ਆਪ' ਪਾਰਟੀ ਤੋਂ ਪੰਜਾਬੀ ਹੋਣ ਲਗੇ ਦੂਰ , ਦਿੱਲੀ ਰੈਲੀ ਵਿਚ ਪੰਜਾਬੀਆਂ ਦੀ ਘੱਟ ਹਾਜ਼ਰੀ

ਆਪ' ਪਾਰਟੀ ਤੋਂ ਪੰਜਾਬੀ ਹੋਣ ਲਗੇ ਦੂਰ , ਦਿੱਲੀ ਰੈਲੀ ਵਿਚ ਪੰਜਾਬੀਆਂ ਦੀ ਘੱਟ ਹਾਜ਼ਰੀ

*ਕੇਜਰੀਵਾਲ ਨੇ ਕੇਂਦਰੀ ਏਜੰਸੀਆਂ ਤੋਂ ਬਚਣ ਲਈ ਪੰਜਾਬ ਵਿਚ ਪਨਾਹ ਲਈ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ-ਆਮ ਆਦਮੀ ਪਾਰਟੀ ਵਲੋਂ ਬੀਤੇ ਦਿਨੀਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਈ.ਡੀ. ਦੀ ਪੁੱਛਗਿੱਛ ਵਾਲੇ ਦਿਨ ਦਿੱਲੀ ਵਿਖੇ ਰੱਖੇ ਗਏ ਰੋਸ ਮਾਰਚ ਵਿਚ ਪੰਜਾਬ ਦੀ ਹਾਜ਼ਰੀ ਬਹੁਤ ਘੱਟ ਰਹਿਣਾ ਰਾਜਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।  ਕੇਜਰੀਵਾਲ, ਜੋ ਇਸ ਰੋਸ ਮੁਜ਼ਾਹਰੇ ਨੂੰ ਅਸਰਦਾਰ ਸਾਬਤ ਕਰਨਾ ਚਾਹੁੰਦੇ ਸਨ, ਵਲੋਂ ਪੰਜਾਬ ਤੋਂ ਸਾਰੇ ਸੰਸਦ ਮੈਂਬਰ, ਵਿਧਾਇਕਾਂ ਅਤੇ ਪਾਰਟੀ ਆਗੂਆਂ ਨੂੰ ਵਰਕਰਾਂ ਨਾਲ ਇਸ ਮੌਕੇ ਦਿੱਲੀ ਪੁੱਜਣ ਲਈ ਕਿਹਾ ਸੀ, ਪਰ ਪ੍ਰੋਗਰਾਮ ਲਈ ਪਾਰਟੀ ਨਾ ਤਾਂ ਦਿੱਲੀ 'ਚੋਂ ਹੀ ਪਾਰਟੀ ਵਰਕਰ ਲਾਮਬੰਦ ਕਰ ਪਾਈ, ਸਗੋਂ ਪੰਜਾਬ ਤੋਂ ਵੀ ਪਾਰਟੀ ਦੇ ਬਹੁਤ ਥੋੜ੍ਹੇ ਮੰਤਰੀ, ਵਿਧਾਇਕ ਤੇ ਆਗੂ ਦਿੱਲੀ ਨਜ਼ਰ ਆਏ । ਪੰਜਾਬ ਦੇ ਆਗੂਆਂ ਦੇ ਦਿੱਲੀ ਨਾ ਪੁੱਜਣ ਨੂੰ ਲੈ ਕੇ ਰਾਜ ਦੇ ਸਿਆਸੀ ਹਲਕਿਆਂ ਵਿਚ ਕਈ ਤਰ੍ਹਾਂ ਦੇ ਚਰਚੇ ਸਨ ।ਕੁਝ ਹਲਕਿਆਂ ਦਾ ਮੰਨਣਾ ਸੀ ਕਿ ਪੰਜਾਬ ਦੇ ਆਗੂ ਦਿੱਲੀ ਵਿਚ ਜਾ ਕੇ ਨਜ਼ਰਬੰਦ ਹੋਣ ਤੋਂ ਘਬਰਾ ਰਹੇ ਸਨ, ਜਦੋਂ ਕਿ ਕੁਝ ਹਲਕਿਆਂ ਵਲੋਂ ਕੇਂਦਰੀ ਏਜੰਸੀਆਂ ਦੀ ਸਖ਼ਤੀ ਕਾਰਨ ਪਾਰਟੀ ਵਰਕਰਾਂ ਵਿਚਲੀ ਮਾਯੂਸੀ ਨੂੰ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ।ਸਿਆਸੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਵਲੋਂ ਪੰਜਾਬੀ ਨਸ਼ਿਆਂ, ਬੇਅਦਬੀ ,ਰੁਜਗਾਰ ਬਾਰੇ ਕੋਈ ਸਟੈਂਡ ਨਾ ਲੈਣ ਕਾਰਣ ਪੰਜਾਬੀ ਨਿਰਾਸ਼ ਹਨ। ਦਿੱਲੀ ਤੋਂ ਭਾਵੇਂ ਕੁਝ ਵਰਕਰਾਂ ਤੇ ਆਗੂਆਂ ਨੇ ਆਪਣੇ ਆਪ ਨੂੰ ਗਿ੍ਫ਼ਤਾਰੀ ਲਈ ਪੇਸ਼ ਕੀਤਾ ਲੇਕਿਨ ਪੰਜਾਬ ਤੋਂ ਪੁੱਜੇ ਕੁਝ ਗਿਣਤੀ ਆਗੂ ਵੀ ਗਿ੍ਫ਼ਤਾਰੀ ਦੇਣ ਤੋਂ ਕੰਨੀ ਕਤਰਾ ਗਏ । ਪਹਿਲਾਂ ਚਰਚਾ ਸੀ ਕਿ ਕੇਜਰੀਵਾਲ ਤੇ ਭਗਵੰਤ ਮਾਨ ਰੋਸ ਮੁਜ਼ਾਹਰੇ ਦੀ ਖ਼ੁਦ ਅਗਵਾਈ ਕਰਨਗੇ, ਲੇਕਿਨ ਉਕਤ ਦੋਵਾਂ ਆਗੂਆਂ ਵਲੋਂ ਮੁਜ਼ਾਹਰੇ ਦੀ ਅਗਵਾਈ ਵੀ ਨਹੀਂ ਕੀਤੀ ਗਈ । ਸੂਤਰਾਂ ਅਨੁਸਾਰ ਪਾਰਟੀ ਵਰਕਰ ਇਸ ਮੌਕੇ ਮਾਯੂਸੀ ਦੇ ਆਲਮ ਵਿਚ ਨਜ਼ਰ ਆਏ ।ਦਿੱਲੀ ਪੁਲਿਸ ਦੀ ਸਪੈਸ਼ਲ ਬਰਾਂਚ ਜਿਸ ਵਲੋਂ   ਕੇਜਰੀਵਾਲ ਨੂੰ ਪਾਰਟੀ ਵਿਧਾਇਕਾਂ ਦੀ ਖ਼ਰੀਦੋ ਫ਼ਰੋਖ਼ਤ ਦੇ ਦੋਸ਼ਾਂ ਸੰਬੰਧੀ ਦਰਜ ਕੀਤੇ ਗਏ ਨਵੇਂ ਕੇਸ ਦੇ ਸੰਮਨ ਦੇਣ ਲਈ ਉਨ੍ਹਾਂ ਦੇ ਨਿਵਾਸ 'ਤੇ ਲੰਬਾ ਸਮਾਂ ਇੰਤਜ਼ਾਰ ਕੀਤਾ ਗਿਆ, ਲੇਕਿਨ ਕੇਜਰੀਵਾਲ ਉਨ੍ਹਾਂ ਨੂੰ ਨਹੀਂ ਮਿਲ ਸਕੇ  ਕੇਜਰੀਵਾਲ ਮੁੱਖ ਮੰਤਰੀ ਪੰਜਾਬ ਨਾਲ ਪਠਾਨਕੋਟ ਵਿਖੇ ਪ੍ਰਵਾਸੀ ਭਾਰਤੀਆਂ ਦੇ ਪ੍ਰੋਗਰਾਮ ਵਿਚ ਨਜ਼ਰ ਆਏ, ਜਿੱਥੇ ਉਨ੍ਹਾਂ ਦੇ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ । ਇਸ ਤੋਂ ਸਪੱਸ਼ਟ ਸੀ ਕਿ ਕੇਜਰੀਵਾਲ ਕੇਂਦਰੀ ਏਜੰਸੀਆਂ ਤੋਂ ਬਚਣ ਲਈ ਪੰਜਾਬ ਆ ਗਏ ਹਨ ।