬਾਨੀ ਦੀ ਅਦੁੱਤੀ ਮਿਸਾਲ ਹੈ। ਈ.ਟੀ.ਪੀ.ਬੀ. ਦੇ ਵਧੀਕ ਸਕੱਤਰ ਰਾਣਾ ਸ਼ਾਹਿਦ ਸਲੀਮੀ ਨੇ ਸਾਕਾ ਨਨਕਾਣਾ ਸਾਹਿਬ ਦੇ ਪਿਛੋਕੜ ਨੂੰ ਸਾਂਝਾ ਕੀਤਾ।

ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਭੋਗ ਉਪਰੰਤ ਹੁਕਮਨਾਮਾ ਸਾਹਿਬ ਦੀ ਸੇਵਾ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿਭਾਈ ਗਈ। ਪੀ.ਐਸ.ਜੀ.ਪੀ.ਸੀ. ਪ੍ਰਧਾਨ ਅਮੀਰ ਸਿੰਘ ਅਤੇ ਲਹਿੰਦੇ ਪੰਜਾਬ ਦੀ ਸੂਬਾਈ ਅਸੈਂਬਲੀ ਦੇ ਪਾਰਲੀਮਾਨੀ ਸਕੱਤਰ ਐਮ.ਪੀ.ਏ. ਮਹਿੰਦਰਪਾਲ ਸਿੰਘ ਨੇ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਸਿੱਖ ਇਤਿਹਾਸ ਦੇ ਇਨ੍ਹਾਂ ਪੰਨਿਆਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਪਰਮਜੀਤ ਸਿੰਘ ਚੰਡੋਕ ਤੇ ਪਰਮਜੀਤ ਸਿੰਘ ਸਰਨਾ ਨੇ ਭਾਰਤ-ਪਾਕਿ ਸਰਕਾਰਾਂ ਨੂੰ ਸ੍ਰੀ ਨਨਕਾਣਾ ਸਾਹਿਬ ਸਾਕੇ ਦੇ ਦਿਹਾੜੇ ਨੂੰ ਪ੍ਰੋਟੋਕਾਲ ਸੂਚੀ 'ਚ ਸ਼ਾਮਿਲ ਕਰਨ ਦੀ ਅਪੀਲ ਕੀਤੀ, ਤਾਂ ਕਿ ਭਾਰਤੀ ਸੰਗਤ ਵੀ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣ ਸਕੇ। ਯੂ.ਕੇ. ਤੋਂ ਪਹੁੰਚੇ ਰਣਜੀਤ ਸਿੰਘ, ਗੁਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਵੀ ਵਿਚਾਰ ਰੱਖੇ। ਇਸ ਮੌਕੇ ਈ.ਟੀ.ਪੀ.ਬੀ. ਦੇ ਸਕੱਤਰ ਡਿਪਟੀ ਸਕੱਤਰ ਇਮਰਾਨ ਗੌਂਦਲ, ਸਤਵੰਤ ਸਿੰਘ, ਹਰਵਿੰਦਰ ਸਿੰਘ ਸਰਨਾ, ਜੋਗਾ ਸਿੰਘ, ਗੋਪਾਲ ਸਿੰਘ ਚਾਵਲਾ, ਡਾ: ਮਿਮਪਾਲ ਸਿੰਘ, ਰਵਿੰਦਰ ਸਿੰਘ, ਸਰਬਤ ਸਿੰਘ, ਡਾ: ਸਾਗਰਜੀਤ ਸਿੰਘ , ਡਿਪਟੀ ਕਮਿਸ਼ਨਰ ਸ੍ਰੀ ਨਨਕਾਣਾ ਸਾਹਿਬ ਸ਼ਾਹਿਦ ਪ੍ਰਵੇਜ਼, ਡੀ.ਪੀ.ਓ. ਮਨਸੂਰ ਅਮਾਨ, ਮੁਦਸਰ ਬੱਟ, ਮਿਨਹਾਜ਼ ਉਲ ਕੁਰਾਨ  ਆਦਿ ਹਾਜ਼ਰ ਸਨ।