10ਹਜਾਰ ਕਰੋੜ ਦੀ ਮਨੀ ਲਾਂਡਰਿਗ ਦੇ ਦੋਸ਼ ਅਤੇ ਦਾਹੜਾ ਰੰਗਣ ਵਾਲੇ ਮਨਜਿੰਦਰ ਸਿੰਘ ਸਿਰਸਾ ਨੂੰ ਪੰਥ'ਚੋਂ ਕੀਤਾ ਜਾਏ ਬਰਖਾਸਤ: ਸਰਨਾ ਬੰਧੂ 

10ਹਜਾਰ ਕਰੋੜ ਦੀ ਮਨੀ ਲਾਂਡਰਿਗ ਦੇ ਦੋਸ਼ ਅਤੇ ਦਾਹੜਾ ਰੰਗਣ ਵਾਲੇ ਮਨਜਿੰਦਰ ਸਿੰਘ ਸਿਰਸਾ ਨੂੰ ਪੰਥ'ਚੋਂ ਕੀਤਾ ਜਾਏ ਬਰਖਾਸਤ: ਸਰਨਾ ਬੰਧੂ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 17 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਕਾਨਫਰੰਸ ਵਿਚ ਮਨਜਿੰਦਰ ਸਿੰਘ ਸਿਰਸਾ ਤੇ ਗੰਭੀਰ ਇਲਜਾਮ ਲਗਾਂਦਿਆਂ ਕਿਹਾ ਕਿ ਓਹ ਸਿੱਖ ਦੇ ਭੇਸ ਵਿੱਚ ਛੁਪਿਆ ਇੱਕ ਬਹਿਰੂਪੀਆ ਹੈ ਜਿਸਦੇ ਮਨ ਅੰਦਰ ਸਿੱਖੀ ਲਈ ਦਰਦ ਨਹੀ ਸਗੋਂ ਇਹ ਆਪਣੇ ਲਾਲਚ ਲਈ ਕੁਝ ਵੀ ਕਰ ਸਕਦਾ ਹੈ । ਹੁਣ ਬੀਤੇ ਦਿਨੀਂ ਜੋ ਮਨਜਿੰਦਰ ਸਿੰਘ ਸਿਰਸਾ ਦੁਆਰਾ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਪੁੱਤਰ ਨਾਲ ਮਿਲਕੇ ਕੀਤੇ 10 ਹਜਾਰ ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਹੋਇਆ ਹੈ । ਤੇ ਉਸਤੋਂ ਵੀ ਮਾੜੀ ਗੱਲ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੇ ਇਸ ਕੰਮ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਮਾਣਮੱਤੀ ਸੰਸਥਾ ਨੂੰ ਜ਼ਰੀਆ ਬਣਾਇਆ । ਇਸ ਤੋਂ ਸਾਡੀਆਂ ਕਹੀਆਂ ਗੱਲਾਂ ਪੂਰੀ ਤਰ੍ਹਾਂ ਨਾਲ ਤਸਦੀਕ ਹੋਈਆਂ ਹਨ ।  