ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿਚ ਸਿਟ ਅੱਗੇ ਪੇਸ਼ ਨਾ ਹੋਇਆ ਸੁਖਬੀਰ ਬਾਦਲ

ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿਚ ਸਿਟ ਅੱਗੇ ਪੇਸ਼ ਨਾ ਹੋਇਆ ਸੁਖਬੀਰ ਬਾਦਲ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਅੱਗੇ ਪੇਸ਼ ਨਹੀਂ ਹੋਏ। ਸ੍ਰੀ ਬਾਦਲ ਨੇ ‘ਸਿਟ’ ਕੋਲੋਂ ਦੋ ਹਫਤੇ ਦਾ ਸਮਾਂ ਮੰਗਦਿਆਂ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਜ਼ੀਰਾ ਵਿੱਚ ਇੱਕ ਫੌਜਦਾਰੀ ਕੇਸ ਦੇ ਮਾਮਲੇ ਵਿੱਚ ਅਦਾਲਤੀ ਪੇਸ਼ੀ ਹੋਣ ਕਾਰਨ ਕੋਟਕਪੂਰਾ ਮਾਮਲੇ ਦੀ ਜਾਂਚ ਲਈ ਉਨ੍ਹਾਂ ਦਾ ਸਿਟ ਮੂਹਰੇ ਪੇਸ਼ ਹੋਣਾ ਸੰਭਵ ਨਹੀਂ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਪੰਜਾਬ ਪੁਲੀਸ ਦੀ ਸਿਟ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਜਾਰੀ ਕੀਤੇ ਗਏ ਸੰਮਨਾਂ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਅਤੇ ਰਵਾਇਤੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਹੀ ਅਕਾਲੀ ਦਲ ਦੇ ਪ੍ਰਧਾਨ ਨੂੰ ਸਿਟ ਨੇ ਪੁੱਛਗਿਛ ਲਈ ਸੱਦਿਆ ਸੀ, ਜਦਕਿ ਸਿਟ ਦਾ ਕੋਈ ਪੱਤਰ, ਸੰਮਨ ਜਾਂ ਨੋਟਿਸ ਅਕਾਲੀ ਦਲ ਦੇ ਪ੍ਰਧਾਨ ਨੂੰ ਨਹੀਂ ਮਿਲਿਆ। ਅਕਾਲੀ ਦਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਕਿਉਂਕਿ ਨਿਆਂ ਪ੍ਰਣਾਲੀ ਵਿੱਚ ਪੂਰਾ ਯਕੀਨ ਰੱਖਦੇ ਹਨ, ਇਸ ਲਈ ਸਿਟ ਵੱਲੋਂ ਸੱਦੇ ਜਾਣ ’ਤੇ ਪੂਰਾ ਸਹਿਯੋਗ ਦਿੱਤਾ ਜਾਵੇਗਾ ਪਰ ਸਿਟ ਦੇ ਮੈਂਬਰਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸੰਮਨ ਜਾਂ ਪੱਤਰ ਮਹਿਜ਼ ਸੋਸ਼ਲ ਮੀਡੀਆ ਰਾਹੀਂ ਹੀ ਦੇਣਾ ਹੈ ਜਾਂ ਸਬੰਧਤ ਵਿਅਕਤੀ ਨੂੰ ਵੀ ਸੌਂਪਣਾ ਹੈ।

ਉਧਰ, ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਅਕਾਲੀ-ਭਾਜਪਾ ਸਰਕਾਰ ਸਮੇਂ ਸਾਲ 2015 ਵਿੱਚ ਵਾਪਰੇ ਕੋਟਕਪੂਰਾ ਗੋਲੀ ਕਾਂਡ ਮੌਕੇ ਸੁਖਬੀਰ ਸਿੰਘ ਬਾਦਲ ਸੂਬੇ ਦੇ ਗ੍ਰਹਿ ਮੰਤਰੀ ਸਨ, ਇਸ ਲਈ ਪੜਤਾਲ ਦੌਰਾਨ ਇਹ ਸਪੱਸ਼ਟ ਹੋਣਾ ਜ਼ਰੂਰੀ ਹੈ ਕਿ ਆਮ ਨਾਗਰਿਕਾਂ ’ਤੇ ਪੁਲੀਸ ਨੂੰ ਗੋਲੀ ਚਲਾਉਣ ਦਾ ਹੁਕਮ ਕਿਸ ਪੱਧਰ ’ਤੇ ਦਿੱਤਾ ਗਿਆ ਸੀ। ਪੁਲੀਸ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਕੋਲੋਂ ਪੁੱਛਗਿਛ ਕਰਨ ਲਈ ਮੁੜ ਤੋਂ ਸੰਮਨ ਜਾਰੀ ਕੀਤਾ ਜਾਵੇਗਾ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਸ੍ਰੀ ਬਾਦਲ ਨੂੰ ਪਹਿਲੀ ਵਾਰ ਬੇਅਦਬੀ ਕਾਂਡ ਨਾਲ ਜੁੜੇ ਗੋਲੀ ਕਾਂਡ ਦੇ ਮਾਮਲੇ ਦੀ ਤਫ਼ਤੀਸ਼ ਲਈ ਪੁੱਛਗਿਛ ਵਾਸਤੇ ਸੱਦਿਆ ਗਿਆ ਸੀ।

