ਦੇਸ਼ ਭਗਤ ਕਦੇ ਪੰਥ-ਪ੍ਰਸਤ ਨਹੀਂ ਹੋ ਸਕਦਾ: ਦਲ ਖਾਲਸਾ

ਦੇਸ਼ ਭਗਤ ਕਦੇ ਪੰਥ-ਪ੍ਰਸਤ ਨਹੀਂ ਹੋ ਸਕਦਾ: ਦਲ ਖਾਲਸਾ

ਅੰਮ੍ਰਿਤਸਰ ਟਾਈਮਜ਼

ਜਲੰਧਰ: (ਕਨਵਰਪਾਲ ਸਿੰਘ) : ਦਲ ਖਾਲਸਾ ਦਾ ਮੰਨਣਾ ਹੈ ਕਿ ਜਿਹੜਾ ਵਿਅਕਤੀ ਭਾਜਪਾ ਦੀ ਨਜਰ ਵਿੱਚ ਦੇਸ਼ ਭਗਤ ਹੈ ਉਹ ਕਦੇ ਪੰਥ-ਪ੍ਰਸਤ ਅਤੇ ਪੰਜਾਬ-ਹਿਤੈਸ਼ੀ ਨਹੀਂ ਹੋ ਸਕਦਾ। ਸਿੱਖ ਜਥੇਬੰਦੀ ਨੇ ਇਹ ਟਿੱਪਣੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਉਣ ਵਾਲੀਆਂ ਅਸੈਂਬਲੀ ਚੋਣਾਂ ਵਿੱਚ ਭਾਜਪਾ ਨਾਲ ਹੱਥ ਮਿਲਾਉਣ ਦੇ ਕੀਤੇ ਐਲਾਨ ਦੇ ਜੁਆਬ ਵਿੱਚ  ਹਿੰਦੂਤਵੀ ਪਾਰਟੀ ਵਲੋ ਅਮਰਿੰਦਰ ਨੂੰ ਭਾਰਤ ਦਾ ਸੱਚਾ ਦੇਸ਼ ਭਗਤ ਆਖਣ ‘ਤੇ ਆਪਣੇ  ਪ੍ਰਤੀਕਰਮ ਵਜੋਂ ਕੀਤੀ ਹੈ। ਦਲ ਖ਼ਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ  ਨੇ ਕਿਹਾ ਕਿ ਭਾਜਪਾ ਨਾਲ ਹੱਥ ਮਿਲਾਉਣ ਵਾਲਾ ਵਿਅਕਤੀ ਕਦੇ ਵੀ ਪੰਜਾਬ ਜਾਂ ਪੰਥ ਹਿਤੈਸ਼ੀ ਨਹੀਂ ਹੋ ਸਕਦਾ।ਉਨ੍ਹਾਂ ਸਖਤ ਟਿਪਣੀ ਕਰਦਿਆਂ ਕਿਹਾ ਕਿ ਫਾਸੀਵਾਦੀ ਤੇ ਫਿਰਕੂ ਸੋਚ ਵਾਲੀ ਭਾਜਪਾ ਦੀ ਦੇਸ਼ ਭਗਤੀ ਦੀ ਪਰਿਭਾਸ਼ਾ 'ਤੇ ਖਰਾ ਉਤਰਣ ਵਾਲਾ ਵਿਅਕਤੀ ਆਪਣੇ ਖ਼ਿੱਤੇ, ਧਰਮ, ਵਿਸ਼ਵਾਸ ਅਤੇ ਵੱਖਰੀ ਪਛਾਣ ਪ੍ਰਤੀ ਵਫ਼ਾਦਾਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪੰਥ ਪ੍ਰਸਤਾਂ ਦੀ ਨਜਰ ਵਿੱਚ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਜਾਂ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਸਾਰੇ ਇੱਕੋ ਡਾਲ ਦੇ ਪੰਛੀ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਕੈਪਟਨ ਹਮੇਸ਼ਾ ਹੀ ਪੰਜਾਬ ਵਿੱਚ ਭਾਰਤੀ ਨਿਜਾਮ ਦੇ ਚਹੇਤੇ ਰਹੇ ਹਨ ਕਿਉਂਕਿ ਅਮਰਿੰਦਰ ਨਾ ਸਿਰਫ ਪੁਲਿਸ ਤੇ ਸੁਰਖਿਆ ਏਜੰਸੀਆ ਰਾਹੀ ਸਿੱਖਾਂ ਦੀਆਂ ਜਾਇਜ਼ ਇੱਛਾਵਾਂ ਨੂੰ ਦਬਾਉਣ ਵਿੱਚ ਸਹਾਈ ਹੋਏ, ਬਲਕਿ ਭਾਜਪਾ ਦੇ ਪਾਕਿਸਤਾਨ ਅਤੇ ਮੁਸਲਿਮ ਵਿਰੋਧੀ ਬਿਰਤਾਂਤ ਨੂੰ ਪ੍ਰਚਾਰਣ-ਪ੍ਰਸਾਰਣ ਵਿੱਚ ਵੀ ਮਦਦਗਾਰ ਰਹੇ ਹਨ। ਪਰਮਜੀਤ ਮੰਡ ਨੇ ਕੈਪਟਨ ਅਮਰਿੰਦਰ 'ਤੇ ਭਾਜਪਾ ਸਰਕਾਰ ਦੀ ਸੁਰਖਿਆ ਨੀਤੀ ਨੂੰ ਵਡਿਆਉਣ ਤੇ ਪ੍ਰਚਾਰਣ ਦਾ ਦੋਸ਼ ਲਾਉਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਨਾਲ ਤੁਹਾਡੇ ਰਿਸ਼ਤੇ ਨੂੰ ਭਲੀ ਭਾਂਤ ਸਮਝਦੇ ਹਨ। 