ਇਸ ਨਾਲ ਮਨਜਿੰਦਰ ਸਿੰਘ ਸਿਰਸਾ ਦਾ ਅਸਲ ਚਿਹਰਾ ਪੂਰੀ ਦੁਨੀਆ ਅੱਗੇ ਨੰਗਾ ਹੋਇਆ ਹੈ ਕਿ ਜੋ ਵਿਅਕਤੀ ਕਿਸਾਨ ਅੰਦੋਲਨ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪਣੇ ਆਪ ਨੂੰ ਕਿਸਾਨੀ ਸੰਘਰਸ਼ ਦਾ ਸਭ ਤੋਂ ਵੱਡਾ ਸ਼ੁਭਚਿੰਤਕ ਸਾਬਤ ਕਰ ਰਿਹਾ ਸੀ । ਉਹੀ ਬੰਦਾ ਕਿਸਾਨੀ ਸੰਘਰਸ਼ ਦੇ ਸਭ ਤੋਂ ਮੁੱਖ ਵਿਰੋਧੀ ਕੇਂਦਰੀ ਖੇਤੀਬਾੜੀ ਮੰਤਰੀ ਦੇ ਪੁੱਤਰ ਦੇ ਨਾਲ ਮਿਲਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਕਮੇਟੀ ਦੇ ਖਾਤਿਆਂ ਤੇ ਇਸਦੇ ਨਾਮ ਦੀ ਦੁਰਵਰਤੋਂ ਕਰਕੇ ਸੌਦੇ ਕਰ ਰਿਹਾ ਸੀ । ਇਹੀ ਨਹੀ ਸਿਰਸਾ ਨੇ ਜੋ ਕੋਵਿਡ ਦੌਰਾਨ ਦਿਲ ਸੇ ਸੇਵਾ ਦਾ ਢਕਵੰਜ ਰਚਿਆ ਸੀ, ਉਹ ਵੀ ਸਿਰਫ ਤੇ ਸਿਰਫ ਆਪਣੀਆਂ ਇਹੋ ਜਿਹੀਆਂ ਕਰੂਤਤਾਂ ਨੂੰ ਢੱਕਣ ਵਾਲਾ ਹੀ ਸੀ ਜਿਸਦੇ ਰਾਹੀਂ ਵੀ ਉਹ ਨਿਰੰਤਰ ਹਵਾਲੇ ਦਾ ਪੈਸਾ ਇੱਧਰ ਓਧਰ ਕਰਦਾ ਰਿਹਾ । 

ਹੁਣ ਜਦੋਂ ਸਿਰਸਾ ਦੀਆਂ ਇਹ ਕਾਲੀਆਂ ਕਰਤੂਤਾਂ ਦਾ ਭਾਂਡਾ ਸਰੇ ਬਜ਼ਾਰ ਭੱਨ ਚੁੱਕਿਆ ਹੈ ਤਾਂ ਹੁਣ ਸਮਝ ਆਉਂਦੀ ਹੈ ਕਿ ਦਿੱਲੀ ਕਮੇਟੀ ਦੇ ਅਕਾਉੰਟੈਂਟ ਰਵਿੰਦਰ ਸਿੰਘ ਆਹੂਜਾ ਨੇ ਦਿੱਲੀ ਕਮੇਟੀ ਦੇ ਖਾਤੇ ਦੀਆਂ ਕਿਤਾਬਾਂ ਦੇ ਡਿਲਾਇਟ ਆਡਿਟ ਨੂੰ ਸਾਂਝਾ ਕਰਨ ਲਈ ਸਾਡੇ ਪੱਤਰਾਂ ਦਾ ਕਦੇ ਜਵਾਬ ਕਿਉੰ ਨਹੀਂ ਦਿੱਤਾ। ਕਿਉਂਕਿ ਇਹਨਾਂ ਲੋਕਾਂ ਨੂੰ ਸਿਰਸਾ ਦੁਆਰਾ ਕੀਤੇ ਇਸ ਵੱਡੇ ਘਪਲਿਆਂ ਦੇ ਨਸ਼ਰ ਹੋਣ ਦਾ ਡਰ ਸੀ । ਆਹੂਜਾ ਨੇ ਸਾਡੇ ਬੇਨਤੀਆਂ ਕਰਨ ਦੇ ਬਾਵਜੂਦ ਦਿਲ ਸੇ ਸੇਵਾ ਦੁਆਰਾ ਪੈਦਾ ਕੀਤੇ ਫੰਡਾਂ ਅਤੇ ਉਹਨਾਂ ਦੇ ਬਾਹਰ ਜਾਣ ਦੇ ਵੇਰਵੇ ਕਦੇ ਵੀ ਸਾਂਝੇ ਨਹੀਂ ਕੀਤੇ। ਕਿਉਂਕਿ ਸਿਰਸਾ ਦੀ ਕਰਤੂਤ ਨਸ਼ਰ ਹੁੰਦੀ ਸੀ । 

