ਪੰਜਾਬ ਵਿਚ ਪ੍ਰਵਾਸੀਆਂ ਦੀ ਕਾਮਯਾਬੀ ਦੇ ਰਾਜ਼ ਬਾਰੇ ਪੰਜਾਬੀ ਆਤਮ-ਚਿੰਤਨ ਕਰਨ

ਪੰਜਾਬ ਵਿਚ ਪ੍ਰਵਾਸੀਆਂ ਦੀ ਕਾਮਯਾਬੀ ਦੇ ਰਾਜ਼ ਬਾਰੇ ਪੰਜਾਬੀ ਆਤਮ-ਚਿੰਤਨ ਕਰਨ

ਇਕ ਮੋਟੇ ਅੰਦਾਜ਼ੇ ਅਨੁਸਾਰ ਅੱਜ ਪੰਜਾਬ ਵਿਚ ਪ੍ਰਵਾਸੀਆਂ ਦੀ ਗਿਣਤੀ ਕੁੱਲ ਆਬਾਦੀ ਦਾ ਤਕਰੀਬਨ ਛੇਵਾਂ ਹਿੱਸਾ ਹੈ।

ਆਬਾਦੀ ਦਾ ਇਹ ਤਬਾਦਲਾ ਨਵੀਂ ਗੱਲ ਨਹੀਂ, ਪਰ ਪਹਿਲਾਂ ਇਹ ਰਫ਼ਤਾਰ ਨਿਗੂਣੀ ਸੀ। ਹਰੀ ਕ੍ਰਾਂਤੀ ਦੇ ਫਲਸਰੂਪ ਪੈਦਾ ਹੋਏ ਰੁਜ਼ਗਾਰ ਦੇ ਮੌਕਿਆਂ ਦੀ ਤਲਾਸ਼ ਵਿਚ ਪ੍ਰਵਾਸੀ ਖੇਤੀਬਾੜੀ ਦਾ ਕੰਮ ਕਰਨ ਲਈ ਪੰਜਾਬ ਆਉਂਦੇ, ਕੰਮ ਕਰਦੇ ਅਤੇ ਕਮਾਈ ਕਰਕੇ ਪਰਤ ਜਾਂਦੇ ਪਰ ਅੱਜ ਇਹ ਵਰਤਾਰਾ ਬਦਲ ਚੁੱਕਾ ਹੈ। ਇਹ ਪੱਕੇ ਤੌਰ 'ਤੇ ਇਥੇ ਵਸ ਗਏ ਹਨ ਅਤੇ ਇਨ੍ਹਾਂ ਨੇ ਜ਼ਮੀਨਾਂ-ਜਾਇਦਾਦਾਂ ਵੀ ਖ਼ਰੀਦ ਲਈਆਂ ਹਨ। ਕਈ ਸ਼ਹਿਰਾਂ ਵਿਚ ਇਹ ਕੌਂਸਲਰ ਅਤੇ ਪਿੰਡਾਂ ਦੀਆਂ ਪੰਚਾਇਤਾਂ ਵਿਚ ਪੰਚ/ਸਰਪੰਚ ਵੀ ਬਣ ਗਏ ਹਨ। ਪੁਰਾਣੇ ਪ੍ਰਵਾਸੀਆਂ ਦਾ ਕਾਫ਼ੀ ਹੱਦ ਤੱਕ ਪੰਜਾਬੀਕਰਨ ਹੋ ਚੁੱਕਾ ਹੈ। ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਹਨ ਅਤੇ ਉਹ ਪੰਜਾਬੀ ਬੋਲਦੇ ਹਨ। ਚਿੰਤਨ-ਮੰਥਨ ਕਰਨ ਵਾਲੀ ਗੱਲ ਹੈ ਕਿ ਇਨ੍ਹਾਂ ਦੀ ਕਾਮਯਾਬੀ ਦਾ ਰਹੱਸ ਕੀ ਹੈ? ਇਸ ਰਹੱਸ ਦੇ ਕਈ ਪਾਸਾਰ ਹਨ, ਇਨ੍ਹਾਂ ਵਿਚੋਂ ਅੱਜ ਕੁਝ ਇਕ ਦੀ ਗੱਲ ਅਸੀਂ ਇਥੇ ਕਰਨੀ ਚਾਹਾਂਗੇ।