ਕੈਪਟਨ ਨੂੰ ਸੰਬੋਧਨ ਹੁੰਦਿਆਂ ਮੰਡ ਨੇ ਕਿਹਾ ਕਿ ਤੁਸੀਂ ਬਾਰ-ਬਾਰ ਪਾਕਿਸਤਾਨ ਖਿਲਾਫ਼ ਬਿਆਨਬਾਜ਼ੀ ਕਰਕੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਵਿੱਚ ਅੜਿੱਕੇ ਖੜ੍ਹੇ ਕੀਤੇ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਕੈਨੇਡਾ ਦੇ ਜਸਟਿਨ ਟਰੂਡੋ ਦੇ ਖਿਲਾਫ ਬੋਲ-ਕੁਬੋਲ ਬੋਲੇ, ਭਾਰਤੀ ਹਥਿਆਰਬੰਦ ਫੌਜਾਂ ਦੁਆਰਾ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਵੀ ਜਾਇਜ਼ ਠਹਿਰਾਇਆ, ਖਾਸ ਕਰਕੇ ਉਸ ਗੈਰ-ਮਨੁੱਖੀ ਕਾਰੇ ਬਾਰੇ ਤੁਹਾਡਾ ਨਜ਼ਰੀਆ ਬਿਲਕੁਲ ਭਾਜਪਾ ਵਾਲਾ ਹੀ ਸੀ ਜਿਸ ਵਿੱਚ ਭਾਰਤੀ ਫੌਜ ਦੇ ਅਧਿਕਾਰੀ ਨੇ ਆਪਣੀ ਜੀਪ ਦੇ ਅੱਗੇ ਇੱਕ ਕਸ਼ਮੀਰੀ ਨੂੰ ਢਾਲ ਵਜੋਂ ਬੰਨ੍ਹਿਆ ਸੀ। ਮੰਡ ਨੇ ਕਿਹਾ ਕਿ ਕੈਪਟਨ ਦੇ ਇਹ ਸਾਰੇ ਬਿਆਨ ਭਾਜਪਾ ਅਤੇ ਦਿੱਲੀ ਦੇ ਹਾਕਮਾਂ ਨੂੰ ਖੁਸ਼ ਕਰਨ ਲਈ ਸਨ ।