ਉਨ੍ਹਾਂ ਕਿਹਾ ਕਿ ਹੁਣ ਹੋਏ ਖੁਲਾਸਿਆਂ ਤੋਂ ਅਸੀਂ ਇਹ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਸਿਰਸਾ ਤੇ ਉਸਦੀ ਜੁੰਡਲੀ ਨੇ ਇਸ ਸਾਰੇ ਵਿੱਤੀ ਲੈਣ ਦੇਣ ਲਈ ਦਿੱਲੀ ਕਮੇਟੀ ਦੇ ਜਾਅਲੀ ਖਾਤੇ ਖੋਲ੍ਹੇ ਹਨ। ਇਹ ਸਾਰੇ ਖਾਤੇ ਦਿੱਲੀ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਦੇ ਇਲਾਕਿਆਂ ‘ਚ ਖੋਲ੍ਹੇ ਗਏ ਤਾਂ ਜੋ ਹੋਰਨਾਂ ਮੈਂਬਰਾਂ ਤੇ ਇਹ ਆਪਣੀ ਧੌਂਸ ਜਮ੍ਹਾਂ ਸਕਣ । 

ਸਾਡੇ ਵੇਲੇ ਤੱਕ ਇਹ ਰਵਾਇਤ ਸੀ ਕਿ ਕਮੇਟੀ ਦਾ ਇੱਕੋ ਹੀ ਖਾਤਾ ਹੁੰਦਾ ਸੀ । ਪਰ ਇਹਨਾਂ ਲੋਕਾਂ ਨੇ ਆਪਣੀਆਂ ਲਾਲਸਾਵਾਂ ਲਈ ਕਮੇਟੀ ਦੇ ਛੇ ਖਾਤੇ ਖੋਲ੍ਹੇ ਹੀ ਨਹੀ ਸਗੋਂ ਉਹਨਾਂ ਦੀ ਦੁਰਵਰਤੋਂ ਵੀ ਕੀਤੀ । ਇਹ ਸਾਰਾ ਮਨੀ ਲਾਂਡਰਿਗ ਵਾਲਾ ਪੈਸਾ ਇਹ ਲੋਕ ਕਮੇਟੀ ਦੇ ਖਜਾਨੇ ਵਿੱਚ ਰੱਖਦੇ ਰਹੇ ਤੇ ਫੇਰ ਉੱਥੋਂ ਆਪਣੇ ਲਈ ਕੱਢਦੇ ਰਹੇ । ਇਹਨਾਂ ਲੋਕਾਂ ਨੇ ਸੰਗਤ ਨਾਲ ਧ੍ਰੋਹ ਕਮਾਇਆ ਹੈ । ਜਿਸਦੇ ਲਈ ਇਹ ਬਖਸ਼ੇ ਨਹੀ ਜਾਣੇ ਚਾਹੀਦੇ । ਇਸ ਸਿਰਸਾ ਕਾਲਕਾ ਜੁੰਡਲੀ ਨੇ ਗੁਰੂ ਘਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖਿਆ ਤੇ ਹੋਰ ਅਦਾਰਿਆਂ ਨੂੰ ਸਿਰਫ ਬਰਬਾਦ ਹੀ ਨਹੀਂ ਸਗੋਂ ਬਦਨਾਮ ਵੀ ਕੀਤਾ ਹੈ, ਜਦੋਂ ਅਸੀਂ 2013 ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡਿਆ ਤਾਂ ਉਸ ਵੇਲੇ ਸਲਾਨਾ ਬਜਟ 93 ਕਰੋੜ ਸੀ ਪਰ ਸਿਰਸਾ ਹੋਣੀ 10 ਸਾਲ ਬਾਅਦ ਹੁਣ ਵੀ ਸਲਾਨਾ ਬਜਟ 90 ਕਰੋੜ ਦੱਸਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਲਈ ਸਰਵਉੱਚ ਹੈ । ਇਸ ਲਈ ਸਾਡੀ ਜਥੇਦਾਰ ਸਾਹਿਬ ਨੂੰ ਅਪੀਲ ਹੈ ਕਿ ਗੁਰੂ ਘਰ ਵਿਖੇ ਹੋਏ ਇਸ ਵੱਡੇ ਵਿੱਤੀ ਘਪਲੇ ਦਾ ਨੋਟਿਸ ਲੈਣ ਕਿਉਂਕਿ ਸਿਰਸਾ ਤੇ ਉਸਦੀ ਭ੍ਰਿਸ਼ਟ ਜੁੰਡਲੀ ਨੇ ਗੁਰੂ ਘਰਾਂ ਨੂੰ ਆਪਣੇ ਭ੍ਰਿਸ਼ਟਾਚਾਰ ਤੇ ਗੈਰ ਕਾਨੂੰਨ ਤੇ ਗੈਰ ਇਖਲਾਕੀ ਕੰਮਾਂ ਲਈ ਇੱਕ ਜ਼ਰੀਏ ਵਜੋਂ ਵਰਤਿਆ ਹੈ । ਇਹੀ ਨਹੀਂ ਸਿਰਸਾ ਇਕ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਮੰਨਿਆ ਸੀ ਕਿ ਇਹ ਆਪਣੀ ਦਾੜ੍ਹੀ ਮੁੜ ਕਦੇ ਨਹੀ ਰੰਗੇਗਾ ਤੇ ਪਰ ਇਸਨੇ ਮੁੜਕੇ ਫੇਰ ਤੋਂ ਹਰ ਅਨੈਤਿਕ ਕੰਮ ਕੀਤੇ । ਇਸ ਲਈ ਸਿਰਸਾ ਨੂੰ ਪੰਥ ‘ਚੋਂ ਛੇਕਿਆ ਜਾਣਾ ਚਾਹੀਦਾ ਹੈ । 

ਇਸਦੇ ਨਾਲ ਹੀ ਈਡੀ ਅਤੇ ਹੋਰ ਏਜੰਸੀਆਂ ਨੂੰ ਸਿਰਸਾ, ਆਹੂਜਾ, ਉਸਦੇ ਹੋਰ ਸਾਥੀਆਂ ਤੋਂ ਪੁੱਛਗਿੱਛ ਕਰਨੀ ਚਾਹੀਦੀ ਹੈ ਅਤੇ ਦੋਸ਼ ਦਾਇਰ ਕਰਨੇ ਚਾਹੀਦੇ ਹਨ । ਕਿਉਕਿ ਇਹ ਅਪਰਾਧ ਬਹੁਤ ਹੀ ਸੰਗੀਨ ਹੈ ਤੇ ਕਿਸੇ ਨੂੰ ਵੀ ਕਾਨੂੰਨ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ । ਸਰਕਾਰ ਨੂੰ ਵੀ ਇਹਨਾਂ ਨੂੰ ਸਿੱਖਾਂ ਦੇ ਝੰਡਾ ਬਰਦਾਰ ਦੱਸਣ ਦੀ ਬਜਾਏ ਇਹਨਾਂ ਤੋਂ ਸਮਾ ਰਹਿਦੀਆਂ ਦੂਰੀ ਬਣਾ ਲੈਣੀ ਚਾਹੀਦੀ ਹੈ ਨਹੀਂ ਤੇ ਇਹਨਾਂ ਦੇ ਘਪਲਿਆਂ, ਹਵਾਲਾ ਰਾਹੀਂ ਚੱਲਦੇ ਨਜਾਇਜ਼ ਕਾਲੇ ਕਾਰਨਾਮਿਆਂ ਕਰਕੇ ਸਰਕਾਰ ਦੀ ਬਦਨਾਮੀ ਵੀ ਵਿਸ਼ਵ ਪੱਧਰ ਤੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਬੀਬੀ ਰਣਜੀਤ ਕੌਰ, ਜਤਿੰਦਰ ਸਿੰਘ ਸੋਨੂੰ, ਕਰਤਾਰ ਸਿੰਘ ਚਾਵਲਾ, ਰਮਨਦੀਪ ਸਿੰਘ ਸੋਨੂੰ, ਭੁਪਿੰਦਰ ਸਿੰਘ ਪੀਆਰਓ ਅਤੇ ਹੋਰ ਬਹੁਤ ਮੈਂਬਰ ਹਾਜਿਰ ਸਨ ।