ਸਭ ਤੋਂ ਪਹਿਲਾ ਪ੍ਰਸ਼ਨ ਇਹ ਹੈ ਕਿ ਇਸ ਛੋਟੇ ਜਿਹੇ ਸੂਬੇ ਵਿਚ ਏਡੀ ਵੱਡੀ ਗਿਣਤੀ ਵਿਚ ਇਹ ਕਿਵੇਂ ਆ ਗਏ? ਇਹ ਇਸ ਕਰਕੇ ਹੋਇਆ ਕਿ ਪੰਜਾਬੀਆਂ ਨੇ ਜਿਨ੍ਹਾਂ ਕੰਮਾਂ ਤੋਂ ਪਾਸਾ ਵੱਟ ਲਿਆ ਸੀ, ਉਨ੍ਹਾਂ ਨੇ ਉਨ੍ਹਾਂ ਕੰਮਾਂ ਨੂੰ ਹੱਸ ਕੇ ਅਪਣਾ ਲਿਆ ਅਤੇ ਨਵੇਂ ਖੇਤਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੰਜਾਬੀਆਂ ਦੇ ਕੰਮ ਕਰਨ ਤੋਂ ਮੂੰਹ ਮੋੜਨ ਕਰਕੇ ਕਿਰਤ ਖੇਤਰ ਵਿਚ ਖਲਾਅ ਪੈਦਾ ਹੁੰਦਾ ਗਿਆ ਅਤੇ ਇਸ ਖਲਾਅ ਦੀ ਪੂਰਤੀ ਹਿਤ ਇਹ ਪ੍ਰਵਾਸੀ ਆਏ ਅਤੇ ਆਬਾਦ ਹੋਣੇ ਸ਼ੁਰੂ ਹੋ ਗਏ।