ਇਸ ਤੋਂ ਪਹਿਲਾਂ ਪੰਜਾਬ ਪੁਲੀਸ ਦੀ ‘ਸਿਟ’ ਵੱਲੋਂ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਕੋਲੋਂ ਵੀ ਪੁੱਛਗਿਛ ਕੀਤੀ ਗਈ ਸੀ। ਇਸ ਮਾਮਲੇ ਦਾ ਅਹਿਮ ਪਹਿਲੂ ਇਹ ਹੈ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸਿੰਘ ਸੈਣੀ ਕੋਲੋਂ ਇੱਕ ਤੋਂ ਜ਼ਿਆਦਾ ਵਾਰ ਪੁੱਛਗਿਛ ਕੀਤੀ ਗਈ ਸੀ। ਪਰਮਰਾਜ ਸਿੰਘ ਉਮਰਾਨੰਗਲ (ਮੁਅੱਤਲੀ ਅਧੀਨ ਆਈਜੀ) ਅਤੇ ਸੇਵਾਮੁਕਤ ਐੱਸਐੱਸਪੀ ਚਰਨਜੀਤ ਸਿੰਘ ਸਮੇਤ ਕਈ ਪੁਲੀਸ ਅਧਿਕਾਰੀਆਂ ਨੂੰ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਸਿਟ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਸੀ। ਕਾਂਗਰਸ ਸਰਕਾਰ ਸਮੇਂ ਸਿਆਸੀ ਆਗੂਆਂ ਅਤੇ ਪੁਲੀਸ ਅਧਿਕਾਰੀਆਂ ਕੋਲੋਂ ਲਗਾਤਾਰ ਪੁੱਛਗਿਛ ਹੋਣ ਦੇ ਬਾਵਜੂਦ ਇਸ ਮਾਮਲੇ ਦੀ ਜਾਂਚ ਹੁਣ ਤੱਕ ਸਿਰੇ ਨਹੀਂ ਚੜ੍ਹ ਸਕੀ ਹੈ।

ਉਧਰ, ਬਰਗਾੜੀ ਵਿੱਚ ਸਿੱਖ ਜਥੇਬੰਦੀਆਂ ਇਨਸਾਫ਼ ਲਈ ਮੁੜ ਤੋਂ ਲਾਮਬੰਦ ਹੋ ਰਹੀਆਂ ਹਨ ਅਤੇ ਸਰਕਾਰ ਨੇ ਇਨ੍ਹਾਂ ਮਾਮਲਿਆਂ ਦੀ ਤਫ਼ਤੀਸ਼ ਜਲਦੀ ਮੁਕੰਮਲ ਕਰਨ ਦਾ ਵਾਅਦਾ ਕੀਤਾ ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿੱਚ ਵਾਪਰੇ ਬੇਅਦਬੀ ਕਾਂਡ ਦੌਰਾਨ ਹੀ ਕੋਟਕਪੂਰਾ ਵਿੱਚ ਇਕੱਤਰ ਹੋਈ ਸਿੱਖ ਸੰਗਤ ’ਤੇ ਪੁਲੀਸ ਵੱਲੋਂ ਗੋਲੀਆਂ ਚਲਾਏ ਜਾਣ ਕਾਰਨ ਕਈ ਵਿਅਕਤੀ ਜ਼ਖ਼ਮੀ ਹੋ ਗਏ ਸਨ ਜਦੋਂ ਕਿ ਪਿੰਡ ਬਹਿਬਲ ਕਲਾਂ ਵਿੱਚ ਪੁਲੀਸ ਦੀ ਗੋਲੀ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਲੈ ਕੇ ਪਿਛਲੇ ਸੱਤ ਸਾਲਾਂ ਤੋਂ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਸਿਆਸੀ ਵਿਰੋਧੀਆਂ ਵੱਲੋਂ ਲਗਾਤਾਰ ਘੇਰਿਆ ਜਾਂਦਾ ਰਿਹਾ ਹੈ।