ਹਾਲਾਂਕਿ ਈ.ਡੀ. ਨੇ ਕੇਜਰੀਵਾਲ ਵਲੋਂ ਲਗਾਤਾਰ ਪੰਜ ਵਾਰ ਸੰਮਨ ਦੇਣ ਦੇ ਬਾਵਜੂਦ ਪੁੱਛਗਿੱਛ ਲਈ ਪੇਸ਼ ਨਾ ਹੋਣ ਕਾਰਨ ਅਦਾਲਤ ਵਿਚ ਪਹੁੰਚ ਕੀਤੀ ਹੈ । ਆਪ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਕੇਂਦਰੀ ਏਜੰਸੀ ਪੁੱਛਗਿੱਛ ਲਈ ਪੇਸ਼ ਹੋਣ 'ਤੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਸਕਦੀ ਹੈ ਜਿਵੇਂ ਕਿ ਪਹਿਲਾਂ ਵੀ ਕਈ ਆਗੂਆਂ ਨਾਲ ਹੋਇਆ ਹੈ ।ਲੇਕਿਨ ਪਾਰਟੀ ਸੂਤਰਾਂ ਦਾ ਦੋਸ਼ ਹੈ ਕਿ ਕੇਂਦਰੀ ਏਜੰਸੀਆਂ ਵਲੋਂ ਕੇਜਰੀਵਾਲ ਦੀ ਗਿ੍ਫ਼ਤਾਰੀ ਦੀ ਸੂਰਤ ਵਿਚ ਭਾਜਪਾ ਪਾਰਟੀ ਵਿਚ ਮਾਯੂਸੀ ਦਾ ਫ਼ਾਇਦਾ ਉਠਾ ਕੇ ਪਾਰਟੀ ਆਗੂਆਂ ਤੇ ਵਿਧਾਇਕਾਂ ਦੀ ਤੋੜ ਭੰਨ ਲਈ ਵੀ ਕੋਸ਼ਿਸ਼ ਕਰ ਸਕਦੀ ਹੈ ।ਦਿਲਚਸਪ ਗੱਲ ਇਹ ਕਿ ਪੰਜਾਬ ਵਿਚ ਵੀ ਪਾਰਟੀ ਵਿਧਾਇਕਾਂ ਨੂੰ ਖ਼ਰੀਦਣ ਦੀਆਂ ਕੋਸ਼ਿਸ਼ਾਂ ਅਤੇ ਕਰੋੜਾਂ ਰੁਪਏ ਦੀਆਂ ਪੇਸ਼ਕਸ਼ਾਂ ਦੇ ਦੋਸ਼ ਲੱਗੇ ਸਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ 5-6 ਮੰਤਰੀਆਂ ਵਲੋਂ ਡੀ.ਜੀ.ਪੀ. ਪੰਜਾਬ ਨੂੰ ਇਸ ਸੰਬੰਧੀ ਸ਼ਿਕਾਇਤ ਵੀ ਦਿੱਤੀ ਗਈ ਸੀ, ਲੇਕਿਨ ਇਸ ਸੰਬੰਧੀ ਵਿਜੀਲੈਂਸ ਨੂੰ ਦਿੱਤੀ ਗਈ ਜਾਂਚ ਵਿਚ ਕੀ ਤੱਥ ਸਾਹਮਣੇ ਆਏ ਇਸ ਸੰਬੰਧੀ ਮਗਰਲੇ ਕੋਈ ਇਕ ਸਾਲ ਤੋਂ ਵੀ ਵੱਧ ਸਮੇਂ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ।ਇਸ ਕੇਸ ਦੀ ਜਾਂਚ ਕਿੱਥੋਂ ਤਕ ਪੁੱਜੀ ਹੈ ਇਸ ਸੰਬੰਧੀ ਵੀ ਸਰਕਾਰ ਨੇ ਕਦੀ ਮੂੰਹ ਨਹੀਂ ਖੋਲ੍ਹਿਆ ।