ਖੇਤੀ ਦੇ ਮਸ਼ੀਨੀਕਰਨ ਕਰਕੇ ਪਿੰਡਾਂ ਵਿਚ ਮਜ਼ਦੂਰੀ ਮਿਲਣੀ ਤਕਰੀਬਨ ਖ਼ਤਮ ਹੋ ਗਈ ਅਤੇ ਜਿਹੜੇ ਮੌਕੇ ਬਚੇ, ਉਹ ਪ੍ਰਵਾਸੀਆਂ ਨੇ ਸਾਂਭ ਲਏ। ਸਸਤੀ ਮਜ਼ਦੂਰੀ ਨੇ ਵੀ ਇਨ੍ਹਾਂ ਦੇ ਪੈਰ ਪੱਕੇ ਕਰਨ ਵਿਚ ਮਦਦ ਕੀਤੀ। ਕਿਉਂਕਿ ਇਹ ਘੱਟ ਉਜਰਤ 'ਤੇ ਵੀ ਕੰਮ ਕਰਨ ਲਈ ਤਿਆਰ ਹੋ ਜਾਂਦੇ ਸਨ। ਪੰਜਾਬ ਦੇ ਅਣਸੁਖਾਵੇਂ ਹਾਲਾਤ ਅਤੇ ਬਿਹਤਰ ਜ਼ਿੰਦਗੀ ਜਿਊਣ ਦੀ ਲਾਲਸਾ ਕਾਰਨ ਸ਼ਹਿਰੀਕਰਨ ਅਤੇ ਨਵੀਆਂ ਕਾਲੋਨੀਆਂ ਕਾਇਮ ਕਰਨ ਦੇ ਰੁਝਾਨ ਕਾਰਨ ਮਕਾਨ ਉਸਾਰੀ ਦੇ ਖੇਤਰ ਵਿਚ ਹੁਨਰਮੰਦ ਕਾਰੀਗਰ ਧਾਅ ਕੇ ਪੈ ਗਏ। ਮਕਾਨ ਉਸਾਰੀ ਨਾਲ ਜੁੜੇ ਦੂਜੇ ਕੰਮ ਰਾਜਗਿਰੀ, ਰੰਗ ਰੋਗਨ ਅਤੇ ਪਾਲਿਸ਼, ਪਲੰਬਰ, ਟਾਈਲਾਂ/ਪੱਥਰਾਂ ਦੀ ਲੁਆਈ ਅਤੇ ਰਗੜਾਈ ਆਦਿ ਵਿਚ ਬਹੁਤੇ ਪ੍ਰਵਾਸੀ ਹੀ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਵਪਾਰ, ਛੋਟੀ ਦੁਕਾਨਦਾਰੀ ਅਤੇ ਇਸ ਤਰ੍ਹਾਂ ਦੇ ਹੋਰ ਅਨੇਕ ਕੰਮਾਂ ਵਿਚ ਇਹ ਸਹਿਜੇ-ਸਹਿਜੇ ਪੈਰ ਜਮਾਉਂਦੇ ਗਏ। ਪੰਜਾਬੀ ਮਜ਼ਦੂਰ ਦੀ ਸੋਚ ਅਤੇ ਸਰਕਾਰੀ ਪੱਧਰ ਉੱਪਰ ਉਸ ਨੂੰ ਮਿਲਣ ਵਾਲੀਆਂ ਸਹੂਲਤਾਂ ਨੇ ਵੀ ਉਸ ਨੂੰ ਨੁਕਸਾਨ ਪਹੁੰਚਾਇਆ ਅਤੇ ਦਿਲਚਸਪ ਗੱਲ ਇਹ ਹੈ ਕਿ ਇਸ ਦੀ ਸੋਚ ਅੱਜ ਵੀ ਬਹੁਤੀ ਨਹੀਂ ਬਦਲੀ।

ਲੇਬਰ ਚੌਕ ਵਿਚ ਪੰਜਾਬੀ ਮਜ਼ਦੂਰਾਂ ਦੀਆਂ ਭੀੜਾਂ ਬੇਸ਼ੱਕ ਮਿਲਦੀਆਂ ਹਨ ਪਰ ਉਨ੍ਹਾਂ ਵਿਚੋਂ ਕਿੰਨੇ ਕੁ ਕੰਮ ਕਰਨ ਲਈ ਰਜ਼ਾਮੰਦ ਹੁੰਦੇ ਹਨ? ਇਹ ਆਪਣੇ-ਆਪ ਵਿਚ ਇਕ ਪ੍ਰਸ਼ਨ ਹੈ। ਲੇਬਰ ਚੌਕ ਵਾਲੇ ਕਿਸੇ ਪੰਜਾਬੀ ਮਜ਼ਦੂਰ ਨੂੰ ਕੰਮ ਉੱਪਰ ਲਾਉਣ ਲਈ ਪੁੱਛੋ ਤਾਂ ਉਹ ਪਹਿਲਾ ਸਵਾਲ ਇਹ ਕਰੇਗਾ ਕਿ ਕੰਮ ਕੀ ਹੈ? ਫੇਰ ਦੱਸਿਆ ਹੋਇਆ ਕੰਮ ਉਸ ਨੂੰ ਪਸੰਦ ਆ ਵੀ ਗਿਆ ਤਾਂ ਫਿਰ ਉਜਰਤ ਨੂੰ ਲੈ ਕੇ ਬਹਿਸ ਚੱਲ ਪਵੇਗੀ। ਪ੍ਰਵਾਸੀ ਮਜ਼ਦੂਰ ਇਹ ਸਵਾਲ ਘੱਟ ਹੀ ਕਰੇਗਾ ਅਤੇ ਉਜਰਤ ਬਾਰੇ ਵੀ ਬਹੁਤੀ ਬਹਿਸ ਵਿਚ ਨਹੀਂ ਪਵੇਗਾ।

