ਮਾਮਲਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਚੌਟਾਲਾ ਨੂੰ 4 ਸਾਲ ਦੀ ਸਜ਼ਾ, ਤਿਹਾੜ ਜੇਲ੍ਹ ਲਿਆਂਦਾ 

ਮਾਮਲਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਚੌਟਾਲਾ ਨੂੰ 4 ਸਾਲ ਦੀ ਸਜ਼ਾ, ਤਿਹਾੜ ਜੇਲ੍ਹ ਲਿਆਂਦਾ 

ਅੰਮ੍ਰਿਤਸਰ ਟਾਈਮਜ਼      

ਨਵੀਂ ਦਿੱਲੀ-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਬੀਤੇ ਦਿਨੀ  ਦਿੱਲੀ ਦੀ ਵਿਸ਼ੇਸ਼ ਸੀਬੀਆਈ. ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ ਹੈ | ਇਸ ਦੇ ਨਾਲ ਹੀ ਅਦਾਲਤ ਨੇ ਚੌਟਾਲਾ 'ਤੇ 50 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ । ਅਦਾਲਤ ਨੇ ਚੌਟਾਲਾ ਦੀਆਂ ਚਾਰ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ ।ਰਾਉਜ ਐਵੇਨਿਊ ਅਦਾਲਤ ਦੇ ਵਿਸ਼ੇਸ਼ ਜੱਜ ਵਿਕਾਸ ਢੱਲ ਦੀ ਅਦਾਲਤ ਨੇ ਅਦਾਲਤ ਵਿਚ ਮੌਜੂਦ ਓਮ ਪ੍ਰਕਾਸ਼ ਚੌਟਾਲਾ ਨੂੰ ਤੁਰੰਤ ਹਿਰਾਸਤ ਵਿਚ ਲੈਣ ਦਾ ਨਿਰਦੇਸ਼ ਦਿੱਤਾ ।ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਅਦਾਲਤ ਨੇ ਚੌਟਾਲਾ ਨੂੰ ਦੋਸ਼ੀ ਕਰਾਰ ਦਿੱਤਾ ਸੀ ।ਅਦਾਲਤ ਨੇ ਸੀ. ਬੀ. ਆਈ. ਨੂੰ ਜੁਰਮਾਨੇ ਦੀ ਰਕਮ ਵਿਚੋਂ 5 ਲੱਖ ਰੁਪਏ ਮੁਕੱਦਮੇ ਦੇ ਖਰਚ ਵਜੋਂ ਅਦਾ ਕਰਨ ਲਈ ਕਿਹਾ ਹੈ ।ਚੌਟਾਲਾ ਨੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਦਾਇਰ ਕਰਨ ਲਈ ਦਸ ਦਿਨਾਂ ਦਾ ਸਮਾਂ ਮੰਗਿਆ ਸੀ, ਪਰ ਅਦਾਲਤ ਨੇ ਉਸ ਨੂੰ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਦਿੱਲੀ ਹਾਈ ਕੋਰਟ ਵਿਚ ਅਪੀਲ ਦਾਇਰ ਕਰੇ ।ਅਦਾਲਤ ਨੇ ਆਪਣੇ ਫ਼ੈਸਲੇ 'ਚ ਸੀਬੀਆਈ. ਨੂੰ ਚੌਟਾਲਾ ਦੀ ਹੇਲੀ ਰੋਡ, ਪੰਚਕੂਲਾ, ਗੁਰੂਗ੍ਰਾਮ ਤੇ ਅਸੋਲਾ 'ਚ ਗਲਤ ਢੰਗ ਨਾਲ ਹਾਸਲ ਕੀਤੀ ਅਚੱਲ ਜਾਇਦਾਦ ਨੂੰ ਜ਼ਬਤ ਕਰਨ ਦਾ ਨਿਰਦੇਸ਼ ਦਿੱਤਾ ਹੈ ।ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ ਚੌਟਾਲਾ ਖ਼ਿਲਾਫ਼ ਸਾਲ 2005 ਵਿਚ ਕੇਸ ਦਰਜ ਕੀਤਾ ਸੀ । ਜਾਂਚ ਏਜੰਸੀ ਨੇ 26 ਮਾਰਚ, 2010 ਨੂੰ ਦਾਇਰ ਆਪਣੀ ਚਾਰਜਸ਼ੀਟ ਵਿਚ ਦੋਸ਼ ਲਾਇਆ ਸੀ ਕਿ ਚੌਟਾਲਾ ਨੇ 1993 ਤੋਂ 2006 ਦਰਮਿਆਨ ਆਪਣੀ ਕਾਨੂੰਨੀ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਸੀ । ਸੀ.ਬੀ.ਆਈ. ਵਲੋਂ ਦਰਜ ਐਫ. ਆਈ. ਆਰ. ਮੁਤਾਬਿਕ ਚੌਟਾਲਾ ਨੇ 24 ਜੁਲਾਈ, 1999 ਤੋਂ 5 ਮਈ, 2005 ਤੱਕ ਹਰਿਆਣਾ ਦਾ ਮੁੱਖ ਮੰਤਰੀ ਰਹਿੰਦਿਆਂ ਪਰਿਵਾਰ ਤੇ ਹੋਰਾਂ ਨਾਲ ਮਿਲੀਭੁਗਤ ਕਰਕੇ ਆਮਦਨ ਦੇ ਆਪਣੇ ਜਾਣੇ-ਪਛਾਣੇ ਸਰੋਤ ਤੋਂ ਵੱਧ ਚੱਲ-ਅਚੱਲ ਜਾਇਦਾਦ ਹਾਸਲ ਕੀਤੀ ਸੀ । ਇਹ ਜਾਇਦਾਦ ਚੌਟਾਲਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂਅ 'ਤੇ ਐਕੁਆਇਰ ਕੀਤੀ ਗਈ ਸੀ । ਸੀ.ਬੀ.ਆਈ. ਅਨੁਸਾਰ ਚੌਟਾਲਾ ਨੇ 6.09 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਹੈ, ਜੋ ਉਸ ਦੀ ਆਮਦਨ ਦੇ ਸਰੋਤ ਤੋਂ 189.11 ਫੀਸਦੀ ਵੱਧ ਸੀ ।

 

ਸਜ਼ਾ ਸੁਣਾਏ ਜਾਣ ਤੋਂ ਬਾਅਦ ਓਮ ਪ੍ਰਕਾਸ਼ ਚੌਟਾਲਾ ਨੂੰ ਤਿਹਾੜ ਜੇਲ੍ਹ ਲਿਆਂਦਾ ਗਿਆ ।ਚੌਟਾਲਾ (86) ਦਾ ਜੇਲ੍ਹ ਕੰਪਲੈਕਸ 'ਵਿਚ ਪਹੁੰਚਣ 'ਤੇ ਡਾਕਟਰੀ ਮੁਆਇਨਾ ਕੀਤਾ ਗਿਆ ।ਉਸ ਨੂੰ ਦੋ ਹੋਰ ਕੈਦੀਆਂ ਨਾਲ ਜੇਲ੍ਹ ਨੰਬਰ 2 ਦੀ ਕੋਠੜੀ ਵਿਚ ਰੱਖਿਆ ਜਾਵੇਗਾ ।