ਅਦਨੇ ਸਮਝੇ ਜਾਣ ਵਾਲੇ ਜਿਹੜੇ ਕੰਮਾਂ ਤੋਂ ਪੰਜਾਬੀ ਨੱਕ-ਮੂੰਹ ਵੱਟਦੇ ਸਨ, ਅੱਜ ਉਹ ਸਾਰੇ ਕੰਮ ਪ੍ਰਵਾਸੀਆਂ ਨੇ ਸਾਂਭ ਲਏ ਹਨ, ਹਾਲਾਂਕਿ ਇਹ ਕੰਮ ਪੰਜਾਬੀਆਂ ਦੇ ਵੱਡੇ-ਵਡੇਰੇ ਸ਼ੌਕ ਨਾਲ ਕਰਦੇ ਰਹੇ ਸਨ। ਫਲ, ਸਬਜ਼ੀਆਂ ਦੀ ਵਿਕਰੀ ਤਾਂ ਹੁਣ ਸਾਰੀ ਦੀ ਸਾਰੀ ਇਨ੍ਹਾਂ ਦੇ ਕਬਜ਼ੇ ਵਿਚ ਆ ਗਈ ਹੈ। ਰੇਹੜੀਆਂ, ਫੜ੍ਹੀਆਂ ਉੱਪਰ ਆਪਣੀਆਂ ਪਤਨੀਆਂ ਅਤੇ ਧੀਆਂ-ਪੁੱਤਰਾਂ ਨੂੰ ਬਿਠਾ ਕੇ ਇਹ ਆਪ ਕਿਸੇ ਹੋਰ ਕੰਮ ਉੱਪਰ ਜਾ ਲੱਗਦੇ ਹਨ।

ਸ਼ਾਮ ਨੂੰ ਹਰ ਸ਼ਹਿਰ ਵਿਚ ਬਰਗਰ, ਨੂਡਲ, ਚਾਟ-ਪਾਪੜੀਆਂ, ਸ਼ਕਰਗੰਦੀ, ਗੋਲ-ਗੱਪਿਆਂ, ਆਲੂਆਂ ਦੀਆਂ ਟਿੱਕੀਆਂ ਸੰਬੰਧੀ ਲਗਦੀਆਂ ਰੇਹੜੀਆਂ ਉਪਰ ਪ੍ਰਵਾਸੀ ਹੀ ਲੱਭਣਗੇ। ਫੇਰੀਆਂ ਵਾਲੇ ਵੀ ਹੁਣ ਬਹੁਤੇ ਪ੍ਰਵਾਸੀ ਹਨ। ਪੈਂਟਾਂ-ਜੈਕਟਾਂ ਦੀਆਂ ਜਿੱਪਾਂ ਲਗਾਉਣ ਵਾਲੇ, ਝਾੜੂ, ਪੋਚਿਆਂ, ਪਲਾਸਟਿਕ ਦੀਆਂ ਘਰੇਲੂ ਵਰਤੋਂ ਦੀਆਂ ਚੀਜ਼ਾਂ, ਫਰਸ਼ ਜਾਂ ਟਾਈਲਾਂ ਸਾਫ਼ ਕਰਨ ਵਾਲੇ ਸਾਬਣ ਸ਼ੈਂਪੂ-ਵੇਚਣ ਵਾਲੇ, ਰੱਦੀ ਇਕੱਠੀ ਕਰਨ ਵਾਲੇ ਕਬਾੜੀਏ ਸਭ ਦੇ ਸਭ ਪ੍ਰਵਾਸੀ ਹਨ। ਸ਼ਹਿਰਾਂ ਵਿਚ ਦੁਕਾਨਾਂ ਦੇ ਮਾਲਕ ਭਾਵੇਂ ਪੰਜਾਬੀ ਹੋਣ ਪਰ ਸੇਲਜ਼ਮੈਨ ਜਾਂ ਸਹਾਇਕ ਇਹੋ ਪ੍ਰਵਾਸੀ ਹੀ ਹਨ।

ਰੰਗ ਰੋਗਨ ਦੀ ਦੁਕਾਨ ਵਿਚ ਕੰਪਿਊਟਰ ਦੀ ਮਦਦ ਨਾਲ ਰੰਗ ਮੈਚ ਕਰਨ ਵਾਲਾ ਡਾਈਮਾਸਟਰ ਪ੍ਰਵਾਸੀ ਹੀ ਹੋਵੇਗਾ। ਪਿਛਲੇ ਦਿਨੀਂ ਮੇਰੀ ਘਰੇਲੂ ਪਾਣੀ ਵਾਲੀ ਮੋਟਰ ਬੋਰ ਵਿਚ ਫਸ ਗਈ। ਜਿਹੜਾ ਕੱਢਣ ਆਇਆ, ਉਹ ਪ੍ਰਵਾਸੀ ਸੀ ਅਤੇ ਨਾਲ ਦੋ ਤਿੰਨ ਸਹਾਇਕ ਪੰਜਾਬੀ ਮੁੰਡੇ ਸਨ। ਫਰਨੀਚਰ ਦੀ ਦੁਕਾਨ ਜੇ ਪੰਜਾਬੀ ਦੀ ਹੈ ਤਾਂ ਪਾਲਿਸ਼ ਅਤੇ ਰੰਗ ਕਰਨ ਵਾਲਾ ਪ੍ਰਵਾਸੀ ਹੈ। ਇਸੇ ਤਰ੍ਹਾਂ ਸੈਨੇਟਰੀ ਵਸਤਾਂ ਦਾ ਮਾਲਕ ਜੇਕਰ ਪੰਜਾਬੀ ਹੈ ਤਾਂ ਵੱਖ-ਵੱਖ ਆਕਾਰਾਂ ਦੇ ਕਿਲ ਕਾਂਟੇ ਅਤੇ ਚੀਨੀ ਦੀਆਂ ਬਣੀਆਂ ਵਸਤਾਂ ਪ੍ਰਵਾਸੀ ਹੀ ਕੱਢ ਕੇ ਦੇਵੇਗਾ। ਥੋੜ੍ਹਾ ਚਿਰ ਹੋਇਆ ਕਿਸੇ ਕੰਮ ਜਲੰਧਰ ਗਿਆ। ਲਾਡੋਵਾਲੀ ਰੋਡ ਪਹੁੰਚਿਆ। ਯਾਦ ਆਇਆ ਕਿ ਕਾਰ ਦਾ ਪੁਰਾਣਾ ਟਾਇਰ ਲੈਣਾ ਹੈ, ਜਿਸ ਦੁਕਾਨਦਾਰ ਨਾਲ ਸਭ ਤੋਂ ਪਹਿਲਾਂ ਵਾਹ ਪਿਆ ਉਹ ਪ੍ਰਵਾਸੀ ਸੀ। ਲੋੜੀਂਦੇ ਨੰਬਰ ਦਾ ਟਾਇਰ ਉਸ ਕੋਲੋਂ ਨਾ ਮਿਲਿਆ ਪਰ ਜਿਸ ਦੁਕਾਨਦਾਰ ਦਾ ਉਸ ਨੇ ਪਤਾ ਦੱਸਿਆ ਉਸ ਦਾ ਨਾਂਅ ਬੱਚਾ ਯਾਦਵ ਸੀ। ਮੇਰੇ ਸ਼ਹਿਰ ਵਿਚ ਈ-ਰਿਕਸ਼ਿਆਂ ਦੀ ਘੜਮੱਸ ਹੈ ਅਤੇ ਇਹ ਜੇ ਸੌ ਪ੍ਰਤੀਸ਼ਤ ਨਹੀਂ ਤਾਂ ਨੱਬੇ ਪ੍ਰਤੀਸ਼ਤ ਪ੍ਰਵਾਸੀਆਂ ਦੇ ਹਨ। ਮੱਛੀ ਮੰਡੀ ਵਿਚ ਵੀ ਇਨ੍ਹਾਂ ਦਾ ਹੀ ਬੋਲਬਾਲਾ ਹੈ। ਸਾਧਾਰਨ ਕਿਸਮ ਦੇ ਗਲੀਚੇ ਮੈਟ ਜਾਂ ਪਾਇਦਾਨ ਖ਼ਰੀਦਣ ਲਈ ਸ਼ੋਅ ਰੂਮਾਂ ਵਿਚ ਜਾਣ ਦੀ ਲੋੜ ਨਹੀਂ। ਪਲਾਸਟਿਕ ਦੀਆਂ ਕੁਰਸੀਆਂ-ਮੇਜ਼ ਵੀ ਘਰ ਬੈਠਿਆਂ ਮਿਲ ਜਾਣਗੇ। ਗਰਮੀਆਂ ਵਿਚ ਕੁਲਫੀਆਂ ਅਤੇ ਆਈਸਕ੍ਰੀਮ ਵੇਚਣ ਵਾਲੇ, ਸਰਦੀਆਂ ਵਿਚ ਡਰਾਈ ਫਰੂਟ ਵੇਚਦੇ ਹਨ। ਇਹ ਤਾਂ ਉਹ ਮੋਟੇ-ਮੋਟੇ ਧੰਦੇ ਹਨ, ਜਿਨ੍ਹਾਂ ਦਾ ਪੰਜਾਬੀਆਂ ਨੇ ਤ੍ਰਿਸਕਾਰ ਕਰਕੇ ਆਪਣੀ ਕਿਰਤ ਯੋਗਤਾ ਵਿਚੋਂ ਖਾਰਜ ਕਰ ਛੱਡਿਆ ਹੈ। ਹੋਰ ਵੀ ਕਈ ਤਰ੍ਹਾਂ ਦੇ ਧੰਦੇ ਹਨ, ਜੋ ਪੰਜਾਬੀ ਛੱਡ ਚੁੱਕੇ ਹਨ ਤੇ ਉਹ ਧੰਦੇ ਪ੍ਰਵਾਸੀਆਂ ਦੇ ਕੋਲ ਜਾ ਚੁੱਕੇ ਹਨ।

ਇਹ ਕੁਝ ਹਕੀਕਤਾਂ ਹਨ, ਜਿਨ੍ਹਾਂ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਅਤੇ ਇਹ ਪ੍ਰਵਾਸੀਆਂ ਦੀ ਕਾਮਯਾਬੀ ਦੇ ਰਾਜ਼ ਹਨ। ਪੰਜਾਬੀਆਂ ਨੂੰ ਇਨ੍ਹਾਂ ਸਥਿਤੀਆਂ ਦੀ ਸੰਭਾਲ ਕਰਨ ਲਈ ਆਤਮ-ਚਿੰਤਨ ਕਰਨਾ ਪਵੇਗਾ। ਕੰਮ ਤਾਂ ਰੁਕਦੇ ਨਹੀਂ, ਪੰਜਾਬੀ ਕਰਨਗੇ ਜਾਂ ਪ੍ਰਵਾਸੀ ਕਰਨਗੇ। ਕੰਮ ਦੀ ਘਾਟ ਨਹੀਂ ਪਰ ਨਿਘਰ ਰਹੀਆਂ ਕਦਰਾਂ-ਕੀਮਤਾਂ ਅਤੇ ਸੋਚਾਂ ਵਿਚ ਵਿਗਾੜ ਨੇ ਪੰਜਾਬੀਆਂ ਨੂੰ ਤਬਾਹੀ ਕੰਢੇ ਲਿਆ ਖੜ੍ਹਾ ਕੀਤਾ ਹੈ।

 

ਡਾਕਟਰ ਧਰਮ ਸਿੰਘ